ਕੋਰੋਨਾ ਸੰਕਟ : ਭਾਰਤੀ ਔਰਤਾਂ ਅਤੇ ਆਤਮ ਨਿਰਭਰਤਾ 

TeamGlobalPunjab
9 Min Read

-ਗੁਰਮੀਤ ਸਿੰਘ ਪਲਾਹੀ 

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਮੰਤਰੀ ਮੰਡਲ ਵਿੱਚ ਸਮ੍ਰਿਤੀ ਈਰਾਨੀ, ਨਿਰਮਲਾ ਸੀਤਾ ਰਮਨ, ਵਿਕਰਮ ਜਰਦੋਸ਼, ਪ੍ਰੀਤਮਾ ਭੌਮਿਕ, ਸ਼ੋਭਾ ਕਰੰਦਲਾਜੇ, ਭਾਰਤੀ ਪ੍ਰਵੀਨ ਧਵਾਰ, ਮੀਨਾਕਸ਼ੀ ਲੇਖੀ, ਅਨੂਪ੍ਰਿਆ ਪਟੇਲ ਤੇ ਅੰਨਾਪੂਰਨਾ ਦੇਵੀ ਨੂੰ ਅਹਿਮ ਜ਼ੁੰਮੇਵਾਰੀਆਂ ਸੌਂਪ ਕੇ ਇਹ ਸੰਦੇਸ਼ ਦੇਣ ਦਾ ਯਤਨ ਕੀਤਾ ਹੈ ਕਿ ਦੇਸ਼ ’ਚ ਸਿਰਫ਼ ਨੌਕਰੀਆਂ ’ਚ ਹੀ ਨਹੀਂ, ਬਲਕਿ ਦੇਸ਼ ਨੂੰ ਚਲਾਉਣ ਲਈ ਗਠਿਤ ਸਰਕਾਰ ’ਚ ਵੀ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਰਜਾ ਹਾਸਲ ਹੈ।

ਮਾਰਚ 2021 ਵਿੱਚ ਵਰਲਡ ਇਕਨੌਮਿਕ-ਫੋਰਮ ਵਲੋਂ ਗਲੋਬਲ ਜੈਂਡਰ ਗੈਪ ਰਿਪੋ ਇਸ ਸਿੱਟੇ ਉੱਤੇ ਪਹੁੰਚਦੀ ਹੈ ਕਿ ਲਿੰਗ ਬਰਾਬਰੀ ਦੇ ਲਈ ਔਰਤਾਂ ਨੂੰ ਹੁਣ ਇੱਕ ਹੋਰ ਪੀੜ੍ਹੀ ਤੱਕ ਉਡੀਕ ਕਰਨੀ ਪਵੇਗੀ। ਕੋਵਿਡ-19 ਦੇ ਭੈੜੇ ਅਸਰਾਂ ਕਾਰਨ ਲਿੰਗ ਬਰਾਬਰੀ ਦਾ ਟੀਚਾ ਹੁਣ 99.5 ਸਾਲਾਂ ਦੀ ਵਿਜਾਏ 135.6 ਸਾਲਾਂ ਵਿਚ ਪੂਰਾ ਕੀਤਾ ਜਾ ਸਕੇਗਾ।

ਇਸ ਸਬੰਧ ਵਿੱਚ ਵਿਸ਼ਵ ਭਰ ਵਿੱਚ ਔਰਤਾਂ ਦੀ ਲਿੰਗ ਸਮਾਨਤਾ ਬਾਰੇ ਕੋਵਿਡ-19 ਦੇ ਅਸਰਾਂ ਸਬੰਧੀ ਇੱਕਠੀਆਂ ਕੀਤੀਆਂ ਅਜ਼ਾਦ ਰਿਪੋਰਟਾਂ ਧਿਆਨ ਦੀ ਮੰਗ ਕਰਦੀਆਂ ਹਨ। ਸੈਂਟਰ ਫਾਰ ਮੌਨੀਟਰਿੰਗ ਇੰਡੀਅਨ ਇਕਾਨਮੀ ਦੇ ਅਨੁਸਾਰ ਔਰਤਾਂ ਦੀ ਬੇਰੁਜ਼ਗਾਰੀ ਦਰ ਛਾਲ ਮਾਰਕੇ 17 ਫ਼ੀਸਦੀ ਤੱਕ ਪੁੱਜ ਗਈ ਹੈ, ਜੋ ਮਰਦਾਂ ਤੋਂ ਦੋ ਗੁਣਾ ਤੋਂ ਵੀ ਜ਼ਿਆਦਾ ਹੈ। ਦੀ ਨਾਜ ਫਾਊਂਡੇਸ਼ਨ ਦਾ ਇੱਕ ਸਰਵੇ ਦੱਸਦਾ ਹੈ ਕਿ ਭਾਰਤ ਵਿੱਚ ਔਰਤਾਂ ਦੀ ਹਫ਼ਤਾਵਾਰੀ ਆਮਦਨ ਵਿੱਚ ਕੋਵਿਡ-19 ਬੰਦੀ ਦੇ ਕਾਰਨ 76 ਫ਼ੀਸਦੀ ਕਮੀ ਵੇਖੀ ਗਈ ਹੈ। ਡੈਲਾਵਾਟ ਦਾ ਸਰਵੇ ਹੈ ਕਿ ਕੋਵਿਡ-19 ਦੇ ਬਾਅਦ ਭਾਰਤ ਵਿੱਚ ਲਿੰਗ ਅਸਮਾਨਤਾ ਤੇਜ਼ੀ ਨਾਲ ਵਧੇਗੀ।

- Advertisement -

ਯੂਨੀਵਰਸਿਟੀ ਆਫ਼ ਮਾਨਚੈਸਟਰ ਗਲੋਬਲ ਡਿਵੈਲਪਮੈਂਟ ਦੇ ਇਕ ਅਧਿਐਨ ਅਨੁਸਾਰ ਬੰਦੀ ਦੇ ਕਾਰਨ ਨੌਕਰੀਆਂ ਗਵਾਉਣ ਵਾਲਿਆਂ ਵਿੱਚ ਔਰਤਾਂ ਦਾ ਅਨੁਪਾਤ ਪੁਰਸ਼ਾਂ ਦੇ ਮੁਕਾਬਲੇ ਬਹੁਤ ਜਿਆਦਾ ਹੈ। ਮੰਦੀ ਦੇ ਕਾਰਨ ਅਨੇਕਾਂ ਸ਼ਹਿਰੀ ਔਰਤਾਂ ਦੀ ਆਮਦਨ ਲਗਭਗ ਸਿਫ਼ਰ ਹੋ ਗਈ। ਘਰਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੇ ਰੁਜ਼ਗਾਰ ਟੁੱਟ ਗਏ।ਇਹਨਾਂ ਵਿੱਚੋਂ ਅਨੇਕਾਂ ਔਰਤਾਂ ਫਲ ਅਤੇ ਸਬਜੀਆਂ ਵੇਚਣ ਜਿਹੇ ਛੋਟੇ-ਛੋਟੇ ਰੁਜ਼ਗਾਰ ਕਰਕੇ ਗੁਜ਼ਾਰਾ ਕਰਦੀਆਂ ਸਨ। ਉਹਨਾ ਦੀ ਆਮਦਾਨ ਘੱਟ ਗਈ।

ਸਤੰਬਰ 2020 ਦੀ ਯੂ ਐਨ ਵੂਮੈਨ ਰਿਪੋਰਟ ਦੱਸਦੀ ਹੈ ਕਿ ਕੋਵਿਡ-19 ਕਾਰਨ ਮਰਦਾਂ ਨਾਲੋਂ ਔਰਤਾਂ ਨੇ ਵੱਧ ਨੌਕਰੀਆਂ ਗੁਆਈਆਂ ਹਨ। ਸਾਲ 2021 ਤੱਕ ਕੋਵਿਡ-19 ਕਾਰਨ ਨੌਕਰੀਆਂ ਗੁਆਉਣ ਕਾਰਨ ਗਰੀਬ ਬਣੇ ਲੋਕਾਂ ਦੀ ਗਿਣਤੀ 9 ਕਰੋੜ 60 ਲੱਖ ਹੋਏਗੀ, ਜਿਹਨਾ ਵਿੱਚ 4 ਕਰੋੜ 70 ਲੱਖ ਔਰਤਾਂ ਹੋਣਗੀਆਂ। ਸਿੱਟਾ ਇਹ ਹੈ ਕਿ ਪਰਿਵਾਰਾਂ ਦੀਆਂ ਛੋਟੀਆਂ ਬਚਤਾਂ ਖ਼ਤਮ ਹੋ ਰਹੀਆਂ ਹਨ। ਗਹਿਣੇ ਤੱਕ ਵਿੱਕ ਚੁੱਕੇ ਹਨ ਤੇ ਗਰੀਬ ਔਰਤਾਂ ਖ਼ਾਸ ਕਰਕੇ ਸੂਦ ਖੋਰਾਂ ਦਾ ਸ਼ਿਕਾਰ ਹੋ ਰਹੀਆਂ ਹਨ।

ਗਰੀਬੀ ਵੱਧਣ ਨਾਲ ਭੋਜਨ ਦੀ ਸਮੱਸਿਆ ਨੇ ਵਿਕਰਾਲ ਰੂਪ ਧਾਰਿਆ ਹੈ। ਪਰੰਪਰਾ ਦੇ ਅਨੁਸਾਰ ਸਭ ਤੋਂ ਅੰਤ ਵਿੱਚ ਪਰਿਵਾਰ ਵਿੱਚ ਖਾਣਾ ਖਾਣ ਵਾਲੀਆਂ ਔਰਤਾਂ ਦੀ ਥਾਲੀ ਖਾਲੀ ਰਹਿਣ ਲੱਗੀ। ਪਰਿਵਾਰ ਦੇ ਮੈਂਬਰਾਂ ਦੀ ਵੱਧਦੀ ਗਿਣਤੀ ਅਤੇ ਅਵਾਸ-ਪ੍ਰਵਾਸ ਦੀ ਸਮੱਸਿਆ ਨੇ ਮਾਨਸਿਕ ਤੌਰ ਤੇ ਤਨਾਅ ਪੈਦਾ ਕੀਤਾ।

ਰਾਸ਼ਟਰੀ ਮਹਿਲਾ ਆਯੋਗ ਦੇ ਅੰਕੜੇ ਦੱਸਦੇ ਹਨ ਕਿ ਮਾਰਚ 2020 ਵਿੱਚ ਪੂਰਨਬੰਦੀ ਬਾਅਦ ਘਰੇਲੂ ਹਿੰਸਾ ਵਿੱਚ 15 ਤੋਂ 49 ਵਰ੍ਹੇ ਦੇ ਵਰਗ ਦੀਆਂ ਲਗਭਗ 24 ਕਰੋੜ 30 ਲੱਖ ਔਰਤਾਂ ਆਪਣੇ ਨਜ਼ਦੀਕੀ ਲੋਕਾਂ ਦੀ ਜੋਨ ਅਤੇ ਸਰੀਰਕ ਹਿੰਸਾ ਦਾ ਸ਼ਿਕਾਰ ਹੋਈਆਂ। ਪੁਰਸ਼ਾਂ ਨੇ ਵੱਡੀ ਸੰਖਿਆ ’ਚ ਰੁਜ਼ਗਾਰ ਗੁਆਇਆ, ਰੋਟੀ-ਰੋਜ਼ੀ ਦੇ ਸੰਕਟ ਅਤੇ ਭਵਿੱਖ ਦੀ ਚਿੰਤਾ ਨੇ ਉਹਨਾ ਨੂੰ ਹਿੰਸਕ ਬਣਾ ਦਿੱਤਾ। ਔਰਤਾਂ ਹਮੇਸ਼ਾ ਦੀ ਤਰ੍ਹਾਂ ਇਸ ਹਿੰਸਾ ਦਾ ਸ਼ਿਕਾਰ ਬਣੀਆਂ ਅਤੇ ਵੱਡੀਆਂ ਔਰਤਾਂ ਉਹਨਾ ਨੂੰ ਪੀੜਾ ਸਹਿੰਦਾ ਦੇਖਦੀਆਂ ਰਹੀਆਂ।

ਸ਼ਹਿਰੀ ਔਰਤਾਂ ਦੇ ਹਾਲਾਤ ਵੀ ਬਿਹਤਰ ਨਹੀਂ ਰਹੇ।ਵੂਮੈਨ ਇਨ ਟੈਕਨੌਲਜੀ ਇੰਡੀਆ ਦਾ ਇਕ ਅਧਿਐਨ ਦਸਦਾ ਹੈ ਕਿ ਆਈ. ਟੀ, ਟੈਕਨੌਲਜੀ, ਬੈਕਿੰਗ ਅਤੇ ਹੋਰ ਖੇਤਰਾਂ ’ਚ ਕੰਮ ਕਰਨ ਵਾਲੀਆਂ 21 ਤੋਂ 55 ਸਾਲ ਦੀਆਂ ਬਹੁਤੀਆਂ ਔਰਤਾਂ ਘਰ ਵਿੱਚ (ਵਰਕ ਫਰੌਮ ਹੋਮ) ਕਰਦੀਆਂ ਹਨ ਅਤੇ ਕਿਉਂਕਿ ਬੰਦੀ ਦੇ ਕਾਰਣ ਸਾਰੇ ਮੈਂਬਰ ਘਰ ਵਿੱਚ ਸਨ ਅਤੇ ਬਾਹਰ ਕੋਈ ਸੁਵਿਧਾ ਜਾਂ ਸਹਾਇਤਾ ਉਪਲੱਬਧ ਨਹੀਂ ਸੀ, ਇਸ ਲਈ ਉਹਨਾਂ ਦਾ ਘਰੇਲੂ ਕੰਮ ਵਧਿਆ। ਇਕ ਸਰਵੇ ਅਨੁਸਾਰ ਉਹਨਾ ਦੇ ਘਰੇਲੂ ਕੰਮ ਵਿੱਚ 30 ਫ਼ੀਸਦੀ ਦਾ ਵਾਧਾ ਹੋਇਆ ਹੈ।

- Advertisement -

ਪੁਰਖ ਪ੍ਰਧਾਨ ਸੋਚ ਸਿਖਿਆ ਦੇ ਖੇਤਰ ਵਿੱਚ ਹੀ ਭਾਰੂ ਰਹਿੰਦੀ ਹੈ। ਜਦੋਂ ਪਰਿਵਾਰ ਵਿੱਚ ਸਿੱਖਿਆ ਦੇਣ ਦੀ ਗੱਲ ਹੁੰਦੀ ਹੈ ਤਾਂ ਲੜਕੀ ਦੀ ਵਿਜਾਏ ਲੜਕੇ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ। ਯੂਨੈਸਕੋ ਦੇ ਇੱਕ ਅੰਦਾਜ਼ੇ ਅਨੁਸਾਰ ਇੱਕ ਕਰੋੜ ਦਸ ਲੱਖ, ਲੜਕੀਆਂ ਕੋਵਿਡ-19 ਦੇ ਕਾਰਨ ਹੁਣ ਦੁਬਾਰਾ ਸਕੂਲ ਨਹੀਂ ਜਾ ਸਕਣਗੀਆਂ। ਇਸਦਾ ਸਿੱਟਾ ਕੀ ਹੋਏਗਾ? ਉਹਨਾ ਦਾ ਜਲਦੀ ਜਾਂ ਜਬਰੀ ਵਿਆਹ ਹੋਏਗਾ। ਛੋਟੀ ਉਮਰੇ ਹੀ ਉਹ ਗਰਭ ਧਾਰਨ ਕਰ ਲੈਣਗੀਆਂ। ਉਹਨਾ ਨੂੰ ਹਿੰਸਾ ਦਾ ਸਾਹਮਣਾ ਕਰਨ ਪਵੇਗਾ। ਜਦੋਂ ਇਸ ਸਮੇਂ ਡਿਜੀਟਲ ਸਿੱਖਿਆ ਦੀ ਗੱਲ ਚੱਲ ਰਹੀ ਹੈ ਤਾਂ ਲੜਕੀਆਂ ਨੂੰ ਡਿਜੀਟਲ ਉਪਕਰਨ ਮੁਹੱਈਆ ਨਹੀਂ ਹੁੰਦੇ। ਲੜਕਿਆਂ ਦਾ ਹੀ ਇਸ ਉਤੇ ਪਹਿਲਾ ਅਧਿਕਾਰ ਹੈ। ਪੇਂਡੂ ਇਲਾਕਿਆਂ ਵਿੱਚ ਲੜਕੀਆਂ ਨੂੰ ਮਾਪਿਆਂ ਨਾਲ ਖੇਤਾਂ ਵਿੱਚ ਕੰਮ ਕਰਾਉਣਾ ਪੈਂਦਾ ਹੈ ਅਤੇ ਛੋਟੇ-ਛੋਟੇ ਕੰਮ ਧੰਦਿਆਂ ਵਿੱਚ ਹੱਥ ਵਟਾਉਣਾ ਪੈਂਦਾ ਹੈ। ਅਸਲ ਵਿੱਚ ਤਾਂ ਕੋਵਿਡ-19 ਕਾਰਨ ਅਸਿੱਖਿਆ ਦਾ ਨਾ ਮਿਟਣ ਵਾਲਾ ਹਨ੍ਹੇਰਾ ਪਸਰ ਗਿਆ ਹੈ।ਸਕੂਲ, ਕਾਲਜ, ਯੂਨੀਵਰਸਿਟੀਆਂ ਬੰਦ ਹਨ। ਸਿੱਖਿਆ ਦੇ ਖੇਤਰ ‘ਚ ਔਰਤਾਂ ਨੇ ਪੁਰਸ਼ਾਂ, ਲੜਕਿਆਂ ਨਾਲੋਂ ਵੱਡੀ ਮਾਰ ਝੱਲੀ ਹੈ।

ਦੁਨੀਆ ਦੀ ਅੱਧੀ ਆਬਾਦੀ ਔਰਤਾਂ ਦੇ ਵਿਸ਼ੇ ਤੇ ਸ਼ੋਸ਼ਿਤ, ਪਛੜਿਆ ਅਤੇ ਵੰਚਿਤ ਜਿਹੇ ਸ਼ਬਦ ਹੁਣ ਵੀ ਸੁਨਣ ਨੂੰ ਮਿਲਦੇ ਹਨ। ਇਹ ਬਹੁਤ ਹੀ ਦੁੱਖਦਾਈ ਸਥਿਤੀ ਹੈ। ਦੁਨੀਆਂ ਭਰ ਵਿੱਚੋਂ ਭਾਰਤ ਵਿੱਚ ਔਰਤਾਂ ਦੀ ਸਥਿਤੀ ਹੋਰ ਵੀ ਭੈੜੀ ਹੈ। ਕਹਿਣ ਨੂੰ ਤਾਂ ਭਾਵੇਂ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਭਾਰਤੀ ਸੰਵਿਧਾਨ ਅਨੁਸਾਰ ਮਿਲੇ ਹੋਏ ਹਨ, ਪਰ ਸਮਾਜਿਕ ਆਤਮ ਨਿਰਭਰਤਾ ਵਿੱਚ ਔਰਤਾਂ ਦੇ ਹਾਲਤ ਸੁਖਾਵੇਂ ਨਾ ਹੋਣ ਕਾਰਨ ਇਹ ਇੱਕ ਸਮਾਜਿਕ ਸਮੱਸਿਆ ਦਾ ਰੂਪ ਧਾਰਨ ਕਰ ਚੁੱਕੇ ਹਨ। ਭਾਰਤ ਵਿੱਚ ਕੁਸਾਸ਼ਨ ਅਤੇ ਕੇਂਦਰੀਕਰਨ ਦੋ ਇਹੋ ਜਿਹੇ ਭੈੜੇ ਹਥਿਆਰ ਹਨ, ਜਿਹਨਾ ਨਾਲ ਸਮਾਜਿਕ ਵੰਡੀਆਂ ਵਧਦੀਆਂ ਹਨ, ਪੱਛੜਾਪਨ ਹੋਰ ਵਧਦਾ ਹੈ, ਗਰੀਬਾਂ ਦੇ ਹੋਰ ਗਰੀਬ ਹੋਣ ਦਾ ਕਾਰਨ ਵੀ ਇਹੋ ਹੈ। ਇਹ ਪਾੜਾ ਕੋਵਿਡ-19 ਕਾਰਨ ਹੋਰ ਵਧਿਆ ਹੈ।

ਸਾਸ਼ਨ ਅਤੇ ਸੱਤਾ ਵਿੱਚ ਆਮ ਜਨਮਾਨਸ ਦੀ ਭਾਗੀਦਾਰੀ ਚੰਗੇ ਸਾਸ਼ਨ ਦੀ ਪਹਿਲੀ ਸ਼ਰਤ ਹੈ ਜੋ ਜਨਤਾ ਦੇ ਹਰ ਵਰਗ (ਸਮੇਤ ਔਰਤਾਂ) ਦੀ ਭਾਗੀਦਾਰੀ ਸੁਨਿਸ਼ਚਿਤ ਕਰਕੇ ਅਤੇ ਤਾਕਤਾਂ ਦਾ ਵਿਕੇਂਦਰੀਕਰਨ ਕਰਕੇ ਕੀਤੀ ਜਾ ਸਕਦੀ ਹੈ। ਔਰਤਾਂ ਨੂੰ ਭਾਰਤੀ ਸੰਵਿਧਾਨ ਅਨੁਸਾਰ ਕਿਧਰੇ 33 ਫ਼ੀਸਦੀ, ਕਿਧਰੇ 50 ਫ਼ੀਸਦੀ ਰਿਜ਼ਰਵੇਸ਼ਨ, ਨੌਕਰੀਆਂ ਜਾਂ ਸਥਾਨਕ ਸਰਕਾਰਾਂ ਅਰਥਾਤ ਪੰਚਾਇਤਾਂ, ਬਲਾਕ ਸੰਮਤੀਆਂ, ਜ਼ਿਲਾ ਪ੍ਰੀਸ਼ਦਾਂ ਅਤੇ ਵਿਧਾਨ ਸਭਾਵਾਂ, ਵਿਧਾਨ ਪ੍ਰੀਸ਼ਦਾਂ, ਰਾਜ ਸਭਾ, ਲੋਕ ਸਭਾ ‘ਚ ਦਿੱਤੀ ਗਈ ਹੈ, ਪਰ ਅਸਲ ਅਰਥਾਂ ਵਿੱਚ ਔਰਤਾਂ ਦੇ ਅਧਿਕਾਰਾਂ ਦੀ ਵਰਤੋਂ ਖ਼ਾਸ ਕਰਕੇ ਸਥਾਨਕ ਸਰਕਾਰਾਂ ਵਿੱਚ ਮਰਦ, ਜੋ ਔਰਤਾਂ ਦੇ ਪਤੀ, ਪਿਤਾ, ਭਰਾ ਆਦਿ ਹਨ ਹੀ ਕਰਦੇ ਹਨ। ਇਸ ਸਬੰਧੀ ਇਹ ਗੱਲ ਵੀ ਕਰਨੀ ਬਣਦੀ ਹੈ ਕਿ ਕੋਵਿਡ ਕਾਰਨ ਕੇਂਦਰੀਕਰਨ ਵਧਿਆ, ਔਰਤਾਂ ਦੇ ਹੱਕਾਂ ਉਤੇ ਛਾਪਾ ਮਾਰਿਆ ਗਿਆ ਹੈ ਅਤੇ ਪੀੜਤ ਔਰਤਾਂ ਹੋਰ ਵੀ ਪੀੜਤ ਮਹਿਸੂਸ ਕਰਨ ਲੱਗੀਆਂ ਹਨ।

ਭਾਵੇਂ ਅੱਜ ਸਿਹਤ ਦੇ ਬੁਨਿਆਦੀ ਢਾਂਚੇ ਲਈ 23123 ਕਰੋੜ ਰੁਪਏ ਦਾ ਪੈਕਜ ਕੇਂਦਰੀ ਕੈਬਨਿਟ ਵਲੋਂ ਮਨਜ਼ੂਰ ਕੀਤਾ ਗਿਆ ਹੈ, ਜੋ ਖ਼ਾਸ ਕਰਕੇ ਭਵਿੱਖ ਵਿੱਚ ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਦਿੱਤਾ ਗਿਆ ਹੈ। ਪਰ ਕੋਵਿਡ-19 ਦੌਰਾਨ ਔਰਤਾਂ ਨੇ ਪ੍ਰਸੂਤਾ ਪੀੜਾਂ, ਬੱਚਿਆਂ ਦੇ ਪਾਲਣ ਪੋਸ਼ਣ, ਖ਼ੁਰਾਕ ਦੀ ਘਾਟ ਦਾ ਜੋ ਤਜ਼ਰਬਾ ਹੰਢਾਇਆ ਹੈ, ਉਹ ਬਹੁਤ ਹੀ ਮੰਦਭਾਗਾ ਸੀ। ਸਰਕਾਰੀ ਹਸਪਤਾਲ, ਜੋ ਅੱਧੇ-ਅਧੂਰੀਆਂ ਸੁਵਿਧਾਵਾਂ ਵਾਲੇ ਸਨ, ਕੋਵਿਡ-19 ਨਾਲ ਨਜਿੱਠਣ ਲਈ ਲੱਗੇ ਹੋਏ ਸਨ, ਚਾਰੇ ਪਾਸੇ ਹਾਹਾਕਾਰ ਸੀ, ਆਕਸੀਜਨ ਤੇ ਉਪਕਰਨਾਂ ਦੀ ਕਮੀ ਸੀ, ਪਰ ਇਸ ਤੋਂ ਵੀ ਵੱਡੀ ਕਮੀ ਇਹ ਸੀ ਕਿ ਗਰਭਵਤੀ ਔਰਤਾਂ ਦੇ ਜਨਣ ਪ੍ਰਬੰਧ ਬਿਲਕੁਲ ਖ਼ਤਮ ਸਨ, ਕਿਉਂਕਿ ਕਰੋਨਾ ਤੋਂ ਬਿਨ੍ਹਾਂ ਹੋਰ ਵਿਭਾਗ ਬੰਦ ਸਨ ਜਾਂ ਸੁਵਿਧਾਵਾਂ ਸੀਮਤ ਸਨ। ਇਸ ਸਥਿਤੀ ‘ਚ ਔਰਤਾਂ ਨੂੰ ਖ਼ੁਰਾਕ ਨਾ ਮਿਲੀ, ਬੱਚਿਆਂ ਦਾ ਟੀਕਾਕਰਨ ਲਗਭਗ ਨਾਂਹ ਬਰਾਬਰ ਹੋਇਆ ਅਤੇ ਕੋਵਿਡ-19 ਨੇ ਔਰਤਾਂ ਦੀ ਸਿਹਤ ਨੂੰ ਹੋਰ ਸੰਕਟ ਵਿੱਚ ਪਾ ਦਿੱਤਾ।

ਜਿਵੇਂ ਕਰੋਨਾ ਕਾਲ ਵਿੱਚ ਔਰਤਾਂ ਦੀ ਸਿਹਤ ਦੀ ਅਣਦੇਖੀ ਹੋਈ ਹੈ, ਔਰਤਾਂ ਵਿਰੁੱਧ ਘਰੇਲੂ ਹਿੰਸਾ ਵਧੀ ਹੈ, ਔਰਤਾਂ ਦੀ ਆਤਮ ਨਿਰਭਰਤਾ ਨੂੰ ਸੱਟ ਵੱਜੀ ਹੈ, ਉਸਨੂੰ ਥਾਂ ਸਿਰ ਕਰਨ ਲਈ ਤਤਕਾਲ ਕਾਨੂੰਨੀ, ਸਿਹਤ ਸਬੰਧੀ ਅਤੇ ਮਨੋਵਿਗਿਆਨਿਕ ਸਹਾਇਤਾ ਲਈ ਐਮਰਜੈਂਸੀ ਸੇਵਾਵਾਂ ਦੀ ਲੋੜ ਹੈ। ਇਹ ਸੇਵਾਵਾਂ ਕਾਗਜੀਂ-ਪੱਤਰੀਂ ਨਾ ਹੋਣ ਸਗੋਂ ਇਹ ਯਕੀਨੀ ਬਣਾਇਆ ਜਾਵੇ ਕਿ ਇਹ ਸੁਚਾਰੂ ਰੂਪ ਨਾਲ ਚੱਲਣ। ਇਸ ਤੋਂ ਵੀ ਵੱਡੀ ਗੱਲ ਇਹ ਕਿ ਜਦੋਂ ਵੀ ਸਕੂਲ ਖੁਲ੍ਹਣ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਇਹ ਯਕੀਨੀ ਬਨਾਉਣ ਕਿ ਲੜਕੀਆਂ ਸਕੂਲ ਜਾਣ ਅਤੇ ਉਹਨਾ ਦੀ ਸਿੱਖਿਆ ਦਾ ਉਚਿਤ ਪ੍ਰਬੰਧ ਹੋਵੇ।

ਸੰਪਰਕ: 9815802070

Share this Article
Leave a comment