ਕੈਨੇਡਾ ਪੜ੍ਹਾਈ ਕਰਨ ਗਏ ਪਟਿਆਲਾ ਦੇ ਨੌਜਵਾਨ ਦੀ ਮੌਤ, ਪਰਿਵਾਰ ਨੇ ਕਰਜ਼ਾ ਚੁੱਕ ਕੇ ਭੇਜਿਆ ਸੀ ਪੜ੍ਹਨ

TeamGlobalPunjab
2 Min Read

ਪਟਿਆਲਾ: ਬੱਚਿਆਂ ਦੇ ਚੰਗੇ ਭਵਿੱਖ ਲਈ ਮਾਪੇ ਕਰਜ਼ੇ ਤੱਕ ਚੁੱਕੇ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ‘ਚ ਭੇਜ ਰਹੇ ਹਨ ਜੋ ਕਿ ਉਨ੍ਹਾਂ ਨੂੰ ਕਾਫੀ ਮਹਿੰਗਾ ਪੈ ਰਿਹਾ ਹੈ ਕਿਉਂਕਿ ਵਿਦੇਸ਼ਾਂ ‘ਚ ਆਰਥਿਕ ਤੇ ਮਾਨਸਿਕ ਤਣਾਅ ਕਾਰਨ ਕਈ ਘਟਨਾਵਾਂ ਵਾਪਰ ਰਹੀਆਂ ਹਨ ਕਿ ਮਾਪਿਆਂ ਨੂੰ ਆਪਣੇ ਬੱਚੇ ਤੱਕ ਗੁਆਉਣੇ ਪੈ ਰਹੇ ਹਨ।
ਅਜਿਹੀ ਹੀ ਇਕ ਹੋਰ ਮੰਦਭਾਗੀ ਘਟਨਾ ਪਟਿਆਲਾ ਦੇ ਰਣਜੀਤ ਵਿਹਾਰ ਦੇ ਰਹਿਣ ਵਾਲੇ ਹਰਮਨਦੀਪ ਸਿੰਘ ਭਿੰਡਰ ਨਾਲ ਵਾਪਰੀ ਹੈ, ਜਿਸ ਦੀ ਕੈਨੇਡਾ ‘ਚ ਅਚਾਨਕ ਮੌਤ ਹੋ ਗਈ ਹੈ।

ਹਰਮਨਦੀਪ ਸਿੰਘ ਮੌਤ ਦੀ ਖ਼ਬਰ ਸੁਣ ਕੇ ਜਿਥੇ ਪਰਿਵਾਰ ਆਪਣੇ ਪੁੱਤਰ ਦੀ ਮੌਤ ਨਾਲ ਸੋਗ ‘ਚ ਡੁੱਬਿਆ ਹੋਇਆ ਹੈ, ਉਥੇ ਹੀ ਆਪਣੇ ਪੁੱਤਰ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਪਰੇਸ਼ਾਨ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਰਜ਼ਾ ਚੁੱਕ ਕੇ ਆਪਣੇ ਪੁੱਤਰ ਨੂੰ ਕੈਨੇਡਾ ਪੜ੍ਹਾਈ ਲਈ ਭੇਜਿਆ ਸੀ, ਪਰ ਅਚਾਨਕ ਉਸ ਦੀ ਮੌਤ ਦੀ ਖ਼ਬਰ ਆਉਣ ਨਾਲ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਤੇ ਇਸ ਗੱਲ ਤੇ ਉਨਾਂ ਨੂੰ ਹਾਲੇ ਤੱਕ ਵਿਸ਼ਵਾਸ ਨਹੀਂ ਹੋ ਰਿਹਾ। ਪਿਤਾ ਦਾ ਕਹਿਣਾ ਹੈ ਕਿ ਇੱਕ ਹਫਤਾ ਪਹਿਲਾਂ ਹੀ ਉਨ੍ਹਾਂ ਦੀ ਗੱਲ ਹਰਮਨਦੀਪ ਨਾਲ ਹੋਈ ਸੀ, ਉਸ ਵੇਲੇ ਉਹ ਬਿਲਕੁਲ ਠੀਕ ਠਾਕ ਸੀ ਪਰ ਅਚਾਨਕ ਕੈਨੇਡਾ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਫੋਨ ਆਇਆ ਕਿ ਹਰਮਨਦੀਪ ਨਹੀਂ ਰਿਹਾ।

ਪਿਤਾ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਅੱਜ ਉਹ ਆਪਣੇ ਪੁੱਤਰ ਦਾ ਮੂੰਹ ਵੇਖਣ ਨੂੰ ਤਰਸ ਰਹੇ ਹਨ, ਜਦਕਿ ਉਸ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਲਈ ਸਾਡੇ ਆਰਥਿਕ ਹਾਲਾਤ ਠੀਕ ਨਹੀਂ ਹਨ। ਪਰਿਵਾਰਕ ਮੈਂਬਰਾਂ ਨੇ ਜਿਥੇ ਭਾਰਤ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ, ਉਥੇ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਹਰਮਨਦੀਪ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ‘ਚ ਉਨ੍ਹਾਂ ਦੀ ਸਹਾਇਤਾ ਕਰਨ।

Share this Article
Leave a comment