ਓਨਟਾਰੀਓ: ਕੈਨੇਡੀਅਨ ਪੁਲਿਸ ਨੇ ਅਗਵਾ ਕੀਤੇ ਗਏ ਇਕ ਚੀਨੀ ਵਿਦਿਆਰਥੀ ਨੂੰ ਸੁਰੱਖਿਅਤ ਲੱਭ ਲਿਆ ਹੈ ਜਿਸ ਦੀ ਪਛਾਣ ਵੈਨਜ਼ਹੇਨ ਲੂ ਵਜੋਂ ਹੋਈ ਹੈ। ਕਾਂਸਟੇਬਲ ਐਂਡੀ ਪੈਟੇਨਡਨ ਨੇ ਦੱਸਿਆ ਕਿ ਉਸ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ ਅਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮੰਗਲਵਾਰ ਨੂੰ 35 ਸਾਲਾ ਵਿਅਕਤੀ ਨੂੰ ਹਿਰਾਸਤ ‘ਚ ਲਿਆ ਸੀ ਅਤੇ ਫਿਰ ਉਸ ਨੂੰ ਰਿਹਾਅ ਕਰ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਵੈਨਜ਼ਹੇਨ ਨੂੰ ਉਸ ਸਮੇਂ ਅਗਵਾ ਕੀਤਾ ਗਿਆ ਸੀ ਜਦ ਉਹ ਮਾਰਖਮ ਦੇ ਪਾਰਕਿੰਗ ਗੈਰੇਜ ‘ਚ ਸੀ। ਪੁਲਿਸ ਨੇ ਦੱਸਿਆ ਕਿ 22 ਸਾਲਾ ਵੈਨਜ਼ਹੇਨ ਨੇ ਆਪਣੀ ਗੱਡੀ ਪਾਰਕ ਕੀਤੀ ਅਤੇ ਇਕ ਦੋਸਤ ਨਾਲ ਪੈਦਲ ਜਾ ਰਿਹਾ ਸੀ। ਇਸ ਦੌਰਾਨ ਇਕ ਮਿੰਨੀ ਵੈਨ ‘ਚ ਬੈਠੇ ਅਗਵਾਕਾਰਾਂ ਨੇ ਉਸ ਨੂੰ ਘੇਰ ਕੇ ਖੜ੍ਹੇ ਹੋ ਗਏ।
ਉਨ੍ਹਾਂ ਨੇ ਉਸ ਨੂੰ ਖਿੱਚ ਕੇ ਗੱਡੀ ‘ਚ ਸੁੱਟਿਆ, ਵੈਨਜ਼ਹੇਨ ਨੇ ਜਦ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੌਰਾਨ ਅਗਵਾਕਾਰਾਂ ਨੇ ਆਪਣੀ ਬੰਦੂਕ ਕੱਢ ਕੇ ਉਸ ਨੂੰ ਧਮਕਾਇਆ। ਵੈਨਜ਼ਹੇਨ ਨੂੰ ਜ਼ਬਰਦਸਤੀ ਗੱਡੀ ‘ਚ ਬੈਠਾ ਕੇ ਉਹ ਚਲੇ ਗਏ। ਫਿਲਹਾਲ ਪੁਲਿਸ ਵਲੋਂ ਚਾਰ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ।