ਮਾਂਟਰੀਅਲ : ਐਨਡੀਪੀ ਆਗੂ ਜਗਮੀਤ ਸਿੰਘ ਨੇ ਸੋਮਵਾਰ ਨੂੰ ਮਾਂਟਰੀਅਲ ਤੋਂ ਐਮਪੀ ਅਲੈਗਜ਼ੈਂਡਰ ਬੁਲੇਰਾਈਸ ਨੂੰ ਆਪਣਾ ਨਵਾਂ ਡਿਪਟੀ ਲੀਡਰ ਚੁਣਨ ਸਬੰਧੀ ਐਲਾਨ ਕੀਤਾ। ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਅਲੈਗਜੈ਼ਂਡਰ ਕਿਊਬਿਕ ਵਿੱਚ ਪਾਰਟੀ ਦਾ ਆਧਾਰ ਮਜ਼ਬੂਤ ਕਰਨਗੇ।
ਸਾਬਕਾ ਯੂਨੀਅਨ ਸਲਾਹਕਾਰ ਪ੍ਰੋਵਿੰਸ ‘ਚ ਨਵੇਂ ਉਮੀਦਵਾਰ ਰਕਰੂਟ ਕਰਨ ਤੇ ਪਾਰਟੀ ਨੂੰ ਮੁੜ ਕਿਊਬਿਕ ਵਾਸੀਆਂ ਨਾਲ ਜੋੜਨ ਲਈ ਜਿ਼ੰਮੇਵਾਰ ਹੋਣਗੇ। ਮਾਂਟਰੀਅਲ ਦੇ ਪੂਰਬੀ ਹਿੱਸੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਮੀਤ ਸਿੰਘ ਨੇ ਇਹ ਐਲਾਨ ਕੀਤਾ। ਚੋਣ ਸਰਵੇਖਣਾਂ ਵਿੱਚ ਪ੍ਰੋਵਿੰਸ ਵਿੱਚ ਐਨਡੀਪੀ ਨੂੰ ਚੌਥਾ ਸਥਾਨ ਮਿਲ ਰਿਹਾ ਹੈ ਤੇ ਕਿਊਬਿਕ ਤੋਂ ਉੱਧੇ ਐਨਡੀਪੀ ਐਮਪੀਜ਼ ਟੌਮ ਮਲਕੇਅਰ, ਹੈਲੇਨੇ ਲੈਵਰਡਿਏਰੇ ਤੇ ਰੋਮੀਓ ਸੈਗਨੈਸ ਅਕਤੂਬਰ ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਵਿੱਚ ਹਿੱਸਾ ਨਹੀਂ ਲੈ ਰਹੇ।
ਬੁਲੇਰਾਈਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਮੇਂ ਕਿਊਬਿਕ ਵਿੱਚ ਪਾਰਟੀ ਦਾ ਜਿਹੜਾ ਮੁਕਾਮ ਹੋਣਾ ਚਾਹੀਦਾ ਸੀ ਉਹ ਅਸੀਂ ਹਾਸਲ ਨਹੀਂ ਕਰ ਸਕੇ ਹਾਂ। ਕਿਊਬਿਕ ਵਿੱਚ 15 ਸੀਟਾਂ ਪਾਰਟੀ ਕੋਲ ਹਨ ਤੇ 2011 ਦੀਆਂ ਚੋਣਾਂ ਵਿੱਚ ਹਾਸਲ ਕੀਤੇ ਬਹੁਮਤ ਨਾਲੋਂ ਪਾਰਟੀ ਇਸ ਵਾਰੀ ਕਾਫੀ ਪਿੱਛੇ ਹੈ।
ਜਗਮੀਤ ਸਿੰਘ ਨੇ ਕਿਹਾ ਕਿ ਬੁਲੇਰਾਈਸ ਦੀ ਨਾਮਜ਼ਦਗੀ ਉਨ੍ਹਾਂ ਦੀ ਕਾਬਲੀਅਤ ਤੇ ਹਾਊਸ ਆਫ ਕਾਮਨਜ਼ ਵਿੱਚ ਆਪਣੀ ਗੱਲ ਰੱਖਣ ਦੀ ਮੁਹਾਰਤ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ। ਜਗਮੀਤ ਸਿੰਘ ਨੇ ਦੱਸਿਆ ਕਿ ਉਹ ਤੇ ਬੁਲੇਰਾਈਸ ਘਰਾਂ ਦੀ ਘੱਟ ਕੀਮਤ, ਅਮੀਰਾਂ ਉੱਤੇ ਟੈਕਸ ਲਾਉਣ ਤੇ ਕਿਊਬਿਕ ਦੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਦੇ ਮਤੇ ਦਾ ਪ੍ਰਚਾਰ ਲੋਕਾਂ ਵਿੱਚ ਕਰਨਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਇਸ ਤੋਂ ਇਲਾਵਾ ਅਸੀਂ ਵਾਤਾਵਰਣ ਦੇ ਮੁੱਦੇ ਨੂੰ ਵੀ ਧਿਆਨ ਵਿੱਚ ਰੱਖ ਕੇ ਚੱਲਾਂਗੇ।