Home / ਸੰਸਾਰ / ਗ੍ਰੰਥੀ ਸਿੰਘ ਦੀ ਕੁੜੀ ਬੰਦੂਕਾਂ ਦੀ ਨੋਕ ‘ਤੇ ਘਰੋਂ ਅਗਵਾ ਜ਼ਬਰਦਸਤੀ ਕਰਵਾਇਆ ਵਿਆਹ? ਇਨਸਾਫ ਨਾ ਮਿਲਣ ‘ਤੇ ਗਵਰਨਰ ਹਾਉਸ ਅੱਗੇ ਕਰਾਂਗੇ ਆਤਮਦਾਹ : ਪਰਿਵਾਰ

ਗ੍ਰੰਥੀ ਸਿੰਘ ਦੀ ਕੁੜੀ ਬੰਦੂਕਾਂ ਦੀ ਨੋਕ ‘ਤੇ ਘਰੋਂ ਅਗਵਾ ਜ਼ਬਰਦਸਤੀ ਕਰਵਾਇਆ ਵਿਆਹ? ਇਨਸਾਫ ਨਾ ਮਿਲਣ ‘ਤੇ ਗਵਰਨਰ ਹਾਉਸ ਅੱਗੇ ਕਰਾਂਗੇ ਆਤਮਦਾਹ : ਪਰਿਵਾਰ

ਲਾਹੌਰ :  ਘਰਾਂ ਵਿੱਚੋਂ ਜ਼ਬਰਦਸਤੀ ਚੁੱਕ ਕੇ ਤੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਉਣ ਤੋਂ ਬਾਅਦ ਵਿਆਹ ਕਰਵਾਉਣ ਦੇ ਮਾਮਲਿਆਂ ਲਈ ਮਸ਼ਹੂਰ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਹੁਣ ਇੱਕ ਸਿੱਖ ਪਰਿਵਾਰ ਨਾਲ ਇਹ ਭਾਣਾ ਵਾਪਰਿਆ ਹੈ। ਦੋਸ਼ ਹੈ ਕਿ ਇੱਥੋਂ ਦੇ ਗੁਰਦੁਆਰਾ ਤੰਬੂ ਸਾਹਿਬ ਵਿਖੇ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾ ਰਹੇ ਭਗਵਾਨ ਸਿੰਘ ਦੇ ਘਰੋਂ ਕੁਝ ਵਿਅਕਤੀਆਂ ਵੱਲੋਂ ਉਸ ਦੀ 19 ਸਾਲਾ ਲੜਕੀ ਨੂੰ ਜ਼ਬਰਦਸਤੀ ਘਸੀਟ ਕੇ ਘਰੋਂ ਅਗਵਾ ਕਰ ਲਿਆ ਗਿਆ, ਤੇ ਉਸ ਦਾ ਧਰਮ ਪਰਿਵਰਤਨ ਕਰਵਾ ਕੇ ਲੜਕੀ ਨਾਲ ਇੱਕ ਮੁਸਲਮਾਨ ਨੌਜਵਾਨ ਨੇ ਜ਼ਬਰਦਸਤੀ ਵਿਆਹ ਕਰਵਾ ਲਿਆ। ਇਸ ਘਟਨਾ ਤੋਂ ਬਾਅਦ  ਜਿੱਥੇ ਇੱਕ ਪਾਸੇ ਪੀੜਤ ਦੱਸੇ ਜਾਂਦੇ ਗ੍ਰੰਥੀ ਦੇ ਪਰਿਵਾਰ ਨੇ ਇੱਕ ਵੀਡੀਓ ਸੁਨੇਹਾ ਜਾਰੀ ਕਰ ਇਨਸਾਫ ਨਾ ਮਿਲਣ ਦੀ ਸੂਰਤ ਵਿੱਚ ਗਵਰਨਰ ਹਾਊਸ ਦੇ ਬਾਹਰ ਆਤਮਦਾਹ ਕਰਨ ਦੀ ਧਮਕੀ ਦਿੱਤੀ ਹੈ, ਉੱਥੇ ਦੂਜੇ ਪਾਸੇ ਇਹੋ ਜਿਹਾ ਹੀ ਇੱਕ ਵੀਡੀਓ ਸੁਨੇਹਾ ਉਸ ਲੜਕੀ ਅਤੇ ਉਸ ਦੇ ਮੌਜੂਦਾ ਪਤੀ ਦੱਸੇ ਜਾਂਦੇ ਵਿਅਕਤੀ ਨੇ ਵੀ ਜਾਰੀ ਕੀਤੀ ਹੈ ਜਿਸ ਵਿੱਚ ਲੜਕੀ ਨੇ ਆਪਣੇ ਮੂੰਹੋਂ ਬੋਲ ਕੇ ਕਿਹਾ ਹੈ ਕਿ ਉਹ ਇਹ ਵਿਆਹ ਆਪਣੀ ਮਰਜੀ ਨਾਲ ਕਰਵਾ ਰਹੀ ਹੈ ਤੇ ਕਿਸੇ ਨੇ ਉਸ ਨਾਲ ਕੋਈ ਜੋਰ ਜ਼ਬਰਦਸਤੀ ਨਹੀਂ ਕੀਤੀ। ਜਿਹੜੀ ਵੀਡੀਓ ਪੀੜਤ ਦੱਸੇ ਜਾਂਦੇ ਗ੍ਰੰਥੀ ਭਗਵਾਨ ਸਿੰਘ ਦੇ ਪਰਿਵਾਰ ਵੱਲੋਂ ਜਾਰੀ ਕੀਤੀ ਗਈ ਹੈ ਉਸ ਵਿੱਚ ਗ੍ਰੰਥੀ ਸਿੰਘ ਦੇ ਪੁੱਤਰ ਸੁਰਿੰਦਰ ਸਿੰਘ ਨੇ ਬਿਆਨ ਦਿੱਤਾ ਹੈ ਕਿ ਲੰਘੀ ਰਾਤ ਕੁਝ ਨੌਜਵਾਨ ਜ਼ਬਰਦਸਤੀ ਬੰਦੂਕਾਂ ਦੀ ਨੋਕ ਤੇ ਉਨ੍ਹਾਂ ਦੇ ਘਰ ਆ ਵੜੇ ਤੇ ਉਨ੍ਹਾਂ ਨੇ ਉਸ ਦੀ ਭੈਣ ਜਗਜੀਤ ਕੌਰ ਨੂੰ ਘਸੀਟ ਕੇ ਅਗਵਾ ਕਰ ਲਿਆ। ਸੁਰਿੰਦਰ ਸਿੰਘ ਅਨੁਸਾਰ ਬਾਅਦ ਵਿੱਚ ਅਗਵਾਕਾਰਾਂ ਨੇ ਜਗਜੀਤ ਕੌਰ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਦਿੱਤਾ ਤੇ ਉਨ੍ਹਾਂ ਵਿੱਚੋਂ ਇੱਕ ਨੇ ਜਗਜੀਤ ਨਾਲ ਬਾਅਦ ਵਿੱਚ ਨਿਕਾਹ ਕਰਵਾ ਲਿਆ। ਸੁਰਿੰਦਰ ਸਿੰਘ ਨੇ ਆਪਣੇ ਪਰਿਵਾਰ ਦੀ ਹਾਜ਼ਰੀ ਵਿੱਚ ਬਣਾਈ ਗਈ ਇਸ ਵੀਡੀਓ ਚ ਅੱਗੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਭੈਣ ਜਗਜੀਤ ਕੌਰ ਹਰ ਹਾਲਤ ਵਿੱਚ ਵਾਪਸ ਚਾਹੀਦੀ ਹੈ ਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉੱਥੋਂ ਦੇ ਚੀਫ ਜਸਟਿਸ ਨੂੰ ਬੇਨਤੀ ਕਰਦੇ ਹਨ ਕਿ ਉਨ੍ਹਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਹ ਇਨਸਾਫ ਲੈਣ  ਲਈ ਉੱਥੋਂ ਦੇ ਗਵਰਨਰ ਹਾਊਸ ਵੀ ਜਾਣਗੇ ਤੇ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਰਾਜਪਾਲ ਦੇ ਘਰ ਦੇ ਬਾਹਰ ਹੀ ਆਪਣੇ ਆਪ ਨੂੰ ਜਿੰਦਾ ਅੱਗ ਨਾਲ ਸਾੜ ਲੈਣਗੇ। ਇਸ ਵੀਡੀਓ ਵਿੱਚ ਜਗਜੀਤ ਦੇ ਭਰਾ ਸੁਰਿੰਦਰ ਨੇ ਵੀ ਇਹੋ ਕਿਹਾ ਕਿ ਕੁਝ ਲੋਕ ਜ਼ਬਰਦਸਤੀ ਉਨ੍ਹਾਂ ਦੇ ਘਰ ਆ ਕੇ ਉਸ ਦੀ ਭੈਣ ਨੂੰ ਚੁੱਕ ਕੇ ਲੈ ਗਏ ਅਤੇ ਫਿਰ ਧੱਕੇ ਨਾਲ ਉਸ ਦਾ ਧਰਮ ਪਰਿਵਰਤਨ ਕਰਵਾਇਆ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਉਂਦਿਆਂ ਦਾਅਵਾ ਕੀਤਾ ਕਿ ਉਹ ਜਦੋਂ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਨੇੜੇ ਦੇ ਥਾਣੇ ਚ ਗਏ ਸਨ ਪਰ ਉੱਥੇ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ  ਕੀਤੀ ਉਲਟਾ ਅਗਵਾਕਾਰਾਂ ਨੇ ਉਨ੍ਹਾਂ ਦੇ ਘਰ ਆ ਕੇ ਸ਼ਿਕਾਇਤ ਵਾਪਸ ਲੈਣ ਦੀ ਧਮਕੀ ਦਿੱਤੀ। ਇੱਧਰ ਦੂਜੇ ਪਾਸੇ ਅਗਵਾ ਹੋਈ ਦੱਸੀ ਜਾਂਦੀ ਜਗਜੀਤ ਕੌਰ ਦੇ ਨਿਕਾਹ ਕਰਵਾਉਣ ਦੀ ਵੀ ਇੱਕ ਵੀਡੀਓ ਵਾਇਰਲ ਹੋਈ ਹੈ ਤੇ ਉਸ ਵੀਡੀਓ ਵਿੱਚ ਜਗਜੀਤ ਕੌਰ ਨੇ ਬਿਆਨ ਦਿੱਤਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਆਈ ਹੈ ਤੇ ਉਸ ਤੇ ਨਾ ਤਾਂ ਕਿਸੇ ਕਿਸਮ ਦਾ ਕੋਈ ਦਬਾਅ ਹੈ ਤੇ ਨਾ ਹੀ ਉਹ ਘਰੋਂ ਕਿਸੇ ਕਿਸਮ ਦਾ ਕੋਈ ਸਮਾਨ ਲੈ ਕੇ ਆਈ ਹੈ। ਇਸ ਉਪਰੰਤ ਵੀਡੀਓ ਚ ਇੱਕ ਮੌਲਵੀ ਜਗਜੀਤ ਦਾ ਨਿਕਾਹ ਇੱਕ ਨੌਜਵਾਨ ਨਾਲ ਕਰਵਾਉਂਦਾ ਹੈ। ਕੁੱਲ ਮਿਲਾ ਕੇ ਕਹਾਣੀ ਬੜੀ ਗੁੰਝਲਦਾਰ ਬਣੀ ਹੋਈ ਹੈ। ਇੱਕ ਪਾਸੇ ਪਰਿਵਾਰ ਲੜਕੀ ਨੂੰ ਅਗਵਾ ਕਰਕੇ ਜਬਰਦਸਤੀ ਉਸ ਦਾ ਧਰਮ ਪਰਿਵਰਤਨ ਕਰਵਾਉਣ ਤੋਂ ਬਾਅਦ ਅਗਵਾਕਾਰਾਂ ਵਿੱਚੋਂ ਇੱਕ ਨਾਲ ਉਸ ਦਾ ਨਿਕਾਹ ਕਰਵਾਉਣ ਦਾ ਦੋਸ਼ ਲਾ ਰਿਹਾ ਹੈ ਉੱਥੇ ਦੂਜੇ ਪਾਸੇ ਵੀਡੀਓ ਵਿੱਚ ਲੜਕੀ ਆਪ ਬਿਨਾਂ ਕਿਸੇ ਦਬਾਅ ਤੋਂ ਨਿਕਾਹ ਕਰਵਾਉਣ ਦੀ ਗੱਲ ਕਰਦੀ ਦਿਖਾਈ ਦਿੰਦੀ ਹੈ। ਅਸਲ ਸੱਚਾਈ ਕੀ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਪਰ ਪਾਕਿਸਤਾਨ ਚ ਵਾਪਰੀਆਂ ਉਹ ਅਜਿਹੀਆਂ ਘਟਨਾਵਾਂ ਜਿਨ੍ਹਾਂ ਵਿੱਚ ਜਾਂਚ ਤੋਂ ਬਾਅਦ ਪੀੜਤਾਂ ਵੱਲੋਂ ਲਾਏ ਗਏ ਦੋਸ਼ ਸਹੀ ਪਾਏ ਗਏ ਸਨ ਉਸ ਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਇਸ ਮਾਮਲੇ ਵਿੱਚ ਵੀ ਲੜਕੀ ਨਾਲ ਧੱਕਾ ਹੋਇਆ ਹੋ ਸਕਦਾ ਹੈ ਤੇ ਧੱਕੇ ਤੋਂ ਬਾਅਦ ਅਗਵਾਕਾਰਾਂ ਨੇ ਉਸ ਨੂੰ ਡਰਾ ਧਮਕਾ ਕੇ ਉਸ ਤੋਂ ਇਹ ਵੀਡੀਓ ਬਿਆਨ ਦਵਾਇਆ ਹੈ। ਸੱਚਾਈ ਕੀ ਹੈ ਇਹ ਅਜੇ ਭਵਿੱਖ ਦੇ ਗਰਭ ਚ ਹੈ ਪਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਿੱਖ ਭਾਈਚਾਰੇ ਦੇ ਮਨਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ।

Check Also

ਇੰਗਲੈਂਡ ’ਚ ਸਿੱਖ ਵਕੀਲ ਨੂੰ ਕ੍ਰਿਪਾਨ ਸਣੇ ਅਦਾਲਤ ’ਚ ਜਾਣ ਤੋਂ ਰੋਕਣ ‘ਤੇ ਬੀਬੀ ਜਗੀਰ ਕੌਰ ਵੱਲੋਂ ਨਿੰਦਾ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਇੰਗਲੈਂਡ ’ਚ ਅੰਮ੍ਰਿਤਧਾਰੀ ਵਕੀਲ …

Leave a Reply

Your email address will not be published. Required fields are marked *