ਵਿਦੇਸ਼ਾਂ ‘ਚ ਵੱਸਦੇ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਤਾਜ਼ਾ ਮਾਮਲਾ ਕੈਲੀਫੋਰਨੀਆ ਦਾ ਹੈ ਜਿੱਥੇ ਮੋਡੇਸਟੋ ਕੇਰੇਸ ਸਥਿਤ ਗੁਰਦੁਆਰਾ ਸਾਹਿਬ ‘ਚ ਰਾਤ ਨੂੰ ਇਕ ਗ੍ਰੰਥੀ ‘ਤੇ ਕਥਿਤ ਤੌਰ ‘ਤੇ ਹਮਲਾ ਕੀਤਾ ਗਿਆ। ਇਹ ਘਟਨਾ ਵੀਰਵਾਰ ਰਾਤ ਦੀ ਹੈ ਜਿਸ ਨੂੰ ਨਫਰਤ ਅਪਰਾਧ ਤਹਿਤ ਦੇਖਿਆ ਜਾ ਰਿਹਾ ਹੈ।
ਗੁਰਦੁਆਰਾ ਦੇ ਗ੍ਰੰਥੀ ਅਮਰਜੀਤ ਸਿੰਘ ਨੇ ਸਥਾਨਕ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਮਲਾਵਰ ਵਿਅਕਤੀ ਗੁਰਦੁਆਰਾ ਸਾਹਿਬ ਦੇ ਕੰਪਲੈਕਸ ‘ਚ ਬਣੇ ਉਨ੍ਹਾਂ ਦੇ ਘਰ ‘ਚ ਖਿੜਕੀ ਦਾ ਸ਼ੀਸ਼ਾ ਤੋੜ ਕੇ ਦਾਖਲ ਹੋ ਗਿਆ। ਅੰਦਰ ਆਉਂਦੇ ਹੀ ਉਸ ਨੇ ਹਮਲਾ ਕਰਦੇ ਹੋਏ ਉਨ੍ਹਾਂ ਨੂੰ ਮੁੱਕਾ ਮਾਰਿਆ ਤੇ ਆਪਣੇ ਦੇਸ਼ ਵਾਪਸ ਜਾਣ ਲਈ ਕਹਿਣ ਲੱਗਿਆ, ਇਸ ਦੇ ਨਾਲ ਹੀ ਉਸ ਨੇ ਗਾਲ੍ਹਾਂ ਵੀ ਕੱਢੀਆਂ।
ਅਮਰਜੀਤ ਸਿੰਘ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਕਾਬਪੋਸ਼ ਹਮਲਾਵਰ ਨੇ ਉਨ੍ਹਾਂ ਦੀ ਗਰਦਨ ‘ਤੇ ਮੁੱਕਾ ਮਾਰਿਆ ਤੇ ਕਿਹਾ, ਦੇਸ਼, ਦੇਸ਼, ਦੇਸ਼ ਵਾਪਸ ਜਾਓ, ਵਾਪਸ ਜਾਓ। ਉਨ੍ਹਾਂ ਦੱਸਿਆ ਕਿ ਹਮਲਾਵਰ ਨੇ ਉਨ੍ਹਾਂ ਨੂੰ ਭੱਦੀਆਂ ਗਾਲ੍ਹਾਂ ਵੀ ਕੱਢੀਆਂ ਤੇ ਉਸ ਦੇ ਹੱਥ ‘ਚ ਬਾਰੀ ਦਾ ਸ਼ੀਸ਼ਾ ਤੋੜਨ ਲਈ ਵੀ ਕੁੱਝ ਸੀ।
ਮੋਡੇਸਟੋ ਸਿਟੀ ਕੌਂਸਲ ਅਤੇ ਗੁਰਦੁਆਰੇ ਦੇ ਮੈਂਬਰ ਮਣੀ ਗਰੇਵਾਲ ਨੇ ਕਿਹਾ ਕਿ ਇਹ ਨਫਰਤ ਅਤੇ ਕੱਟੜਤਾ ਤੋਂ ਪ੍ਰੇਰਿਤ ਹਮਲਾ ਸੀ ਜੋ ਕਿ ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਘਟਨਾਵਾਂ ‘ਚ ਵਾਧਾ ਹੋ ਰਿਹਾ ਹੈ। ਉੱਥੇ ਹੀ ਸਥਾਨਕ ਪੁਲਿਸ ਨੇ ਇਸ ਘਟਨਾ ਨੂੰ ਬਾਰੇ ਕਿਹਾ ਕਿ ਇਸ ਨੂੰ ਨਫਰਤ ਅਪਰਾਧ ਦੱਸਣਾ ਜਲਦਬਾਜ਼ੀ ਹੋਵੇਗੀ। ਸੰਸਦ ਮੈਂਬਰ ਜੋਸ਼ ਹਾਰਡਰ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ।