ਜਾਣੋ ਕੀਟਨਾਸ਼ਕ ਦਵਾਈਆਂ ਤੋਂ ਬੱਚਣ ਲਈ ਫਲਾਂ ਅਤੇ ਸਬਜ਼ੀਆਂ ਨੂੰ ਕਿਸ ਢੰਗ ਨਾਲ ਚਾਹੀਦੈ ਧੋਣਾ

TeamGlobalPunjab
6 Min Read

ਨਿਊਜ਼ ਡੈਸਕ (ਮੋਨਿਕਾ ਮਹਾਜਨ, ਗੁਰਪ੍ਰੀਤ ਕੌਰ ਢਿੱਲੋਂ ): ਕੀਟਨਾਸ਼ਕ ਫਸਲਾਂ ਨੂੰ ਬਿਮਾਰੀ ਮੁਕਤ ਕਰਨ ਅਤੇ ਵਧੇਰੇ ਝਾੜ ਪ੍ਰਾਪਤ ਕਰਨ ਲਈ, ਸਾਡੇ ਫਸਲੀ ਚੱਕਰ ਦਾ ਇਕ ਅਨਿੱਖੜਵਾਂ ਅੰਗ ਬਣ ਗਏ ਹਨ ।ਪਰ ਫਲਾਂ ਅਤੇ ਸਬਜ਼ੀਆਂ ਦੀ ਸਤਹ `ਤੇ ਇਸ ਦੀ ਰਹਿੰਦ-ਖੂੰਹਦ, ਮਨੁੱਖੀ ਸਿਹਤ ਤੇ ਮਾੜਾ ਪ੍ਰਭਾਵ ਪਾ ਸਕਦੀ ਹੈ। ਇਸ ਲਈ, ਫਲਾਂ ਅਤੇ ਸਬਜ਼ੀਆਂ ਨੂੰ ਖਾਣ ਤੋਂ ਪਹਿਲਾਂ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਤੋਂ ਮੁਕਤ ਕਰਨਾ ਜਾਂ ਉਨ੍ਹਾਂ ਦੀ ਮਾਤਰਾ ਨੂੰ ਪ੍ਰਮਾਨਿਤ ਪੱਧਰ ਤੱਕ ਘਟਾਉਣਾ ਇਸ ਲਈ ਮਹੱਤਵਪੂਰਨ ਹੈ ਤਾਂ ਕਿ ਇਸਦਾ ਸਾਡੀ ਸਿਹਤ ਉੱਤੇ ਘਾਤਕ ਪ੍ਰਭਾਵ ਨਾ ਪੈ ਸਕੇ। ਚੱਲ ਰਹੇ ਜਾਂ ਠੰਡੇ ਪਾਣੀ ਵਿੱਚ ਧੋਣ ਤੋ ਇਲਾਵਾ, ਨਮਕ / ਸਿਰਕੇ / ਮਿੱਠੇ ਸੋਡੇ / ਪੋਟਾਸ਼ੀਅਮ ਪਰਮਾਂਗਨੇਟ ਆਦਿ ਦੇ ਮਿਸ਼ਰਣ ਵਿੱਚ ਧੋਣਾ, ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਤੋਂ ਛੁਟਕਾਰਾ ਪਾਉਣ ਦੇ ਕੁਝ ਵਧੀਆ ਤਰੀਕੇ ਹਨ।

ਅੱਜ ਦਾ ਯੁੱਗ, ਵਿਗਿਆਨ ਦਾ ਯੁੱਗ ਹੈ ਅਤੇ ਵਿਗਿਆਨ ਨੇ ਹਰ ਖੇਤਰ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ, ਫਿਰ ਚਾਹੇ ਉਹ ਪੁਲਾੜ ਹੋਵੇ ਜਾਂ ਖੇਤੀਬਾੜ੍ਹੀ। ਦੇਸ਼ ਵਿੱਚ ਹਰੀ ਕ੍ਰਾਂਤੀ ਆਉਣ ਤੋਂ ਬਾਅਦ ਸੁਧਰੇ ਬੀਜ, ਨਵੀਂ ਟੈਕਨਾਲੋਜੀ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ, ਫਸਲਾਂ ਦਾ ਵਧੇਰੇ ਝਾੜ ਲੈਣ ਲਈ ਸਾਡੀ ਜ਼ਰੂਰਤ ਬਣ ਗਈਆਂ ਹਨ।ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਧੁਨਿਕ ਖੇਤੀਬਾੜੀ ਦਾ ਮੁਲ ਅਧਾਰ ਇਹੀ ਸਭ ਕੁਝ ਹੈ। ਕੀਟਨਾਸ਼ਕ ਦਵਾਈਆਂ ਨਾ ਚਾਹੁੰਦੇ ਹੋਏ ਵੀ ਸਾਡੇ ਫਸਲੀ ਚੱਕਰ ਦਾ ਅਨਿਖੜਵਾਂ ਅੰਗ ਬਣ ਚੁੱਕੀਆਂ ਹਨ।ਅੱਜ ਦੇ ਇਸ ਕਰੋਨਾ ਕਾਲ ਵਿੱਚ ਜਦੋਂ ਹਰ ਮਨੁਖ ਪ੍ਰੀਤੀਕੂਲ ਤਾਂਕਤ ਹਾਂਸਿਲ ਕਰਨ ਲਈ ਕੋਸ਼ਿਸ਼ ਕਰ ਰਿਹਾ ਹੈ ਤਾਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਜੋ ਫਲ ਅਤੇ ਸਬਜ਼ੀਆਂ (ਖਾਸ ਤੌਰ ਤੇ ਹਰੇ ਪਤਿਆਂ ਵਾਲੀਆਂ ਸਬਜ਼ੀਆਂ) ਅਸੀਂ ਖਾਈਏ ਉਹਨਾਂ ਵਿੱਚ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਘੱਟ ਤੋਂ ਘੱਟ ਹੋਵੇ।

ਸਾਡੇ ਵੱਲੋਂ ਰੋਜ਼ਾਨਾਂ ਖਾਧੇ ਜਾਣ ਵਾਲੇ ਫਲ ਜਿਵੇਂ ਕਿ ਨਾਸ਼ਪਤੀ, ਆੜੂ, ਆਲੂ-ਬੁਖਾਰਾ, ਸੇਬ, ਸਟ੍ਰਾਬੇਰੀ ਅਤੇ ਬੇਰ ਆਦਿ ਜਿਨ੍ਹਾਂ ਨੂੰ ਸਮੇਤ ਛਿਲੜਾਂ ਦੇ ਖਾਧਾ ਜਾਂਦਾ ਹੈ, ਦੁਆਰਾ ਕੀਟਨਾਸ਼ਕ ਸਾਡੇ ਸਰੀਰ ਵਿੱਚ ਦਾਖਲ ਹੋ ਸਕਦੇ ਹਨ। ਇਸੇ ਤਰ੍ਹਾਂ ਹੀ ਸਬਜ਼ੀਆਂ ਜਿਵੇਂ ਕਿ ਟਮਾਟਰ, ਗੋਭੀ, ਸ਼ਿਮਲਾ ਮਿਰਚ, ਭਿੰਡੀ, ਬੈਂਗਣ ਅਤੇ ਹਰੇ ਪੱਤਿਆਂ ਵਾਲੀਆਂ ਸਬਜ਼ੀਆਂ ਜਿਵੇਂ ਕਿ ਪਾਲਕ ਅਤੇ ਬੰਦਗੋਭੀ ਦੇ ਰਾਹੀਂ ਵੀ ਕੀਟਨਾਸ਼ਕ ਸਾਡੇ ਸ਼ਰੀਰ ਵਿੱਚ ਆ ਜਾਂਦੇ ਹਨ। ਇਹਨਾਂ ਕੀਟਨਾਸ਼ਕਾਂ ਦੀ ਥੋੜੀ ਮਾਤਰਾ ਵੀ ਸਾਡੇ ਸਰੀਰ ਵਿਚ ਸਿਰ ਦਰਦ, ਅੱਖਾਂ ਦੀਆਂ ਬੀਮਾਰੀਆਂ, ਉਲਟੀਆਂ, ਪੇਟ ਅਤੇ ਚਮੜੀ ਦੇ ਰੋਗਾਂ ਦਾ ਕਾਰਨ ਬਣ ਸਕਦੀ ਹੈ। ਜੇਕਰ ਸਾਡੇ ਸਰੀਰ ਵਿੱਚ ਕੀਟਨਾਸ਼ਕ ਲੰਬੇ ਸਮੇਂ ਤਕ ਦਾਖਲ ਹੁੰਦੇ ਰਹਿਣ, ਤਾਂ ਇਹ ਕੈਂਸਰ, ਸਾਹ ਦੀਆਂ ਬਿਮਾਰੀਆਂ, ਮਾਨਸਿਕ ਰੋਗ ਅਤੇ ਹੋਰ ਕਈ ਖ਼ਤਰਨਾਕ ਰੋਗਾਂ ਦਾ ਕਾਰਨ ਬਣ ਸਕਦੇ ਹਨ।

ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਫਲਾ ਅਤੇ ਸਬਜ਼ੀਆਂ ਨੂੰ ਖਾਣ ਤੋ ਪਹਿਲਾਂ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਤੋਂ ਮੁਕਤ ਕੀਤਾ ਜਾਵੇ ਜਾਂ ਰਹਿੰਦ-ਖੂੰਹਦ ਦੀ ਮਾਤਰਾ ਇੰਨੀ ਘਟਾ ਦਿੱਤੀ ਜਾਵੇ ਤਾਂ ਜੋ ਇਹ ਸਾਡੀ ਸਿਹਤ ਤੇ ਕੋਈ ਮਾਰੂ ਪ੍ਰਭਾਵ ਨਾ ਪਾ ਸਕੇ।

ਹੇਠ ਲਿਖਿਆਂ ਵਿਧੀਆ ਫਲਾਂ ਅਤੇ ਸਬਜ਼ੀਆਂ ਦੀ ਸਤਿਹ ਤੋਂ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਨੂੰ ਘੱਟ ਕਰਨ ਵਿੱਚ ਮਦਦਗਾਰ ਹਨ।ਇਹਨਾ ਵਿਧੀਆਂ ਦੀ ਵਰਤੋ ਹਰ ਰੋਜ ਕੀਤੀ ਜਾਂਣੀ ਚਾਹੀਦੀ ਹੈ ਤਾਂ ਕਿ ਇਸ ਕਾਰਨ ਸਾਡੀ ਸਿਹਤ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ:-

1. ਫਲਾਂ ਅਤੇ ਸਬਜ਼ੀਆਂ ਨੂੰ ਘਰ ਲਿਆਉਂਦੇ ਸਾਰ, ਵਗਦੇ ਪਾਣੀ ਵਿੱਚ ਰਗੜ ਰਗੜ ਕੇ ਧੋਣਾ ਇਕ ਬੜੀ ਸੋਖੀ ਅਤੇ ਲਾਹੇਵੰਦ ਵਿਧੀ ਹੈ। ਇਹ ਵਿਧੀ ਫਲਾਂ ਤੇ ਸਬਜ਼ੀਆਂ ਵਿਚਲੇ ਕੀਟਨਾਸ਼ਕਾਂ ਨੂੰ ਪੂਰੀ ਤਰ੍ਹਾਂ ਨਸ਼ਟ ਹੀ ਨਹੀਂ ਕਰਦੀ ਬਲਕਿ ਉਨ੍ਹਾਂ ਨੂੰ ਸਤਹਿ ਰਾਹੀਂ ਅੰਦਰ ਜਾਣ ਤੋਂ ਰੋਕਦੀ ਵੀ ਹੈ।

2. ਸੇਬ ਅਤੇ ਨਾਸ਼ਪਾਤੀ ਦੀ ਸਤਿਹ ਤੇ ਇਕ ਮੋਮ ਜਿਹੀ ਪਰਤ ਹੁੰਦੀ ਹੈ ਜਿਸ ਉੱਤੇ ਕੀਟਨਾਸ਼ਕ ਇਕੱਠੇ ਹੋ ਸਕਦੇ ਹਨ।ਇਸ ਕਰਕੇ ਫਲਾਂ ਨੂੰ ਚਾਰ ਹਿੱਸੇ ਪਾਣੀ ਅਤੇ ਇਕ ਹਿੱਸਾ ਸਿਰਕੇ ਦੇ ਮਿਸ਼ਰਣ ਵਿੱਚ 20 ਮਿੰਟ ਭਿਓੋ ਕੇ ਰੱਖਣ ਤੋ ਬਾਅਦ ਸਾਫ ਪਾਣੀ ਨਾਲ ਚੰਗੀ ਤਰ੍ਹਾਂ ਧੋਣ ਨਾਲ, ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

3. ਫਲਾਂ ਅਤੇ ਸਬਜ਼ੀਆਂ ਨੂੰ ਨਮਕੀਨ ਪਾਣੀ (ਜਿਸ ਵਿੱਚ 2 ਚੱਮਚ ਨਮਕ ਨੂੰ 4 ਕੱਪ ਪਾਣੀ ਵਿੱਚ ਮਿਲਾਇਆ ਹੋਵੇ) ਵਿੱਚ 30 ਮਿੰਟ ਤੱਕ ਭਿਓੋ ਕੇ ਰੱਖਣਾ, ਕੀਟਨਾਸ਼ਕਾ ਦੀ ਰਹਿੰਦ-ਖੂੰਹਦ ਤੋ ਛੁਟਕਾਰਾ ਪਾਉਣ ਦਾ ਇਕ ਹੋਰ ਕਾਮਯਾਬ ਰਸਤਾ ਹੈ।ਭਿਓੋਣ ਤੋ ਬਾਅਦ ਫਲਾਂ ਅਤੇ ਸਬਜ਼ੀਆਂ ਨੂੰ ਸਾਫ ਪਾਣੀ ਨਾਲ ਚੰਗੀ ਤਰ੍ਹਾਂ ਧੋ ਲੈਣਾ ਚਾਹਿਦਾ ਹੈ। ਪਰ ਇਹ ਵਿਧੀ ਨਰਮ ਫਲ ਜਿਵੇਂ ਕਿ ਸਟ੍ਰਾਬੇਰੀ ਆਦਿ ਵਾਸਤੇ ਕਾਮਯਾਬ ਨਹੀਂ ਹੈ।

4. ਲਗਾਤਾਰ ਦੋ ਤਿੰਨ ਵਾਰ ਠੰਡੇ ਪਾਣੀ ਵਿਚ ਧੋਣ ਨਾਲ ਟਮਾਟਰ, ਬੈਂਗਣ, ਭਿੰਡੀ, ਹਰੇ ਪੱਤਿਆਂ ਵਾਲੀਆਂ ਸਬਜ਼ੀਆਂ ਜਿਵੇਂ ਕਿ ਪਾਲਕ ਤੇ ਬੰਦਗੋਭੀ ਆਦਿ ਅਤੇ ਫਲ ਜਿਵੇਂ ਸੇਬ, ਅਮਰੂਦ, ਆਲ-ੂਬੁੱਖਾਰਾ, ਨਾਸ਼ਪਾਤੀ, ਆੜੂ, ਅੰਬ ਆਦਿ ਉੱਤੋ ਕੀਟਨਾਸ਼ਕਾ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ।

5. ਮਿੱਠੇ ਸੋਡੇ (1%) ਤੇ ਪਾਣੀ ਦੇ ਮਿਸ਼ਰਣ ਵਿੱਚ ਬੈਂਗਣ, ਭਿੰਡੀ, ਫੁਲਗੋਭੀ ਨੂੰ 10 -15 ਮਿੰਟ ਲਈ ਭਿਓੋਣ ਤੋ ਬਾਅਦ ਸਾਫ ਪਾਣੀ ਨਾਲ ਧੋਣਾ, ਇਕ ਹੋਰ ਕਾਰਗਰ ਵਿਧੀ ਹੈ।ਇਸ ਵਿਧੀ ਨਾਲ 90% ਤੱਕ ਕੀਟਨਾਸ਼ਕਾ ਦੀ ਰਹਿੰਦ-ਖੂੰਹਦ ਤੋ ਬਚਾ ਕੀਤਾ ਜਾ ਸਕਦਾ ਹੈ।ਭਿਓੋਣ ਤੋ ਬਾਅਦ ਫਲਾਂ ਅਤੇ ਸਬਜ਼ੀਆਂ ਨੂੰ ਸਾਫ ਪਾਣੀ ਨਾਲ ਚੰਗੀ ਤਰ੍ਹਾਂ ਧੋ ਲੈਣਾ ਚਾਹਿਦਾ ਹੈ।

6. ਟਮਾਟਰ, ਫੁਲਗੋਭੀ ਅਤੇ ਆੜੂ ਨੂੰ ਲਾਲ ਦਵਾਈ (ਪੋਟਾਸ਼ੀਅਮ ਪਰਮੇਗਨੇਟ) (0.01%) ਅਤੇ ਪਾਣੀ ਦੇ ਮਿਸ਼ਰਣ ਵਿੱਚ 1 ਮਿੰਟ ਲਈ ਭਿਓੋਣਾ ਅਤੇ ਫਿਰ ਸਾਫ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ, ਇਕ ਹੋਰ ਪ੍ਰਭਾਵੀ ਵਿਧੀ ਹੈ। ਇਸ ਨਾਲ ਕੁਝ ਕੀਟਨਾਸ਼ਕਾਂ ਦਾ ਪ੍ਰਭਾਵ ਘੱਟ ਹੁੰਦਾ ਹੈ।

ਇਸ ਪ੍ਰਕਾਰ ਉਪਰੋਕਤ ਵਿਧੀਆਂ ਦੀ ਵਰਤੋ ਨਾਲ ਅਸੀ ਆਪਣੀ ਸਿਹਤ ਦੇ ਨਾਲ ਨਾਲ, ਆਪਣੀ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਵੀ ਬਚਾ ਪਾਵਾਂਗੇ।

Share This Article
Leave a Comment