ਜਲੰਧਰ : ਜਿਉਂ ਜਿਉਂ ਲੋਕ ਸਭਾ ਚੋਣਾਂ ਨਜਦੀਕ ਆ ਰਹੀਆਂ ਨੇ ਤਿਉਂ ਤਿਉਂ ਸਿਆਸੀ ਪਾਰਟੀਆਂ ਦੀਆਂ ਮੁਸ਼ਕਲਾਂ ਵਧਦੀਆਂ ਹੀ ਜਾ ਰਹੀਆਂ ਨੇ। ਸਿਆਸਤ ਰੂਪੀ ਕਮਾਨ ਵਿੱਚੋਂ ਹਰ ਦਿਨ ਇੱਕ ਨਵਾਂ ਹੀ ਤੀਰ ਨਿੱਕਲ ਰਿਹਾ ਹੈ। ਇੰਝ ਜਾਪਦਾ ਹੈ ਕਿ ਅੱਜ ਇਹ ਸਿਆਸਤ ਦਾ ਤੀਰ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਅਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਜਾ ਵੱਜਿਐ । ਜੀ ਹਾਂ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਇੱਕ ਵਾਰ ਫਿਰ ਵਿਵਾਦਾਂ ‘ਚ ਘਿਰਦੇ ਜਾ ਰਹੇ ਨੇ। ਉਨ੍ਹਾਂ ਦੇ ਖਿਲਾਫ ਧਾਰਮਿਕ ਸਥਾਨ ਦੀ ਜਗ੍ਹਾ ਤੇ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਕਪੂਰਥਲਾ ਦੇ ਕਸਬੇ ਕਾਂਜਲੀ ‘ਚ ਸਥਿਤ ਸ਼੍ਰੀ ਚੰਦ ਸਮਾਜ ਭਾਈਚਾਰੇ ਵੱਲੋਂ ਰਾਣਾ ਗੁਰਜੀਤ ‘ਤੇ ਆਸ਼ਰਮ ਦਾ ਧਾਰਮਿਕ ਸਥਾਨ ਹੜੱਪਣ ਦਾ ਦੋਸ਼ ਲਾਇਆ ਜਾ ਰਿਹਾ ਹੈ।
ਆਸ਼ਰਮ ਪ੍ਰਬੰਧਕ ਬਾਬਾ ਰਾਜਾ ਕਿਸ਼ੋਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸ ਵਿਧਾਇਕ ਰਾਣੇ ‘ਤੇ ਦੋਸ਼ ਲਾਇਆ ਹੈ ਕਿ ਜ਼ਮੀਨ ਹਥਿਆਉਣ ਦੇ ਟੀਚੇ ਨਾਲ ਪਹਿਲਾਂ ਤਾਂ ਕਾਂਗਰਸੀ ਵਿਧਾਇਕ ਦੇ ਸਮਰਥਕਾਂ ਨੇ ਆਸ਼ਰਮ ਦੇ ਮਹੰਤ ਵਾਸੂਦੇਵ ਨੂੰ 3 ਮਹੀਨੇ ਪਹਿਲਾਂ ਝੂਠੇ ਦੋਸ਼ ਲਾ ਕੇ ਜੇਲ੍ਹ ਭਿਜਵਾ ਦਿੱਤਾ ਅਤੇ ਫਿਰ ਬਾਅਦ ‘ਚ ਡੇਰੇ ਦੇ ਜ਼ਮੀਨ ਤੇ ਕਬਜ਼ਾ ਕਰ ਲਿਆ। ਦੋਸ਼ ਇਹ ਵੀ ਹੈ ਕਿ ਰਾਣਾ ਗੁਰਜੀਤ ਦਾ ਮਕਸਦ ਸਿਰਫ ਤੇ ਸਿਰਫ ਆਸ਼ਰਮ ਦੀ 16 ਕਿੱਲੇ ਜ਼ਮੀਨ ਤੇ ਕਬਜ਼ਾ ਕਰਨ ਦਾ ਹੈ।
ਇਸ ਆਸ਼ਰਮ ਦੀ ਜ਼ਮੀਨ ਸਬੰਧੀ ਜਾਣਕਾਰੀ ਦਿੰਦੇ ਹੋਏ ਆਸ਼ਰਮ ਦੇ ਮਹੰਤ ਬਾਬਾ ਰਾਜਾ ਕਿਸ਼ੋਰ ਨੇ ਦੱਸਿਆ ਕਿ ਇਹ ਜ਼ਮੀਨ ਕਪੂਰਥਲਾ ਦੇ ਰਾਜੇ ਵੱਲੋਂ ਆਸ਼ਰਮ ਨੂੰ ਭੇਂਟ ਕੀਤੀ ਗਈ ਸੀ ਜਿਸ ਤੇ ਇਨ੍ਹਾਂ ਦੇ ਸਮਰਥਕਾਂ ਨੇ ਕਬਜ਼ਾ ਕਰਕੇ ਉੱਥੋਂ ਆਸ਼ਰਮ ਦਾ ਝੰਡਾ ਉਤਾਰ ਦਿੱਤਾ ਹੈ ‘ਤੇ ਉਸ ਜਗ੍ਹਾ ‘ਤੇ ਨਿਸਾਨ ਸਾਹਿਬ ਲਗਾ ਦਿੱਤਾ ਹੈ। ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਸ਼ਰਮ ਦੇ ਪ੍ਰਬੰਧਕਾਂ ਨੇ ਰਾਣਾ ਗੁਰਜੀਤ ਨਾਲ ਗੱਲਬਾਤ ਕੀਤੀ ਸੀ, ਪਰ ਉਨ੍ਹਾਂ ਨੇ ਇਸ ਗੱਲ ਨੂ ਆਈ ਗਈ ਕਰਕੇ ਅਣਸੁਣੀ ਕਰ ਦਿੱਤਾ। ਆਸ਼ਰਮ ਪ੍ਰਬੰਧਕਾਂ ਵੱਲੋਂ ਇਸ ਸਬੰਧੀ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਇੰਨਸਾਫ ਦੀ ਮੰਗ ਕੀਤੀ ਹੈ।
ਇਸ ਮਾਮਲੇ ਬਾਰੇ ਜਦੋਂ ਰਾਣਾ ਗੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਵੀ ਗੱਲ ਨਹੀਂ ਹੈ। ਉਨ੍ਹਾਂ ‘ਤੇ ਲਗਾਏ ਜਾ ਰਹੇ ਦੋਸ਼ ਬੇ ਬੁਨਿਆਦ ਹਨ।