ਚੰਡੀਗੜ੍ਹ :ਗੁਰਬਾਣੀ ‘ਚ ਲਿਖਿਆ ਹੈ ਕਿ ‘ਬਹੁਤਾ ਬੋਲਣ ਝੱਖਣ ਹੋਏ’। ਸਾਨੂੰ ਲੱਗਦਾ ਹੈ ਕਿ ਇਹ ਗੱਲ ਲਗਭਗ ਸਾਰੇ ਹੀ ਪੰਜਾਬੀਆਂ ਨੂੰ ਭਲੀ-ਭਾਂਤ ਪਤਾ ਹੈ। ਪਰ ਇਸ ਦੇ ਬਾਵਜੂਦ ਸੂਬੇ ਦੇ ਸਿਆਸਤ ਦਾਨਾਂ ਪਹਿਲਾਂ ਫਾਲਤੂ ਬੋਲ ਪੈਂਦੇ ਹਨ ਤੇ ਬਾਅਦ ਵਿੱਚ ਹੱਥ ਜੋੜ ਕੇ ਭੂੰਦੜ ਤੇ ਕੇਜ਼ਰੀਵਾਲ ਵਾਂਗ ਮਾਫੀ ਮੰਗਦਿਆਂ ਇਹ ਕਹਿ ਦਿੰਦੇ ਹਨ ਕਿ ਜਬਾਨ ਫਿਸਲ ਗਈ ਸੀ ਲਿਹਾਜ਼ਾ ਸਾਧ-ਸੰਗਤ ਜੀ ਮਾਫ ਕਰ ਦਿਆਂ ਤੇ ਲਿਹਾਜ਼ਾ ਵਿਚਾਰੀ ਸੂਬੇ ਦੀ ਜਨਤਾ ਸਾਧ-ਸੰਗਤ ਸਬਦ ਸੁਣਕੇ ਆਪਣੇ ਆਪ ਨੂੰ ਧਾਰਮਿਕ ਜਿਹਾ ਮਹਿਸੂਸ ਕਰਨ ਲੱਗ ਪੈਂਦੀ ਹੈ ਤੇ ਬਖਸ਼ਣਹਾਰ ਬਣਕੇ ਉਨ੍ਹਾਂ ਸਿਆਸਤਦਾਨਾਂ ਨੂੰ ਮਾਫ ਕਰ ਦਿੰਦੀ ਹੈ ਜਿਹੜੀ ਲੋੜ ਪੈਣ ਤੇ ਉਸ ਜਨਤਾ ਨੂੰ ਕਦੀ ਨਹੀਂ ਬਖਸ਼ਦੇ ਜਿਹੜੇ ਕਦੇ ਉਨ੍ਹਾਂ ਨੂੰ ਸੜਕਾਂ ਤੇ ਲੰਮਾ ਪਾ-ਪਾ ਕੇ ਡਾਂਗਾ ਨਾਲ ਕੁੱਟਦੀ ਹੈ ਤੇ ਕਦੇ ਬਰਗਾੜੀ ਵਿੱਚ ਬੈਠੀ ਉਸੇ ਸਾਧ ਸੰਗਤ ਦੇ ਸੀਨਿਆਂ ਵਿੱਚੋਂ ਗੋਲੀਆਂ ਆਰ-ਪਾਰ ਕਰ ਦਿੰਦੀ ਹੈ। ਇਸ ਵਾਰ ਬਹੁਤਾ ਬੋਲਣ ਵਾਲੇ ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਬੁਰੀ ਤਰ੍ਹਾਂ ਉਲਝ ਗਏ ਹਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਵੱਲੋਂ ਮੰਦੀ ਸ਼ਬਦਾਵਲੀ ਬੋਲਣ ਸਬੰਧੀ ਸਪੀਕਰ ਵੱਲੋਂ ਸੁਖਬੀਰ ਬਾਦਲ ਨੂੰ ਨੋਟਿਸ ਜ਼ਾਰੀ ਕੀਤਾ ਗਿਆ ਹੈ।
ਦੱਸ ਦਈਏ ਕਿ ਜੂਨ 2017 ਦੌਰਾਨ ਸੁਖਬੀਰ ਬਾਦਲ ਨੇ ਆਪਣੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਸੁਖਬੀਰ ਨੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਲਈ ਗੁੰਡਾ ਸ਼ਬਦ ਵਰਤਿਆ ਸੀ। ਜਿਸ ਕਾਰਨ ਛੋਟੇ ਬਾਦਲ ਉਸ ਸਮੇਂ ਤੋਂ ਵਿਵਾਦਾਂ ‘ਚ ਘਿਰੇ ਆ ਰਹੇ ਹਨ। ਹੁਣ ਵਿਧਾਨ ਸਭਾ ਵੱਲੋਂ ਸੁਖਬੀਰ ਬਾਦਲ ਨੂੰ 6 ਫਰਵਰੀ ਨੂੰ ਤਲਬ ਹੋਣ ਦੇ ਹੁਕਮ ਦਿੱਤੇ ਹਨ। ਵਿਧਾਇਕਾਂ ਦੇ ਅਸਤੀਫਿਆਂ ਅਤੇ ਉਨ੍ਹਾਂ ਨੂੰ ਵਿਧਾਨ ਸਭਾਂ ਵਿੱਚੋਂ ਬਾਹਰ ਕੱਢਣ ਦੇ ਇਸ ਮੌਸਮ ਦੌਰਾਨ ਸੁਖਬੀਰ ਬਾਦਲ ਵੀ ਜ਼ੁਬਾਨ ਫਿਸਲੀ ਦਾ ਜ਼ੁਮਲਾ ਛੱਡ ਕੇ ਸਪੀਕਰ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰਨਗੇ ਜਾਂ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ‘ਚ ਰੱਖ ਕੇ ‘ਮੇਰੇ ਨਾਲ ਧੱਕਾ ਹੋ ਰਿਹਾ ਹੈ’ ਵਾਲਾ ਨਾਅਰਾ ਦੇ ਪੰਜਾਬੀਆਂ ਦੀ ਹਮਦਰਦੀ ਰਾਹੀਂ ਵੋਟਾਂ ਦਾ ਟੋਕਰਾ ਭਰਨਗੇ , ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ।