ਨਿਊਜ਼ ਡੈਸਕ: ਜਿਵੇਂ-ਜਿਵੇਂ ਆਪਣੇ ਚੰਗੇ ਭਵਿੱਖ ਲਈ ਨੌਜਵਾਨਾਂ ਅੰਦਰ ਵਿਦੇਸ਼ ਜਾਣ ਦਾ ਰੁਝਾਨ ਵਧਦਾ ਜਾ ਰਿਹਾ ਹੈ ਓੁਵੇਂ ਹੀ ਸੱਤ ਸਮੁੰਦਰ ਪਾਰ ਤੋਂ ਪੰਜਾਬੀਆਂ ਦੀਆਂ ਮੌਤਾਂ ਜਾਂ ਕਤਲਾਂ ਦੀਆਂ ਖਬਰਾਂ ‘ਚ ਵੀ ਇਜ਼ਾਫਾ ਹੋ ਰਿਹਾ ਹੈ। ਆਏ ਦਿਨ ਕਿਸੇ ਨਾ ਕਿਸੇ ਭਾਰਤੀ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਕੁਝ ਅਜਿਹੀ ਹੀ ਖਬਰ ਕੈਨੇਡਾ ਅੰਦਰ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸਰੀ ਤੋਂ ਸਾਹਮਣੇ ਆਈ ਹੈ। ਜਿੱਥੇ ਆਪਣੇ ਚੰਗੇ ਭਵਿੱਖ ਦੀ ਤਲਾਸ਼ ਲਈ ਗਏ ਨੌਜਵਾਨ ਦਾ ਉਸ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਨੌਜਵਾਨ ਲੁਧਿਆਣਾ ਸ਼ਹਿਰ ਦਾ ਰਹਿਣ ਵਾਲਾ ਸੀ। ਜਿਸ ਦਾ ਚਾਰ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ । ਪਰ ਇਸ ਕਤਲ ਦਾ ਕਾਰਨ ਕੀ ਹੈ ਇਸ ਬਾਰੇ ਜਾਂਚ ਚੱਲ ਰਹੀ ਹੈ।
ਮ੍ਰਿਤਕ ਦੀ ਪਹਿਚਾਣ ਲੁਧਿਆਣਾ ਦੇ ਰਿਸ਼ੀ ਨਗਰ ਦੇ ਰਹਿਣ ਵਾਲੇ ਯੁਵਰਾਜ ਗੋਇਲ ਵਜੋਂ ਹੋਈ ਹੈ। ਮਾਮਲਾ ਸ਼ੁੱਕਰਵਾਰ ਸਵੇਰ 8:45 ਦਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਯੁਵਰਾਜ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਰਿਪੋਰਟਾਂ ਮੁਤਾਬਿਕ ਕੈਨੇਡਾ ਪੁਲਿਸ ਵੱਲੋਂ ਇਸ ਮਾਮਲੇ ‘ਚ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਪਹਿਚਾਣ ਮਨਵੀਰ ਬਸਰਾ, ਬਸਰਾ ਸਾਹਿਬ, ਕੇਲੋਨਨ ਫਰੈਂਕੋਇਸ ਅਤੇ ਹਰਕੀਰਤ ਵਜੋਂ ਹੋਈ ਹੈ। ਪਰਿਵਾਰ ਮੁਤਾਬਕ ਯੁਵਰਾਜ ਆਪਣੇ ਘਰ ਗੱਲ ਕਰਦਿਆਂ ਜਿੰਮ ਤੋਂ ਆ ਰਿਹਾ ਸੀ ਇਸ ਦੌਰਾਨ ਜਦੋਂ ਪਾਰਕਿੰਗ ਕੋਲ ਪਹੁੰਚ ਉਸ ਨੇ ਫੋਨ ਕੱਟ ਦਿੱਤਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮੌਕੇ ਯੁਵਰਾਜ ਦੇ ਫੋਨ ਦੀ ਰਿਕਾਰਡਿੰਗ ਚਾਲੂ ਸੀ। ਜਿਸ ਤੋਂ ਪਤਾ ਚਲਦਾ ਹੈ ਕਿ ਪਹਿਲਾਂ ਹਮਲਾਵਰਾਂ ਵਲੋਂ ਇਹ ਪੁੱਛਿਆ ਗਿਆ ਕਿ ਕੀ ਉਹ ਇਸ ਘਰ ਅੰਦਰ ਰਹਿੰਦਾ ਹੈ ਅਤੇ ਜਦੋਂ ਉਸ ਨੇ ਹਾਂ ਕਹਿ ਦਿੱਤਾ ਤਾਂ ਹਮਲਾਵਰਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ।
ਯੁਵਰਾਜ 2019 ਵਿੱਚ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਆਇਆ ਸੀ, ਤੇ ਕੁਝ ਸਮਾਂ ਪਹਿਲਾਂ ਹੀ ਉਸ ਨੂੰ ਸਥਾਈ ਨਿਵਾਸੀ ਦਾ ਦਰਜਾ ਪ੍ਰਾਪਤ ਕੀਤਾ ਹੋਇਆ ਸੀ। ਜਾਣਕਾਰੀ ਮੁਤਾਬਕ 28 ਸਾਲਾ ਯੁਵਰਾਜ ਸੇਲਜ਼ ਐਗਜ਼ੀਕਿਊਟਿਵ ਸੀ। ਉਸਦੇ ਪਿਤਾ ਰਾਜੇਸ਼ ਗੋਇਲ ਲੱਕੜ ਦਾ ਕਾਰੋਬਾਰ ਚਲਾਉਂਦੇ ਹਨ, ਜਦਕਿ ਉਸਦੀ ਮਾਂ ਇੱਕ ਘਰੇਲੂ ਔਰਤ ਹੈ। ਯੁਵਰਾਜ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਨਾ ਹੀ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਸੀ। ਕੈਨੇਡੀਅਨ ਪੁਲਿਸ ਇਸ ਕਤਲ ਦੀ ਜਾਂਚ ਕਰ ਰਹੀ ਹੈ। ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ।