ਕੈਪਟਨ ਅਮਰਿੰਦਰ ਸਿੰਘ ਵੱਲੋਂ ਨਰਮੇ ਦੀ ਰਿਕਾਰਡ ਪੈਦਾਵਾਰ ਲਈ ਕਿਸਾਨਾਂ ਅਤੇ ਖੇਤੀਬਾੜੀ ਵਿਭਾਗ ਨੂੰ ਥਾਪੜਾ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਨੇ ਅੱਜ ਸੂਬੇ ਦੇ ਕਿਸਾਨਾਂ ਖਾਸ ਕਰਕੇ ਮਾਲਵਾ ਪੱਟੀ ਦੇ ਕਿਸਾਨਾਂ ਨੂੰ ਨਰਮੇ ਦੀ ਰਿਕਾਰਡ ਪੈਦਾਵਾਰ ਲਈ ਵਧਾਈ ਦਿੰਦਿਆਂ ਖੇਤੀਬਾੜੀ ਵਿਭਾਗ ਨੂੰ ਅਗਲੇ ਸਾਉਣੀ ਸੀਜ਼ਨ ਲਈ ਨਰਮਾ ਉਤਪਾਦਾਂ ਨੂੰ ਸਮੇਂ ਸਿਰ ਅਗਾਊਂ ਸਹਾਇਤਾ ਮੁਹੱਈਆ ਕਰਵਾਉਣ ਦੇ ਵੀ ਹੁਕਮ ਦਿੱਤੇ ਹਨ।
ਇਸ ਸੀਜ਼ਨ ਦੌਰਾਨ ਨਰਮੇ ਦੀਆਂ 18.20 ਲੱਖ ਗੱਠਾਂ ਦੇ ਉਤਪਾਦਨ ਦੀ ਆਸ ਹੈ ਜਦਕਿ ਪਿਛਲੇ ਸਾਲ 12.23 ਲੱਖ ਗੱਠਾਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਪ੍ਰਤੀ ਏਕੜ ਔਸਤਨ ਪੈਦਾਵਾਰ 10 ਕੁਇੰਟਲ ਦੇ ਨਿਸ਼ਾਨੇ ਨੂੰ ਪਾਰ ਕਰ ਲਿਆ ਹੈ ਜਦਕਿ ਪਿਛਲੇ ਸਾਲ ਪ੍ਰਤੀ ਏਕੜ 9.31 ਕੁਇੰਟਲ ਸੀ।
ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਕੋਲ ਖੇਤੀਬਾੜੀ ਵਿਭਾਗ ਵੀ ਹੈ, ਨੇ ਖੇਤੀਬਾੜੀ ਵਿਭਾਗ ਖਾਸ ਕਰਕੇ ਫੀਲਡ ਸਟਾਫ ਦੇ ਯਤਨਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਸੂਬਾ ਸਰਕਾਰ ਦੇ ਫਸਲੀ ਵਿਭਿੰਨਤਾ ਪ੍ਰੋਗਰਾਮ ਦੀ ਲੜੀ ਵਜੋਂ ਕਿਸਾਨਾਂ ਨੂੰ ਨਰਮੇ ਦੀ ਪੈਦਾਵਾਰ ਵੱਲ ਮੋੜਣ ਲਈ ਪ੍ਰੇਰਿਤ ਕੀਤਾ। ਇਨ੍ਹਾਂ ਯਤਨਾਂ ਦੇ ਸਾਰਥਕ ਸਿੱਟੇ ਨਿਕਲੇ ਹਨ ਜਿਸ ਨਾਲ ਇਸ ਸਾਲ ਨਰਮੇ ਹੇਠਲਾ ਰਕਬਾ ਬੀਤੇ ਸਾਲ ਨਾਲੋਂ ਵਧ ਕੇ 9.80 ਲੱਖ ਏਕੜ ਹੋ ਗਿਆ ਹੈ ਜੋ 6.70 ਲੱਖ ਏਕੜ ਸੀ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਯਤਨਾਂ ਸਦਕਾ ਭਾਰਤੀ ਕਪਾਹ ਨਿਗਮ ਨੇ ਪੰਜਾਬ ਦੀਆਂ ਮੰਡੀਆਂ ਵਿੱਚ ਪੈਰ ਧਰਿਆ ਅਤੇ ਇਸ ਵੱਲੋਂ ਹੁਣ ਤੱਕ ਨਰਮੇ ਦੀ 4.36 ਲੱਖ ਕੁਇੰਟਲ ਦੀ ਖਰੀਦੀ ਕੀਤੀ ਜਾ ਚੁੱਕੀ ਹੈ ਜੋ ਸੂਬੇ ਦੀਆਂ ਮੰਡੀਆਂ ਵਿੱਚ ਪਹੁੰਚੀ ਕੁੱਲ ਫਸਲ ਦਾ 20 ਫੀਸਦੀ ਬਣਦਾ ਹੈ। ਭਾਰਤੀ ਕਪਾਹ ਨਿਗਮ ਨੇ ਅਮਰੀਕਨ ਨਰਮੇ ਲਈ ਭਾਰਤ ਸਰਕਾਰ ਵੱਲੋਂ ਤੈਅ ਕੀਤੇ ਘੱਟੋ-ਘੱਟ ਸਮਰਥਨ ਮੁੱਲ 5450 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਨਰਮੇ ਦੀ ਖਰੀਦ ਕੀਤੀ।
ਖੇਤੀਬਾੜੀ ਸਕੱਤਰ ਕੇ.ਐਸ. ਪੰਨੂੰ ਨੇ ਦੱਸਿਆ ਕਿ ‘ਚਿੱਟੇ ਸੋਨੇ’ ਦੀ ਬੰਪਰ ਪੈਦਾਵਾਰ ਦਾ ਸਿਹਰਾ ਅਨੁਕੂਲ ਮੌਸਮ ਨੂੰ ਵੀ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਨੇ ਕਪਾਹ ਪੱਟੀ ਵਿੱਚ ਤੁਪਕਾ ਸਿੰਚਾਈ ਦੀ ਪ੍ਰਣਾਲੀ ਨੂੰ ਵੀ ਲਾਗੂ ਕੀਤਾ ਹੈ ਜਿਸ ਨੂੰ ਕਿਸਾਨਾਂ ਨੇ ਭਰਵਾਂ ਹੁੰਗਾਰਾ ਦਿੱਤਾ ਕਿਉਂ ਜੋ ਨਰਮੇ ਦੀ ਪੈਦਾਵਾਰ ਦੀ ਕੀਮਤ ਘਟਣ ਦੇ ਨਾਲ-ਨਾਲ ਝਾੜ ਵਿੱਚ ਇਜ਼ਾਫਾ ਹੋਇਆ। ਉਨ੍ਹਾਂ ਆਖਿਆ ਕਿ ਕੀਟਨਾਸ਼ਕਾਂ ਦੀ ਵਰਤੋਂ ਘਟਣ ਨਾਲ ਪੈਦਾਵਾਰ ਦੀ ਕੀਮਤ ਵਿੱਚ ਵੀ ਕਮੀ ਆਈ ਹੈ ਜੋ ਕਿਸਾਨਾਂ ਲਈ ਲਾਹੇਵੰਦ ਸਿੱਧ ਹੋਇਆ।

Share this Article
Leave a comment