ਖਹਿਰਾ ਨੇ ‘ਆਪ’ ਤੋਂ ਦਿੱਤਾ ਅਸਤੀਫਾ, ਕੇਜ਼ਰੀਵਾਲ ਨੂੰ ਤਾਂ ਨੈਤਿਕਤਾ ਦਾ ਪਾਠ ਪੜ੍ਹਾ ਗਏ, ਪਰ ਆਪ ਕਦੋਂ ਪੜ੍ਹਨਗੇ ?

Prabhjot Kaur
8 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ ਚੋਂ ਬਾਹਰ ਕੱਢੇ ਜਾ ਚੁੱਕੇ ਸੁਖਪਾਲ ਖਹਿਰਾ ਨੇ ਪਾਰਟੀ ਦੀ ਮੁੰਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਐਚ ਐਸ ਫੂਲਕਾ ਤੋਂ ਬਾਅਦ ਖਹਿਰਾ ਆਪ ਦੇ ਦੂਜੇ ਵਿਧਾਇਕ ਹਨ, ਜਿੰਨ੍ਹਾਂ ਨੇ ਪਾਰਟੀ ਤੋਂ ਅਸਤੀਫਾ ਦੇਣ ਲੱਗਿਆਂ ਆਪ ਦੀ ਕੇਂਦਰੀ ਲੀਡਰਸ਼ਿਪ ਇਹ ਕਹਿ ਕੇ ਲਤਾੜਿਆ ਹੈ ਕਿ ਪਾਰਟੀ ਅੰਨਾ ਹਜ਼ਾਰੇ ਅੰਦੋਲਨ ਦੇ ਜਿੰਨਾਂ ਆਦਰਸ਼ਾ ਤੇ ਵਿਚਾਰਧਾਰਾਵਾਂ ਨੂੰ ਲੈ ਕੇ ਹੋਂਦ ਵਿੱਚ ਆਈ ਸੀ ਉਨ੍ਹਾਂ ਤੋਂ ਪੂਰੀ ਤਰ੍ਹਾਂ ਭਟਕ ਚੁਕੀ ਹੈ। ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਦਾ ਨਾਮ ਲਏ ਬਿਨ੍ਹਾਂ ਖਹਿਰਾ ਨੇ ਕੇਜ਼ਰੀਵਾਲ ਨੂੰ ਭੇਜੇ ਆਪਣੇ ਅਸਤੀਫੇ ਵਿੱਚ ਆਪਣੀ ਭੜਾਸ ਕਡਦਿਆਂ ਕਿਹਾ ਕਿ ਤੁਸੀਂ ਪੰਜਾਬ ਨੂੰ ਚਲਾਉਣ ਲਈ ਨਿਯੁਕਤ ਕੀਤੇ ਗਏ ਆਪਣੇ ਦੋ ਸੂਬੇਦਾਰਾਂ ਦੀ ਹੀ ਗੱਲ ਸੁਣੀ ਤੇ ਜ਼ਮੀਨੀ ਪੱਧਰ ਤੇ ਆਪ ਵਰਕਰਾਂ ਦੀਆਂ ਭਾਵਨਾਵਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਿਸ ਕਾਰਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਿਘਾਰ ਵੱਲ ਚਲੀ ਗਈ।

ਸੁਖਪਾਲ ਖਹਿਰਾ ਵੱਲੋਂ ਪਾਰਟੀ ਸੁਪਰੀਮੋਂ ਅਰਵਿੰਦ ਕੇਜ਼ਰੀਵਾਲ ਨੂੰ ਲਿਖੇ ਗਏ ਅਸਤੀਫੇ ਵਿੱਚ ਉਨ੍ਹਾਂ ਕਿਹਾ ਕਿ ਜਿਸ ਵੇਲੇ ਦੇਸ਼ ਵਿਚਲੀਆਂ ਰਵਾਇਤੀ ਪਾਰਟੀਆਂ ਤੋਂ ਦੁਖੀ ਹੋ ਕੇ ਲੋਕਾਂ ਨੇ ਆਪ ਤੇ ਭਰੋਸਾ ਜਤਾਇਆ ਸੀ, ਉਸ ਵੇਲੇ ਲੋਕਾਂ ਨੂੰ ਇਹ ਉਮੀਦ ਸੀ ਕਿ ਇਹ ਪਾਰਟੀ ਦੇਸ਼ ਵਿਚਲੇ ਭ੍ਰਿਸ਼ਟ ਸਿਸਟਮ ਨੂੰ ਸਾਫ ਕਰੇਗੀ। ਜਿਸ ਤੋਂ ਪ੍ਰਭਾਵਿਤ ਹੋ ਕੇ ਹੀ ਉਨ੍ਹਾਂ ਨੇ ਇਸ ਪਾਰਟੀ ਵਿੱਚ ਆਪਣੀ ਦਿਲਚਸਪੀ ਦਿਖਾਈ ਸੀ। ਉਨ੍ਹਾਂ ਕਿਹਾ ਕਿ ਦੁਨਿਆਂ ਭਰ ‘ਚ ਵਸਦੇ ਪੰਜਾਬੀਆਂ ਦੇ ਕਹਿਣ ਤੇ ਹੀ ਮੈਂ ਵੀ ਆਪ ‘ਚ ਇਸ ਲਈ ਸ਼ਾਮਿਲ ਹੋਇਆ ਕਿ ਪੰਜਾਬ ਦੇ ਹਾਲਾਤ ਸੁਧਾਰੇ ਜਾ ਸਕਣ।ਖਹਿਰਾ ਨੇ ਕਿਹਾ ਕਿ ਪਾਰਟੀ ਵਿੱਚ ਆ ਕੇ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇੱਥੇ ਵੀ ਉਹੋ ਕੁਝ ਚੱਲ ਰਿਹਾ ਹੈ ਜਿਹੜਾ ਕਿ  ਪਹਿਲਾਂ ਹੀ ਰਵਾਇਤੀ ਪਾਰਟੀਆਂ ਕਰ ਰਹੀਆਂ ਸਨ। ਖਹਿਰਾ ਅਨੁਸਾਰ ਇੱਥੋਂ ਤੱਕ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਸ ਪਾਰਟੀ ਅੰਦਰ ਕਿਸੇ ਪ੍ਰਕਾਰ ਦਾ ਕੋਈ ਲੋਕਤੰਤਰ ਨਹੀਂ ਹੈ। ਉਨ੍ਹਾਂ ਕੇਜਰੀਵਾਲ ਨੂੰ ਯਾਦ ਦਿਵਾਇਆ ਕਿ ਜਿਸ ਵੇਲੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਟਿਕਟਾਂ ਦੀ ਵੰਡ ਹੋਈ ਸੀ ਤਾਂ ਉਸ ਵੇਲੇ ਉਨ੍ਹਾਂ ਨੇ ਇਸ ਲਈ ਸਖ਼ਤ ਇਤਰਾਜ਼ ਜਤਾਇਆ ਸੀ ਕਿਉਂਕਿ ਉਸ ਵੇਲੇ ਉਨ੍ਹਾਂ ਨੂੰ ਪੈਸਿਆਂ ਦੇ ਲੈਣ ਦੇਣ ਤੇ ਪੱਖ ਪਾਤ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਖਹਿਰਾ ਨੇ ਕੇਜਰੀਵਾਲ ਉਤੇ ਸਿੱਧੀ ਚੋਟ ਕਰਦਿਆਂ ਕਿਹਾ ਕਿ ਉਸ ਵੇਲੇ ਤੁਸੀਂ ਅਤਿ ਵਿਸ਼ਵਾਸ਼ ਨਾਲ ਭਰੇ ਹੋਏ ਸੀ, ਲਿਹਾਜਾ ਪੰਜਾਬੀਆਂ ਦੀ ਮਾਨਸਿਕਤਾਂ ਨੂੰ ਸਮਝਣ ਵਿਚ ਅਸਫਲ ਰਹੇ। ਉਨ੍ਹਾਂ ਕਿਹਾ ਕਿ ਇਸ ਦਾ ਇਕ ਕਾਰਨ ਇਹ ਵੀ ਰਿਹਾ ਕਿ ਜਿਨ੍ਹਾਂ ਦੋ ਸੂਬੇਦਾਰਾਂ ਨੂੰ ਤੁਸੀਂ ਪੰਜਾਬ ਚਲਾਉਣ ਦੀ ਜਿੰਮੇਵਾਰੀ ਦਿੱਤੀ ਸੀ, ਤੁਸੀਂ ਸ਼ਿਰਫ ਉਨ੍ਹਾਂ ਦੀ ਗੱਲ਼ ਸੁਣੀ ਤੇ ਪੰਜਾਬ ਦੇ ਵਲੰਟੀਅਰਾਂ ਦਾ ਰਤਾ ਵੀ ਖਿਆਲ ਨਹੀਂ ਕੀਤਾ।

ਸੁਖਪਾਲ ਖਹਿਰਾ ਨੇ ਆਪਣੇ ਅਸਤੀਫੇ ਵਿੱਚ ਲਿਖਿਆ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਕੇਜਰੀਵਾਲ ਵਲੋਂ ਮੁੱਖ ਮੰਤਰੀ ਦਾ ਚਿਹਰਾ ਨਾ ਦੇ ਕੇ ਲੋਕਾਂ ਦੇ ਮਨਾਂ ਅੰਦਰ ਇਹ ਗੱਲ ਪੱਕੀ ਕਰ ਦਿੱਤੀ ਕਿ ਜਿੱਤ ਤੋਂ ਬਾਅਦ ਕੋਈ ਬਾਹਰੀ ਵਿਅਕਤੀ ਸੂਬਾ ਚਲਾਵੇਗਾ। ਜਦਕਿ ਇਤਿਹਾਸ ਗਵਾਹ ਹੈ ਕਿ ਪੰਜਾਬੀ ਕਿਸੇ ਬਾਹਰੀ ਵਿਅਕਤੀ ਦੀ ਈਨ ਨਹੀਂ ਮੰਨਦੇ। ਉਨ੍ਹਾਂ ਪਾਰਟੀ ਦਾ ਸੌ ਸੀਟਾਂ ਦੇ ਦਾਅਵਿਆਂ ਦੇ ਬਾਵਜੂਦ 20 ਸੀਟਾਂ ‘ਤੇ ਸਿਮਟ ਜਾਣ ਦਾ ਭਾਂਡਾ ਵੀ ਕੇਜਰੀਵਾਲ ਦੇ ਉਕਤ ਦੋ ਸੂਬੇਦਾਰਾਂ ਦੇ ਸਿਰ ਉਤੇ ਹੀ ਭੰਨ ਦਿੱਤਾ। ਤੇ ਨਾਲ ਇਹ ਵੀ ਕਹਿ ਦਿੱਤਾ ਕਿ ਪਾਰ ਦਰਸ਼ਤਾ ਦੇ ਜਵਾਬਦੇਹੀ ਦੀ ਹਾਮੀ ਭਰਨ ਵਾਲੀ ਪਾਰਟੀ ਦੀ ਇਸ ਹਾਰ ਲਈ ਕਿਸੇ ਨੂੰ ਵੀ ਜਿੰਮੇਵਾਰ ਨਹੀਂ ਠਹਿਰਾਇਆ। ਉਨ੍ਹਾਂ ਕਿਹਾ ਕਿ ਹੱਦ ਤਾਂ ਇਥੋਂ ਤੱਕ ਹੈ ਕਿ ਇਸ ਦੇ ਬਾਦਜੂਦ ਇਨ੍ਹਾਂ ਸੂਬੇਦਾਰਾਂ ਵਿਚੋਂ ਇਕ ਅੱਜ ਵੀ ਪਰਦੇ ਪਿਛੇ ਪਾਰਟੀ ਨੂੰ ਪੰਜਾਬ ਅੰਦਰ ਚਲਾ ਰਿਹਾ ਹੈ। ਜਦਕਿ ਉਸ ਦੇ ਖਿਲਾਫ ਭਾਰੀ ਮੁਖਾਤਿਫ਼ ਹੋਈ ਹੈ।

ਅਰਵਿੰਦ ਕੇਜਰੀਵਾਲ ਦੀ ਦੁਖਦੀ ਰਗ ਤੇ ਹੱਥ ਰੱਖ ਕੇ ਜੋਰ ਦੀ ਦਬਾਉਂਦਿਆਂ ਖਹਿਰਾ ਨੇ ਕਿਹਾ ਕਿ ਨਸ਼ਿਆਂ ਦੇ ਮਾਮਲੇ ‘ਚ ਦਾਗੀ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਉਨ੍ਹਾਂ (ਕੇਜਰੀਵਾਲ) ਵੱਲੋਂ ਮੰਗੀ ਗਈ ਮੁਆਫੀ ਕਾਇਰਤਾ ਭਰਭੂਰ ਸੀ ਜੋ ਕਿ ਆਪ ਸੁਪਰੀਮੋਂ ਦੇ ਸਿਆਸਤ ਵਿੱਚ ਦੋਹਰੇ ਮਾਪਦੰਡਾਂ ਦਾ ਖੁਲਾਸਾ ਕਰਦੀ ਹੈ। ਪੰਜਾਬ ਦੇ ਪਾਣਿਆਂ ਦੇ ਮਸਲਿਆਂ ਵਿੱਚ ਵੀ ਖਹਿਰਾ ਨੇ ਕੇਜਰੀਵਾਲ ਨੂੰ ਨਹੀਂ ਬਖ਼ਸ਼ਿਆ ਤੇ ਆਪ ਸੁਪਰੀਮੋਂ ਵਲੋਂ ਇਸ ਸਬੰਧੀ ਦਿੱਤੇ ਗਏ ਬਿਆਨਾਂ ਨੂੰ ਦੋਗਲੇ ਕਰਾਰ ਦਿੰਦਿਆਂ ਉਨ੍ਹਾਂ ਨੂੰ ਭਾਰਤ ਦੇ ਚਲਾਕ ਲੀਡਰਾਂ ਦੀ ਜਮਾਤ ਵਿੱਚ ਖੜ੍ਹਾ ਹੋਇਆ ਦੱਸਿਆ। ਇਸ ਅਸਤੀਫੇ  ਵਿੱਚ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਦੇ ਸਵਰਾਜ ਵਾਲੇ ਨਾਅਰੇ ਸਬੰਧੀ ਵੀ ਕੇਜਰੀਵਾਲ ਨੂੰ ਮਿਹਣਾ ਮਾਰਨੋਂ ਪਿਛੇ ਨਹੀਂ ਹਟੇ ਤੇ ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਸਾਰੀਆਂ ਤਾਕਤਾਂ ਨੂੰ ਆਪਣੇ ਅਧੀਨ ਕਰਕੇ ਸਵਰਾਜ ਦੇ ਨਾਅਰੇ ਤੋਂ ਮੁਕਰਨ ਵਾਲੀ ਗੱਲ ਕੀਤੀ ਹੈ।

- Advertisement -

ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਤੁਸੀਂ ਪਾਰਟੀ ਉਤੇ ਸਿਰਫ ਆਪਣਾ ਕਬਜਾ ਰੱਖਣ ਤੇ ਕਨਵੀਨਰ ਬਣੇ ਰਹਿਣ ਲਈ ਆਪ ਦੇ ਸਵਿਧਾਨ ਨੂੰ ਛਿੱਕੇ ਟੰਗ ਦਿੱਤਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਨਾਲ ਵਾਰ-ਵਾਰ ਕੀਤੀ ਜਾ ਰਹੀ ਗੱਲਬਾਤ ਆਪ ਲਈ ਸਿਆਸੀ ਮੌਕਾ ਪ੍ਰਸਤੀ ਦੀ ਇੱਕ ਉਦਾਹਰਣ ਹੈ ਜਿਸਨੇ ਭਾਰਤੀ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤੁਹਾਡਾ ਵਤੀਰਾ ਐਨਾ ਤਾਨਾਸ਼ਾਹ ਹੈ ਕਿ ਤੁਸੀਂ ਪੰਜਾਬੀਆਂ ਤੇ ਭਾਰਤੀਆਂ ਦੇ ਸਿਸਟਮ ਨੂੰ ਬਦਲਣ ਦੇ ਸੁਪਣਿਆਂ ਨੂੰ ਇਸ ਵਤੀਰੇ ਨਾਲ ਤਹਿਸ ਨਹਿਸ ਕਰ ਦਿੱਤਾ ਹੈ।ਤਾਂਹੀਂ ਪ੍ਰਸ਼ਾਤ ਭੂਸ਼ਣ ਤੋਂ ਲੈ ਕੇ ਐਚਐਸ ਫੂਲਕਾ ਵਰਗੇ ਆਪ ਦੇ ਵੱਡੇ ਤੇ ਅਹਿਮ ਆਗੂ ਜਾਂ ਤਾਂ ਪਾਰਟੀ ਛੱਡ ਗਏ ਹਨ ਜਾਂ ਫੇਰ ਤੁਸੀਂ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਹੈ। ਸੁਖਪਾਲ ਖਹਿਰਾ ਅਨੁਸਾਰ ਲੋਕਾਂ ਨੇ ਸਾਫ ਸੁਥਰੇ ਸਿਆਸੀ ਬਦਲ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਦੀ ਆਸ ਅਜੇ ਵੀ ਨਹੀਂ ਛੱਡੀ ਪਰ ਮੁਕੱਮਲ ਕੇਂਦਰੀਕਰਨ ਵਾਲੇ ਹਾਈਕਮਾਡ ਕਲਚਰ ਦਾ ਹਿੱਸਾ ਰਹਿ ਕੇ ਇਹ ਆਸ ਪੂਰੀ ਹੋਣੀ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪਾਰਟੀ ਨੇ ਉਨ੍ਹਾਂ ਨੂੰ ਤੇ ਕੰਵਰ ਸੰਧੂ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਹੋਇਆ ਹੈ ਪਰ ਹੁਣ ਉਹ ਆਪ ਅਤੇ ਕੇਜਰੀਵਾਲ ਨਾਲੋਂ ਮੁਕੰਮਲ ਤੌਰ ‘ਤੇ ਨਾਤਾ ਤੋੜਦਿਆਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਦਿੰਦੇ ਹਨ। ਇੱਥੇ ਦੱਸ ਦਈਏ ਕਿ ਇਸ ਸਬੰਧ ਵਿੱਚ ਜਦੋਂ ਖਹਿਰਾ ਨਾਲ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਫੋਨ ਖਹਿਰਾ ਦੇ ਬੁਲਾਰੇ ਬੂਟਾ ਸਿੰਘ ਬਰਾਗੀ ਨੇ ਚੁਕਿਆ ਤੇ ਉਨ੍ਹਾਂ ਨੇ ਪਟਾਕ ਦੇਣੇ ਸਭ ਤੋਂ ਪਹਿਲਾਂ ਇਹੋ ਕਿਹਾ ਕਿ ਖਹਿਰਾ ਸਾਹਿਬ ਨੇ ਆਪ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੈ ਪਰ ਵਿਧਾਇਕੀ ਤੋਂ ਅਸਤੀਫਾ ਨਹੀਂ ਦੇਣਗੇ।

ਇਹ ਤਾਂ ਸੀ ਖਹਿਰਾ ਵਲੋਂ ਕੇਜਰੀਵਾਲ ਨੂੰ ਭੇਜਿਆ ਗਿਆ ਉਹ ਅਸਤੀਫਾ ਜੋ ਕਿ ਉਨ੍ਹਾਂ ਵਲੋਂ ਮੀਡੀਆ ਨੂੰ ਈ-ਮੇਲ ਕਰਕੇ ਜਾਣਕਾਰੀ ਹਿੱਤ ਭੇਜਿਆ ਹੈ, ਪਰ ਇਹ ਅਸਤੀਫਾ ਪੜ੍ਹਣ ਤੋਂ ਬਾਅਦ ਇਕ ਸਵਾਲ ਨੇ ਤੁਰੰਤ ਮੂੰਹ ਅੱਡ ਕੇ ਜਵਾਬ ਮੰਗਣਾ ਸ਼ੁਰੂ ਕਰ ਦਿੱਤਾ ਹੈ ਕਿ ਖਹਿਰਾ ਦੇ ਅਸਤੀਫੇ ਤੋਂ ਬਾਅਦ ਉਨ੍ਹਾਂ ਦੀ ਵਿਧਾਇਕੀ ਦਾ ਕੀ ਬਣੂੰ, ਜੇਕਰ ਵਿਧਾਇਕੀ ਨਹੀਂ ਵੀ ਜਾਂਦੀ ਤਾਂ ਜਿਸ ਪਾਰਟੀ ਨੂੰ ਉਹ ਐਨਾ ਬੁਰਾ ਭਲਾ ਕਹਿ ਕੇ ਉਸ ਦੀ ਮੁੱਢਲੀ ਮੈਂਬਰਸ਼ਿਪ ਵੀ ਤਿਆਗ ਰਹੇ ਹਨ ਤਾਂ ਉਸ ਪਾਰਟੀ ਦੀ ਟਿਕਟ ਤੇ ਚੋਂਣ ਲੜ ਕੇ ਵਿਧਾਇਕੀ ਹਾਸਲ ਕਰਨ ਵਾਲੇ ਖਹਿਰਾ ਕੋਲ ਅਜਿਹਾ ਕੀ ਨੈਤਿਕ ਅਧਿਕਾਰ ਹੈ ਜੋ ਉਹ ਵਿਧਾਇਕੀ ਦੇ ਪਾਵਿਆਂ ਨੂੰ ਚਿੰਬੜ ਕੇ ਬੈਠੇ ਰਹਿਣ? ਦੂਜਿਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾ ਰਹੇ ਖਹਿਰਾ ਨੂੰ ਕੀ ਇਹ ਸਬਕ ਆਪ ਸਿੱਖਣ ਦੀ ਲੋੜ ਨਹੀਂ ਹੈ ?

Share this Article
Leave a comment