ਕੈਪਟਨ ਨੇ ਆਪਣੀ ਗਲਤੀ ਸੁਧਾਰੀ, ਸਿੱਧੂ ਨੂੰ ਫੇਰ ਬਖਸੀ ਸਰਦਾਰੀ, ਆਉਣਸਾਰ ਕਹਿੰਦਾ ਹੋ ਜੋ ਸਿੱਧੇ ਹੁਣ ਦੇਖੂੰ ਕਿਹੜਾ ਪਾਉਂਦੈ ਗੰਦ

TeamGlobalPunjab
4 Min Read

ਚੰਡੀਗੜ੍ਹ : ਪੰਜਾਬ ਵਿੱਚ ਇੰਨੀ ਦਿਨੀਂ ਜੇਕਰ ਕੋਈ 2 ਮੁੱਦੇ ਸਭ ਤੋਂ ਵੱਧ ਭਾਰੂ ਹਨ ਤਾਂ ਉਨ੍ਹਾਂ ਵਿੱਚੋਂ ਇੱਕ ਹੈ ਕੈਪਟਨ ਅਤੇ ਨਵਜੋਤ ਸਿੱਧੂ ਵਿਵਾਦ, ਅਤੇ ਦੂਜਾ ਹੈ ਸੂਬੇ ਅੰਦਰ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਦੇ ਬਾਵਜੂਦ ਸਰਕਾਰ ਦੀ ਨਸ਼ਿਆਂ ਨੂੰ ਰੋਕਣ ਵਿੱਚ ਨਾਕਾਮੀ। ਇਨ੍ਹਾਂ ਵਿੱਚੋਂ ਜਿੱਥੇ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਵਜ਼ਾਰਤ ਵਿੱਚੋਂ ਅਸਤੀਫਾ ਦੇ ਕੇ ਮੁੱਖ ਮੰਤਰੀ ਨੂੰ ਬੈਕਫੁੱਟ ‘ਤੇ ਧੱਕ ਦਿੱਤਾ ਹੈ, ਉੱਥੇ ਦੂਜੇ ਪਾਸੇ ਨਸ਼ਿਆਂ ਕਾਰਨ ਲਗਾਤਾਰ ਹੋ ਰਹੀਆਂ ਮੌਤਾਂ ਨੇ ਸਰਕਾਰ ਵਿਰੋਧੀਆਂ ਹੱਥ ਕੈਪਟਨ ਸਰਕਾਰ ਨੂੰ ਘੇਰਨ ਲਈ ਇੱਕ ਅਜਿਹਾ ਮੁੱਦਾ ਦੇ ਦਿੱਤਾ ਹੈ ਜਿਸ ਦਾ ਤੋੜ ਮੁੱਖ ਮੰਤਰੀ ਨੂੰ ਨਜ਼ਰ ਨਹੀਂ ਆ ਰਿਹਾ। ਲਿਹਾਜਾ ਮੁਸੀਬਤ ਦੇ ਇੰਨਾ ਪਲਾਂ ਦੌਰਾਨ ਕੈਪਟਨ ਨੂੰ ਜੇਕਰ ਕੋਈ ਨਾਮ ਸਭ ਤੋਂ ਵੱਧ ਯਾਦ ਆਇਆ ਹੈ ਤਾਂ ਉਹ ਹੈ “ਸਿੱਧੂ”। ਜੀ ਹਾਂ ਸ਼ਾਇਦ ਇਹੋ ਕਾਰਨ ਹੈ ਕਿ ਜਿੱਥੇ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਆਪਣੇ ਰਾਜਨੀਤਕ ਸਲਾਹਕਾਰ ਸੰਦੀਪ ਸੰਧੂ ਨੂੰ ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਮਨਾਉਣ ਦੀ ਜਿੰਮੇਵਾਰ ਸੌਂਪੀ ਹੈ ਉੱਥੇ ਦੂਜੇ ਪਾਸੇ ਨਸ਼ਿਆਂ ਦੇ ਇਸ ਮੁੱਦੇ ਦਾ ਹੱਲ ਤਲਾਸ਼ਣ ਲਈ ਵੀ ਉਨ੍ਹਾਂ ਨੂੰ ਇੱਕ ਵਾਰ ਫਿਰ ਸਿੱਧੂ ਹੀ ਯਾਦ ਆਏ ਹਨ।

ਰਾਜਨੀਤਕ ਮਾਹਰਾਂ ਅਨੁਸਾਰ ਇਨ੍ਹਾਂ ਵਿੱਚੋਂ ਕੈਪਟਨ ਅਤੇ ਨਵਜੋਤ ਸਿੱਧੂ ਵਾਲਾ ਮਾਮਲਾ ਤਾਂ ਪਤਾ ਨਹੀਂ ਹੱਲ ਹੋਵੇਗਾ ਜਾਂ ਨਹੀਂ, ਪਰ ਹਾਂ ਇੰਨਾ ਜਰੂਰ ਹੈ ਨਸ਼ਿਆਂ ਦੇ ਮੁੱਦੇ ਨੂੰ ਹੱਲ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਸਿੱਧੂ ਦਾ ਸਹਾਰਾ ਲੈ ਕੇ ਤੀਰ ਨਿਸ਼ਾਨੇ ‘ਤੇ ਮਾਰ ਦਿੱਤਾ ਹੈ। ਜਿਆਦਾ ਹੈਰਾਨ ਨਾ ਹੋਵੋ ਇੱਥੇ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਪੁਲਿਸ ਦੇ ਆਈਪੀਐਸ ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਹੁਰਾਂ ਦੀ। ਜਿੰਨ੍ਹਾਂ ਨੂੰ ਕੈਪਟਨ ਨੇ ਨਸ਼ਿਆਂ ‘ਤੇ ਠੱਲ ਪਾਉਣ ਲਈ ਬਣਾਈ ਗਈ  ਐਸਟੀਐਫ ਦਾ ਪਹਿਲਾ ਮੁਖੀ ਤਾਂ ਨਿਯੁਕਤ ਕੀਤਾ ਸੀ ਪਰ ਬਾਅਦ ਵਿੱਚ ਪਤਾ ਨਹੀਂ ਕੀ ਹੋਇਆ ਕਿ ਕੈਪਟਨ ਨੇ ਨਵਜੋਤ ਸਿੱਧੂ ਦੇ ਨਾਲ ਨਾਲ ਹਰਪ੍ਰੀਤ ਸਿੱਧੂ ਤੋਂ ਵੀ ਦੂਰੀ ਬਣਾ ਲਈ ਤੇ ਉਨ੍ਹਾਂ ਤੋਂ 17 ਮਹੀਨਿਆਂ ਬਾਅਦ ਇਸ ਐਸਟੀਐਫ ਦਾ ਚਾਰਜ ਵਾਪਸ ਲੈ ਕੇ ਇਹ ਜਿੰਮੇਵਾਰੀ ਕਿਸੇ ਹੋਰ ਨੂੰ ਸੌਂਪ ਦਿੱਤੀ। ਚਲੋ ਹੁਣ ਇਹ ਕਿਹਾ ਜਾ ਸਕਦਾ ਹੈ ਕਿ ਭਾਵੇਂ ਦੇਰ ਆਏ ਪਰ ਆਖਰਕਾਰ ਦਰੁਸਤ ਆ ਹੀ ਗਿਆ ਹੈ।

ਦੱਸ ਦਈਏ ਕਿ ਹਰਪ੍ਰੀਤ ਸਿੰਘ ਸਿੱਧੂ ਉਹ ਪੁਲਿਸ ਅਧਿਕਾਰੀ ਹਨ ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ‘ਚ ਆਉਂਦਿਆਂ ਹੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਕਹਿ ਕੇ ਉਸ ਵੇਲੇ ਪੰਜਾਬ ਵਾਪਸ ਲਿਆਂਦਾ ਸੀ ਜਦੋਂ ਹਰਪ੍ਰੀਤ ਸਿੱਧੂ ਛੱਤੀਸਗੜ੍ਹ ਵਿਖੇ ਸੈਂਟਰਲ ਡੈਪੋਟੇਸ਼ਨ ‘ਤੇ ਸੀਆਰਪੀਐਫ ਦੇ ਅਧਿਕਾਰੀ ਵਜੋਂ ਤੈਨਾਤ ਸਨ। 1992 ਬੈਚ ਦੇ ਪੁਲਿਸ ਅਧਿਕਾਰੀ ਹਰਪ੍ਰੀਤ ਸਿੱਧੂ ਨੇ ਹੀ ਨਸ਼ਿਆਂ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਨਸ਼ਿਆਂ ਦੇ ਮੁੱਦੇ ‘ਤੇ ਜਾਂਚ ਕਰਕੇ ਆਪਣੀ ਰਿਪੋਰਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਸੀ। ਜਿਸ ‘ਤੇ ਬਾਅਦ ਵਿੱਚ ਉਸ ਵੇਲੇ ਰੌਲਾ ਪੈ ਗਿਆ ਸੀ ਜਦੋਂ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਇਹ ਰਿਪੋਰਟ ਮੀਡੀਆ ਸਾਹਮਣੇ ਰੱਖ ਕੇ ਗੰਭੀਰ ਦੋਸ਼ ਲਾਏ ਸਨ। ਉਸ ਵੇਲੇ ਹਾਲਾਤ ਇਹ ਬਣ ਗਏ ਸਨ ਕਿ ਬਿਕਰਮ ਸਿੰਘ ਮਜੀਠੀਆ ਇੰਨਾ ਦਬਾਅ ਹੇਠ ਆ ਗਏ ਸਨ ਕਿ ਉਨ੍ਹਾਂ ਨੇ ਹਰਪ੍ਰੀਤ ਸਿੱਧੂ ਖਿਲਾਫ ਇਹ ਬਿਆਨ ਦਿੰਦਿਆਂ ਆਪਣਾ ਬਚਾਅ ਕੀਤਾ ਸੀ ਕਿ ਇਹ ਪੁਲਿਸ ਅਧਿਕਾਰੀ ਉਨ੍ਹਾਂ ਦਾ  ਇੱਕ ਅਜਿਹਾ ਦੂਰ ਦਾ ਰਿਸ਼ਤੇਦਾਰ ਹੈ ਜਿਹੜਾ ਕਿ ਨਾਰਾਜ਼ ਹੋਣ ਤੋਂ ਬਾਅਦ ਆਪਣੀ ਨਿੱਜੀ ਕਿੜ ਕੱਢ ਰਿਹਾ ਹੈ।

- Advertisement -

 

Share this Article
Leave a comment