ਵਰਲਡ ਡੈਸਕ – ਭਾਰਤੀ-ਅਮਰੀਕੀ ਭਵਿਆ ਲਾਲ ਨੂੰ ਬੀਤੇ ਸੋਮਵਾਰ ਨਾਸਾ ਨੇ ਯੂਐਸ ਪੁਲਾੜ ਏਜੰਸੀ ਦੀ ਕਾਰਜਕਾਰੀ ਮੁਖੀ ਨਿਯੁਕਤ ਕੀਤੀ ਹੈ। ਭਵਿਆ ਲਾਲ, ਸੰਯੁਕਤ ਰਾਜ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੁਆਰਾ ਨਾਸਾ ਦੀ ਤਬਦੀਲੀ ਸਬੰਧੀ ਸਮੀਖਿਆ ਟੀਮ ਦੀ ਮੈਂਬਰ ਹੈ ਤੇ ਬਾਇਡਨ ਪ੍ਰਸ਼ਾਸਨ ਅਧੀਨ ਏਜੰਸੀ ‘ਚ ਬਦਲਾਅ ਦੀ ਨਿਗਰਾਨੀ ਕਰਦੀ ਹੈ।
ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਇਕ ਬਿਆਨ ‘ਚ ਕਿਹਾ ਕਿ ਭਵਿਆ ਕੋਲ ਇੰਜੀਨੀਅਰਿੰਗ ਤੇ ਪੁਲਾੜ ਤਕਨਾਲੋਜੀ ਦਾ ਵਿਸ਼ਾਲ ਤਜ਼ਰਬਾ ਹੈ। ਲਾਲ ਪੁਲਾੜ ਤਕਨਾਲੋਜੀ ਤੇ ਨੀਤੀਗਤ ਕਮਿਊਨਿਟੀ ਦੀ ਇੱਕ ਸਰਗਰਮ ਮੈਂਬਰ ਵੀ ਹੈ।
ਇਸਤੋਂ ਇਲਾਵਾ ਭਵਿਆ ਪਹਿਲਾਂ ਹੀ ਬਹੁਤ ਸਾਰੇ ਪ੍ਰੋਗਰਾਮਾਂ ਰਾਹੀਂ ਨਾਸਾ ਨਾਲ ਜੁੜੀ ਹੋਈ ਹੈ। ਭਵਿਆ ਇਸ ਤੋਂ ਪਹਿਲਾਂ ਨਾਸਾ ਦੇ ਮਸ਼ਹੂਰ ਇਨੋਵੇਟਿਵ ਐਡਵਾਂਸਡ ਸੰਕਲਪ ਪ੍ਰੋਗਰਾਮ ਤੇ ਨਾਸਾ ਦੀ ਸਲਾਹਕਾਰ ਪਰਿਸ਼ਦ ਦੀ ਟੈਕਨੋਲੋਜੀ, ਇਨੋਵੇਸ਼ਨ ਤੇ ਇੰਜੀਨੀਅਰਿੰਗ ਸਲਾਹਕਾਰ ਕਮੇਟੀ ਦੀ ਬਾਹਰੀ ਕੌਂਸਲ ਮੈਂਬਰ ਵੀ ਰਹਿ ਚੁੱਕੀ ਹੈ।
ਭਵਿਆ ਨੇ ਪੰਜ ਨੈਸ਼ਨਲ ਅਕੈਡਮੀ ਆਫ਼ ਸਾਇੰਸਜ਼, ਇੰਜੀਨੀਅਰਿੰਗ ਤੇ ਮੈਡੀਸਨ (ਐਨਏਐਸਈਐਮ) ਕਮੇਟੀਆਂ ‘ਚ ਵੀ ਸੇਵਾਵਾਂ ਨਿਭਾਈਆਂ ਹਨ।