Saturday , August 17 2019
Home / ਓਪੀਨੀਅਨ / ਕ੍ਰਿਕਟਰ ਤੋਂ ਸਿਆਸਤਦਾਨ ਬਣਿਆਂ ਨਵਜੋਤ ਸਿੱਧੂ, ਜੋ ਹਰ ਵਾਰ ਝੁਕਿਆ ਨਹੀਂ, ਪਰ ਟੁੱਟ ਗਿਆ

ਕ੍ਰਿਕਟਰ ਤੋਂ ਸਿਆਸਤਦਾਨ ਬਣਿਆਂ ਨਵਜੋਤ ਸਿੱਧੂ, ਜੋ ਹਰ ਵਾਰ ਝੁਕਿਆ ਨਹੀਂ, ਪਰ ਟੁੱਟ ਗਿਆ

ਕੁਲਵੰਤ ਸਿੰਘ

ਪਟਿਆਲਾ : ਇੰਨੀ ਦਿਨੀਂ ਪੰਜਾਬ ਦੀ ਸਿਆਸਤ ਵਿੱਚ ਜੇਕਰ ਕੋਈ ਨਾਮ ਸਭ ਤੋਂ ਜਿਆਦਾ ਚਰਚਿਤ ਹੈ ਤਾਂ ਉਹ ਹੈ ਨਵਜੋਤ ਸਿੰਘ ਸਿੱਧੂ। ਇਸ ਚਰਚਾ ਦਾ ਕਾਰਨ ਹੈ ਸਿੱਧੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਨ੍ਹਾਂ ਫੈਸਲਿਆਂ ਖਿਲਾਫ ਚੁੱਕੀ ਗਈ ਅਵਾਜ਼ ਜਿਸ ਬਾਰੇ ਸਿੱਧੂ ਦਾ ਦੋਸ਼ ਹੈ ਕਿ ਕੈਪਟਨ ਨੇ ਸਥਾਨਕ ਸਰਕਾਰਾਂ ਮਹਿਕਮਾਂ ਵਾਪਸ ਲੈ ਕੇ ਉਨ੍ਹਾਂ ਨਾਲ ਧੱਕਾ ਕੀਤਾ ਹੈ। ਪਰ ਸਵਾਲ ਇਹ ਹੈ ਕਿ ਮਹਿਕਮੇਂ ਤਾਂ ਹੋਰ ਕਈ ਮੰਤਰੀਆਂ ਦੇ ਵੀ ਬਦਲੇ ਗਏ ਸਨ? ਮਹਿਕਮਾਂ ਤਾਂ ਓ.ਪੀ. ਸੋਨੀ ਦਾ ਵੀ ਬਦਲਿਆ ਸੀ? ਜਿੰਨ੍ਹਾਂ ਨੇ ਥੋੜੀ ਜਿਹੀ ਜਿੱਦ ਤੋਂ ਬਾਅਦ ਨਵੇਂ ਮਹਿਕਮੇਂ ਦਾ ਚਾਰਜ ਸੰਭਾਲ ਲਿਆ ਸੀ? ਫਿਰ ਆਖਰ ਸਿੱਧੂ ਹੀ ਅਜਿਹੇ ਮੰਤਰੀ ਕਿਉਂ ਰਹੇ ਜਿਨ੍ਹਾਂ ਨੇ ਕੈਪਟਨ ਵਿਰੁੱਧ ਬਗਾਵਤ ਦਾ ਝੰਡਾ ਇਸ ਕਦਰ ਬੁਲੰਦ ਕੀਤਾ ਕਿ ਇਸ ਦੌਰਾਨ ਉਨ੍ਹਾਂ ਨੇ ਆਪਣੇ ਮੰਤਰੀ ਵਾਲੀ ਕੁਰਸੀ ਤਾਂ ਗਵਾ ਲਈ ਪਰ ਆਪਣੀ ਗੱਲ ‘ਤੇ ਅੜੇ ਰਹੇ? ਭਾਵੇਂ ਕਿ ਜੇਕਰ ਸਿੱਧੂ ਦੇ ਤਰਕਾਂ ਨੂੰ ਦੇਖਿਆ, ਪਰਖਿਆ ਤੇ ਸਮਝਿਆ ਜਾਵੇ ਤਾਂ ਲੋਕ ਹਾਂ ਵਿੱਚ ਸਿਰ ਮਾਰਨ ਲਈ ਮਜਬੂਰ ਹੋ ਜਾਂਦੇ ਹਨ, ਕਿ ਸਿੱਧੂ ਆਪਣੀ ਜਗ੍ਹਾ ‘ਤੇ ਠੀਕ ਹਨ, ਪਰ ਇਸ ਦੇ ਬਾਵਜੂਦ ਇੱਕ ਸੱਚਾਈ ਇਹ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਜਿਸ ਕੰਮ ਨੂੰ ਵੀ ਆਪਣੇ ਕੈਰੀਅਰ ਵਜੋਂ ਅਪਣਾਇਆ ਉਹ ਇਸ ਲਈ ਅੱਧਵਾਟੇ ‘ਚ ਛੁੱਟ ਗਿਆ ਕਿਉਂਕਿ ਉਨ੍ਹਾਂ ਨੇ ਕਦੇ ਝੁਕਣਾ ਨਹੀਂ ਸਿੱਖਿਆ, ਤੇ ਸ਼ਾਇਦ ਇਹੋ ਕਾਰਨ ਸੀ ਕਿ ਉਹ ਹਰ ਵਾਰ ਟੁੱਟ ਗਏ ਜਾਂ ਇੰਝ ਕਹਿ ਲਓ ਕਿ ਕ੍ਰਿਕਟ ਖਿਡਾਰੀ ਨੇ ਆਪਣੀ ਜਿੰਦਗੀ ਵਿੱਚ ਜਾਂ ਤਾਂ ਚੌਕੇ ਛਿੱਕੇ ਮਾਰੇ ਤੇ ਜਾਂ ਫਿਰ ਉਹ ਕਲੀਨ ਬੋਲਡ ਹੋ ਗਏ ਤੇ ਇਹ ਉਹ ਸੱਚਾਈ ਹੈ ਜਿਸ ਦਾ ਸ਼ਾਇਦ ਸਿੱਧੂ ਹੁਰਾਂ ਨੂੰ ਵੀ ਅਹਿਸਾਸ ਹੈ ਤੇ ਸ਼ਾਇਦ ਇਹੋ ਸੱਚਾਈ ਉਨ੍ਹਾਂ ਨੂੰ ਧਰਮ, ਕਰਮ ਦੇ ਰਸਤੇ ਵੱਲ ਵੀ ਜਿਆਦਾ ਤੋਰ ਰਹੀ ਹੈ। ਸਾਨੂੰ ਪਤਾ ਹੈ ਕਿ ਇੰਨਾ ਪੜ੍ਹਦਿਆਂ ਹੀ ਇਹ ਸਵਾਲ ਜਰੂਰ ਉੱਠੇਗਾ ਕਿ ਅਸੀਂ ਅਜਿਹਾ ਕਿਵੇਂ ਕਹਿ ਸਕਦੇ ਹਾਂ? ਇਸ ਨੂੰ ਸਮਝਣ ਲਈ ਸਾਨੂੰ ਥੋੜੇ ਵਿਸਥਾਰ ਵੱਲ ਜਾਣਾ ਪਾਵੇਗਾ। ਚਲੋ ਚਲਦੇ ਹਾਂ।

ਇਹ ਕਹਾਣੀ ਸ਼ੁਰੂ ਹੁੰਦੀ ਹੈ ਨਵਜੋਤ ਸਿੰਘ ਸਿੱਧੂ ਵੱਲੋਂ ਕ੍ਰਿਕਟ ਨੂੰ ਕੈਰੀਅਰ ਵਜੋਂ ਅਪਣਾਏ ਜਾਣ ਤੋਂ, ਜਿੱਥੇ ਸਿੱਧੂ ਨੂੰ ਜਿੰਨੀ ਦੇਰ ਤੱਕ ਨੰਬਰ ਇੱਕ-2 ‘ਤੇ ਖੇਡਣ ਲਈ ਭੇਜਿਆ ਜਾਂਦਾ ਰਿਹਾ ਉੰਨੀ ਦੇਰ ਤੱਕ ਉਨ੍ਹਾਂ ਨੇ ਆਪਣੇ ਚੌਂਕੇ ਛਿੱਕਿਆਂ ਦੀ ਖੇਡ ਨਾਲ ਖੂਬ ਸੁਰਖੀਆਂ ਬਟੋਰਆਂ ਤੇ ਜਦੋਂ ਕਦੇ ਉਨ੍ਹਾਂ ਨੂੰ 4-5 ਖਿਡਾਰੀ ਆਉਟ ਹੋਣ ‘ਤੇ ਭੇਜਿਆ ਜਾਦਾ ਤਾਂ ਉੱਥੇ ਉਹ ਕੁਝ ਖਾਸ ਨਹੀਂ ਕਰ ਪਾਉਂਦੇ ਸਨ। ਕੁੱਲ ਮਿਲਾ ਕੇ ਇਸ ਖੇਡ ਵਿੱਚ ਜਾਂ ਤਾਂ ਨਵਜੋਤ ਸਿੰਘ ਸਿੱਧੂ ਨੇ ਚੌਂਕੇ ਛਿੱਕਿਆਂ ਦੀ ਬਰਸਾਤ ਕੀਤੀ ਤੇ ਜਾਂ ਫਿਰ ਉੁਹ ਆਉਂਦੇ ਹੀ ਆਊਟ ਹੋ ਕੇ ਵਾਪਸ ਚਲੇ ਜਾਂਦੇ ਸਨ ਇਸ ਤਰ੍ਹਾਂ ਇਸ ਖੇਡ ਵਿੱਚ ਸਿੱਧੂ ਨੇ ਵਿਸ਼ਵ ਭਰ ਦੇ ਕ੍ਰਿਕਟ ਪ੍ਰੇਮੀਆਂ ਦੇ ਦਿਲਾਂ ਵਿੱਚ ਚੰਦ ਦਿਨਾਂ ਅੰਦਰ ਹੀ ਬੜਾ ਉੱਚਾ ਮੁਕਾਮ ਹਾਸਲ ਕਰ ਲਿਆ ਤੇ ਭਾਰਤੀ ਕ੍ਰਿਕਟ ਪ੍ਰੇਮੀ ਉਨ੍ਹਾਂ ਦੀ ਬੱਲੇ ਬਾਜੀ ਦੇ ਦੀਵਾਨੇ ਹੋ ਗਏ। ਇਸ ਦੌਰਾਨ ਜਦੋਂ ਸਿੱਧੂ ਦਾ ਇਹ ਕੈਰੀਅਰ ਪੂਰੀਆਂ ਬੁਲੰਦੀਆਂ ‘ਤੇ ਸੀ ਤਾਂ ਇੰਗਲੈਂਡ ਦੌਰੇ ‘ਤੇ ਗਏ ਨਵਜੋਤ ਸਿੰਘ ਸਿੱਧੂ ਦਾ ਕਿਸੇ ਗੱਲ ਨੂੰ ਲੈ ਕੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮੁਹੰਮਦ ਅਜ਼ਰਉਦੀਨ ਨਾਲ ਝਗੜਾ ਹੋ ਗਿਆ ਤੇ ਇਹ ਝਗੜਾ ਵਧਦੇ ਵਧਦੇ ਇੱਥੋਂ ਤੱਕ ਗੰਭੀਰ ਰੂਪ ਧਾਰਨ ਕਰ ਗਿਆ ਕਿ ਉਸ ਤੋਂ ਬਾਅਦ ਸਿੱਧੂ ਨਾ ਸਿਰਫ ਇੰਗਲੈਂਡ ਦੌਰਾ ਵਿੱਚੇ ਛੱਡ ਕੇ ਭਾਰਤ ਪਰਤ ਆਏ, ਬਲਕਿ ਇਸ ਉਪਰੰਤ ਉਨ੍ਹਾਂ ਨੇ ਕ੍ਰਿਕਟ ਨੂੰ ਹੀ ਸਦਾ ਲਈ ਅਲਵੀਦਾ ਕਹਿ ਦਿੱਤਾ। ਇਸ ਤਰ੍ਹਾਂ ਬਤੌਰ ਕ੍ਰਿਕਟ ਖਿਡਾਰੀ ਸਿੱਧੂ ਦੇ ਇਸ ਕੈਰੀਅਰ ਦਾ ਅੰਤ ਹੋ ਗਿਆ।

ਇਸ ਉਪਰੰਤ ਨਵਜੋਤ ਸਿੰਘ ਸਿੱਧੂ ਹੁਰਾਂ ਨੇ ਕ੍ਰਿਕਟ ਖੇਡ ਵਿੱਚ ਕਮੈਂਟਰੇਟਰ ਦੇ ਤੌਰ ‘ਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਕ੍ਰਿਕਟ ਕਮੈਂਟਰੀ ਨੂੰ ਹੀ ਆਪਣਾ ਕੈਰੀਅਰ ਬਣਾ ਲਿਆ। ਜਿੱਥੇ ਉਨ੍ਹਾਂ ਨੇ ਆਪਣੀ ਜੋਰ ਦਾਰ ਕਮੈਂਟਰੀ ਰਾਹੀਂ ਕ੍ਰਿਕਟ ਪ੍ਰੇਮੀਆਂ ਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ, “ਮਿੱਤਰੋ ਪਿਕਚਰ ਅਜੇ ਖਤਮ ਨਹੀਂ ਹੋਈ, ਕੀ ਹੋਇਆ ਜੇ ਮੈਂ ਮੈਦਾਨ ‘ਚ ਨਹੀਂ ਖੇਡ ਰਿਹਾ, ਤੁਹਾਨੂੰ ਇਸ ਖੇਡ ਦਾ ਅਨੰਦ ਮੇਰੀ ਕਮੈਂਟਰੀ ਰਾਹੀਂ ਉਸ ਨਾਲੋਂ ਵੀ ਵੱਧ ਆਵੇਗਾ ਜਿੰਨਾਂ ਮੇਰੇ ਮੈਦਾਨ ਵਿੱਚ ਖੇਡਦਿਆਂ ਆਇਆ ਕਰਦਾ ਸੀ”। ਸਿੱਧੂ ਦੀ ਕਮੈਂਟਰੀ ਨੇ ਦਿਨਾਂ ਅੰਦਰ ਹੀ ਉਨ੍ਹਾਂ ਦੀ ਮੰਗ ਇੰਨੀ ਵਧਾ ਦਿੱਤੀ ਕਿ ਹਰ ਟੀ.ਵੀ. ਚੈਨਲ ਨਵਜੋਤ ਸਿੰਘ ਸਿੱਧੂ ਹੁਰਾਂ ਨੂੰ ਆਪਣੇ ਟੀ.ਵੀ. ‘ਤੇ ਬਤੌਰ ਕ੍ਰਿਕਟ ਮਾਹਰ ਸੱਦ ਕੇ ਕ੍ਰਿਕਟ ਦੀਆਂ ਬਾਰੀਕੀਆਂ ਦਰਸ਼ਕਾਂ ਤੱਕ ਪਹੁੰਚਾਉਣਾ ਚਾਹੁੰਦਾ ਸੀ।

ਨਵਜੋਤ ਸਿੰਘ ਸਿੱਧੂ ਦਾ ਇਹ ਕੈਰੀਅਰ ਜਿਸ ਵੇਲੇ ਉਨ੍ਹਾਂ ਹੀ ਉੱਚਾਈਆਂ ‘ਤੇ ਜਾ ਪੁੱਜਾ ਜਿਹੜੀਆਂ ਉਚਾਈਆਂ ਉਨ੍ਹਾਂ ਨੇ ਬਤੌਰ ਕ੍ਰਿਕਟ ਖਿਡਾਰੀ ਹਾਸਲ ਕੀਤੀਆਂ ਸਨ ਤਾਂ ਉਸ ਵੇਲੇ ਉਨ੍ਹਾਂ ਨੂੰ ਕਪਿਲ ਸ਼ਰਮਾਂ ਮਿਲ ਗਏ ਜਿਨ੍ਹਾਂ ਨੇ ਸਿੱਧੂ ਨੂੰ ਆਪਣੇ ਕਮੇਡੀ ਸ਼ੋਅ (ਹਾਸ-ਰਸ) ਵਿੱਚ ਬਤੌਰ ਜੱਜ ਥਾਂ ਦੇ ਦਿੱਤੀ। ਇੱਥੇ ਆ ਕੇ ਵੀ ਸਿੱਧੂ ਨੇ ਆਪਣੀ ਸ਼ਾਇਰੋ ਸ਼ਾਇਰੀ ਅਤੇ ਤਾੜੀਆਂ ਮਾਰ ਮਾਰ ਕੇ ਖੂਬ ਹੱਸਣ ਦੇ ਵੱਖਰੇ ਹੀ ਅੰਦਾਜ ਨਾਲ ਇਸ ਵਾਰ ਬਾਲੀਵੁੱਡ ਜਗਤ ਵਿੱਚ ਵੀ ਆਪਣੀ ਵੱਖਰੀ ਹੀ ਪਹਿਚਾਣ ਬਣਾ ਲਈ। ਜਦੋਂ ਸਿੱਧੂ ਵੱਲੋਂ ਇਸ ਸ਼ੋਅ ਨੂੰ ਵੀ ਆਪਣੇ ਕੈਰੀਅਰ ਵਜੋਂ ਅਪਣਾ ਲਿਆ ਗਿਆ ਤੇ ਇਹ ਸ਼ੋਅ ਵੀ ਪੂਰਾ ਪੂਰਾ ਹਿੱਟ ਜਾਣ ਲੱਗ ਪਿਆ ਤਾਂ ਉਸ ਸਮੇਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤੇ ਇੰਝ ਉਨ੍ਹਾਂ ਨੇ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਵੀ ਕਦਮ ਰੱਖ ਲਿਆ।

ਜਿਵੇਂ ਕਿ ਪਹਿਲਾਂ ਹੁੰਦਾ ਆਇਆ ਸੀ ਕੁਝ ਦਿਨਾਂ ਦੌਰਾਨ ਹੀ ਨਵਜੋਤ ਸਿੰਘ ਸਿੱਧੂ ਹੁਰਾਂ ਨੇ ਰਾਜਨੀਤੀ ਵਿੱਚ ਵੀ ਆਪਣੇ ਵਿਰੋਧੀਆਂ ਨੂੰ ਪਛਾੜ ਸੁੱਟਿਆ ਤੇ ਉਹ 2 ਵਾਰ ਮੈਂਬਰ ਪਾਰਲੀਮੈਂਟ ਤੇ ਇੱਕ ਵਾਰ ਰਾਜ ਸਭਾ ਮੈਂਬਰ ਬਣਨ ਵਿੱਚ ਕਾਮਯਾਬ ਰਹੇ, ਪਰ ਇੱਥੇ ਆ ਕੇ ਵੀ ਨਵਜੋਤ ਸਿੰਘ ਸਿੱਧੂ ਹੁਰਾਂ ਦਾ ਪੇਚ ਭਾਰਤੀ ਜਨਤਾ ਵਾਲਿਆਂ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਟੀਮ ਨਾਲ ਫਸ ਗਿਆ, ਜਿੱਥੇ ਰਾਜਨੀਤੀ ਦੇ ਉਨ੍ਹਾਂ ਪੁਰਾਣੇ ਖਿਡਾਰੀਆਂ ਨੇ ਰਲ ਕੇ ਨਵਜੋਤ ਸਿੰਘ ਸਿੱਧੂ ਹੁਰਾਂ ਦੀ ਇੱਕ ਨਹੀਂ ਚੱਲਣ ਦਿੱਤੀ ਤੇ ਆਪਣੀ ਜਿੰਦਗੀ ਵਿੱਚ ਕਦੇ ਨਾ ਝੁਕਣਾ ਸਿੱਖ ਚੁਕੇ ਸਿੱਧੂ ਨੇ ਇੱਥੇ ਵੀ ਝੁਕਣਾ ਕਬੂਲ ਨਹੀਂ ਕੀਤਾ ਤੇ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਤਿਆਗ ਕੇ ਸਾਲ 2017 ਦੌਰਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ।

ਇਨ੍ਹਾਂ ਚੋਣਾਂ ਵਿੱਚ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਟੀਮ ਨਾਲ ਰਲ ਕੇ ਵਿਧਾਨ ਸਭਾ ਚੋਣਾਂ ਜਿੱਤਣ ਲਈ ਪੂਰੀ ਵਾਹ ਲਾ ਦਿੱਤੀ ਤੇ ਸਿੱਧੂ ਕੈਪਟਨ ਨਾਲ ਰਲ ਕੇ ਆਪਣੀ ਪਾਰਟੀ ਨੂੰ ਉਸ ਵੇਲੇ 77 ਸੀਟਾਂ ਜਿਤਾਉਣ ਵਿੱਚ ਕਾਮਯਾਬ ਰਹੇ, ਜਦੋਂ ਪੰਜਾਬ ਵਿੱਚ ਸੌ ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਬਣਾਏ ਜਾਣ ਦੇ ਦਾਅਵੇ ਕੀਤੇ ਜਾ ਰਹੇ ਸਨ। ਸਰਕਾਰ ਬਣਦਿਆਂ ਹੀ ਜਿਹੜਾ ਸਭ ਤੋਂ ਪਹਿਲਾਂ ਰੌਲਾ ਪਿਆ ਉਹ ਸੀ ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਦਾ। ਜਿਹੜਾ ਕਿ ਕੈਪਟਨ ਵੱਲੋਂ ਸਿੱਧੂ ਨੂੰ ਕੈਬਨਿਟ ਮੰਤਰੀ ਦੀ ਸਹੁੰ ਚੁਕਾਏ ਜਾਣ ਨਾਲ ਫੁੱਸ ਪਟਾਕਾ ਹੋ ਕੇ ਰਹਿ ਗਿਆ। ਸਿੱਧੂ ਕੈਬਨਿਟ ਮੰਤਰੀ ਬਣੇ ਤੇ ਉਨ੍ਹਾਂ ਨੇ ਸਥਾਨਕ ਸਰਕਾਰਾਂ ਮਹਿਕਮੇਂ ਦਾ ਚਾਰਜ ਸੰਭਾਲ ਕੇ ਘਾਟੇ ਵਿੱਚ ਚੱਲ ਰਹੇ ਇਸ ਮਹਿਕਮੇਂ ਰਾਹੀਂ ਨਾ ਸਿਰਫ ਬਹੁਤ ਸਾਰੇ ਵਿਕਾਸ ਕਾਰਜ ਕਰਵਾਏ ਬਲਕਿ ਇਸ ਮਹਿਕਮੇਂ ਨੂੰ ਫਾਇਦੇ ਵਿੱਚ ਵੀ ਲੈ ਆਂਦਾ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਦੀ ਬਹੁਤ ਸਾਰੇ ਮਸਲਿਆਂ ‘ਤੇ ਕੈਪਟਨ ਅਮਰਿੰਦਰ ਸਿੰਘ ਹੁਰਾਂ ਨਾਲ ਅੰਦਰੋ ਅੰਦਰੀ ਖੜਕਦੀ ਰਹੀ। ਜਿਸ ਵਿੱਚ ਸਿੱਧੂ ਵੱਲੋਂ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਵਿੱਚ ਬਾਦਲਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰਨਾ, ਫਾਸਟਵੇਅ ਕੇਬਲ ਵਾਲਿਆਂ ‘ਤੇ ਸੈਂਕੜੇ ਕਰੋੜਾਂ ਦਾ ਟੈਕਸ ਨਾ ਵਸੂਲਣ ਦੀ ਮੰਗ ਕਰਨਾ, ਉਨ੍ਹਾਂ ਵੱਲੋਂ ਬਿਕਰਮ ਮਜੀਠੀਆ ਤੇ ਕੁਝ ਹੋਰਾਂ ‘ਤੇ ਨਸ਼ਾ ਤਸਕਰੀ ਦੇ ਮਾਮਲਿਆਂ ਦੀ ਜਾਂਚ ਬਿਠਾਉਣ ਦੀ ਅਵਾਜ਼ ਚੁੱਕਣਾ ਤੇ ਵਿਧਾਨ ਸਭਾ ਅੰਦਰ ਸਿੱਧੂ ਵੱਲੋਂ ਝੋਲੀਆਂ ਅੱਡ ਅੱਡ ਕੇ ਕੀਤੀਆਂ ਮੰਗਾਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਖੋਂ ਪਰੋਖੇ ਕਰ ਦੇਣਾ ਸ਼ਾਮਲ ਸਨ। ਇਸ ਦੌਰਾਨ ਹੌਲੀ ਹੌਲੀ ਚਲਦਾ ਇਹ ਖੜਕਾ ਦੜਕਾ ਉਸ ਵੇਲੇ ਵੱਡੇ ਧਮਾਕੇ ਦਾ ਰੂਪ ਧਾਰਨ ਕਰ ਗਿਆ ਜਦੋਂ ਸਿੱਧੂ ਨੇ ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਦੀ ਇੱਕ ਰੈਲੀ ਵਿੱਚ ਬੋਲਦਿਆਂ ਵੋਟਰਾਂ ਨੂੰ ਇਹ ਅਪੀਲ ਕਰ ਦਿੱਤੀ ਕਿ ਜਿਨ੍ਹਾਂ ਲੋਕਾਂ ਨੇ ਕਾਂਗਰਸ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ, ਉਨ੍ਹਾਂ ਨੂੰ, ਤੇ 75-25 ਦੀ ਸਾਂਝੇਦਾਰੀ ਕਰਨ ਵਾਲੇ ਲੋਕਾਂ ਨੂੰ ਠੋਕ ਦਿਓ।

ਸਿੱਧੂ ਦੇ ਇਸ ਬਿਆਨ ‘ਤੇ ਕੈਪਟਨ ਨੇ ਇੰਨਾ ਬੁਰਾ ਮਨਾਇਆ ਕਿ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ‘ਤੇ ਇਹ ਇਲਜ਼ਾਮ ਲਾਉਂਦਿਆਂ ਉਨ੍ਹਾਂ ਤੋਂ ਸਥਾਨਕ ਸਰਕਾਰਾਂ ਮਹਿਕਮਾਂ ਖੋਹ ਲਿਆ ਕਿ ਚੋਣਾ ਦੌਰਾਨ ਸਿੱਧੂ ਦੇ ਮਹਿਕਮੇਂ ਦੀ ਮਾੜੀ ਕਾਰਗੁਜਾਰੀ ਕਾਰਨ ਹੀ ਕਾਂਗਰਸ ਪਾਰਟੀ ਦੀ ਸ਼ਹਿਰਾਂ ਅੰਦਰ ਹਾਰ ਹੋਈ ਹੈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰ ਸੰਮਲੇਨ ਕਰਕੇ ਆਪਣੇ ਮਹਿਕਮੇ਼ਂ ਦੀ ਕਾਰਗੁਜਾਰੀ ਪੱਤਰਕਾਰਾਂ ਅੱਗੇ ਹੀ ਨਹੀਂ ਰੱਖੀ ਬਲਕਿ ਜਿਹੜਾ ਬਿਜਲੀ ਮਹਿਕਮਾਂ ਕੈਪਟਨ ਨੇ ਸਿੱਧੂ ਨੂੰ ਦਿੱਤਾ ਸੀ ਉਸ ਮਹਿਕਮੇਂ ਦਾ ਚਾਰਜ ਸੰਭਾਲਣ ਦੀ ਬਜਾਏ ਉਹ ਕੈਪਟਨ ਵੱਲੋਂ ਉਨ੍ਹਾਂ ਵਿਰੁੱਧ ਕੀਤੀ ਗਈ ਕਾਰਵਾਈ ਦੀ ਸ਼ਿਕਾਇਤ ਲੈ ਕੇ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਕੋਲ ਪਹੁੰਚ ਗਏ।

ਇਸ ਪੂਰੇ ਘਟਨਾਕ੍ਰਮ ਦੌਰਾਨ ਭਾਵੇਂ ਕਿ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਸ਼ੁਰੂ ‘ਚ ਅੜਨ ਤੋਂ ਬਾਅਦ ਪ੍ਰਿਅੰਕਾਂ ਗਾਂਧੀ ਦੀ ਮੌਜੂਦਗੀ ਵਿੱਚ ਆਪਣੇ ਸਿਆਸੀ ਸਲਾਹਕਾਰ ਸੰਦੀਪ ਸੰਧੂ ਰਾਹੀਂ ਨਵਜੋਤ ਸਿੰਘ ਸਿੱਧੂ ਨਾਲ ਵਿਵਾਦ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਸਿੱਧੂ ਨੇ ਇੱਕੋ ਜਿੱਦ ਫੜੀ ਰੱਖੀ ਕਿ ਉਨ੍ਹਾਂ ਨੂੰ ਆਪਣਾ ਉਹ ਸਥਾਨਕ ਸਰਕਾਰਾਂ ਮਹਿਕਮਾਂ ਹੀ ਵਾਪਸ ਚਾਹੀਦਾ ਹੈ ਜਿਹੜਾ ਕਿ ਉਨ੍ਹਾਂ ‘ਤੇ ਮਾੜੀ ਕਾਰਗੁਜਾਰੀ ਦਾ ਇਲਜ਼ਾਮ ਲਾ ਕੇ ਸਿੱਧੂ ਤੋਂ ਖੋਹਿਆ ਗਿਆ ਸੀ। ਇੰਝ ਇੱਥੇ ਨਾ ਸਿੱਧੂ ਝੁਕੇ, ਤੇ ਨਾ ਕੈਪਟਨ, ਤੇ ਅੰਤ ਕਾਲ ਵਿੱਚ ਸਿੱਧੂ ਇੱਥੇ ਵੀ ਟੁੱਟ ਗਏ ਤੇ ਉਨ੍ਹਾਂ ਨੂੰ ਆਪਣਾ ਮੰਤਰੀ ਵਾਲਾ ਆਹੁਦਾ ਵੀ ਗਵਾਉਣਾ ਪਿਆ।

ਕਿਉਂ ! ਹੋ ਗਈ ਨਾ ਉਹੀ ਗੱਲ, ਜਿਹੜੀ ਅਸੀਂ ਕਹੀ ਸੀ? ਕਿ ਸਿੱਧੂ ਝੁਕਦੇ ਨਹੀਂ ਟੁੱਟ ਜਾਂਦੇ ਹਨ? ਪਰ ਇਸ ਦੇ ਨਾਲ ਹੀ ਇੱਕ ਸੱਚਾਈ ਇਹ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਜਿੱਥੇ ਜਿੱਥੇ ਵੀ ਪੇਚਾ ਪਿਆ ਹੈ ਤੇ ਜਦੋਂ ਜਦੋਂ ਵੀ ਉਹ ਟੁੱਟੇ ਹਨ ਉਸ ਤੋਂ ਬਾਅਦ ਉਹ ਹਰ ਵਾਰ ਦੁਗਣੀ ਤਾਕਤ ਨਾਲ ਨਵਾਂ ਮੁਕਾਮ ਹਾਸਲ ਕਰ ਗਏ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਕੈਪਟਨ ਨਾਲ ਉਲਝ ਕੇ ਇਸ ਵਾਰ ਟੁੱਟੇ ਸਿੱਧੂ ਕਿਹੜਾ ਨਵਾਂ ਮੁਕਾਮ ਹਾਸਲ ਕਰਦੇ ਹਨ। ਕੀ ਪਤਾ ਇਹ ਨਵਾਂ ਮੁਕਾਮ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਹੋਵੇ ਜਾਂ ਮੁੱਖ ਮੰਤਰੀ ਦੀ ਕੁਰਸੀ ਹੋਵੇ। ਵੈਸੇ ਗੱਲ ਐ!!!

 

Check Also

Kotkapura youth died

ਕੈਨੇਡਾ ‘ਚ ਇੱਕ ਹੋਰ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ

Kotkapura youth died in Surrey under mysterious circumstances ਫਰੀਦਕੋਟ: ਆਪਣੇ ਸੁਪਨੇ ਪੂਰੇ ਕਰਨ ਦੀ ਚਾਹ …

Leave a Reply

Your email address will not be published. Required fields are marked *