ਕਿਸਾਨਾਂ ਲਈ ਜਾਣਕਾਰੀ – ਛੋਲਿਆਂ ਦੀ ਤਕਨੀਕੀ ਢੰਗਾਂ ਨਾਲ ਕਾਸ਼ਤ

TeamGlobalPunjab
10 Min Read

-ਮਨਦੀਪ ਕੌਰ ਸੈਣੀ, ਕਿਰਨਦੀਪ ਕੌਰ ਅਤੇ ਭੁਪਿੰਦਰ ਸਿੰਘ ਢਿੱਲੋਂ

ਦਾਲਾਂ ਮਨੁੱਖੀ ਖ਼ੁਰਾਕ ਦਾ ਮਹੱਤਵਪੂਰਨ ਹਿੱਸਾ ਹਨ ਕਿਉਂਕਿ ਇਨ੍ਹਾਂ ਵਿੱਚ ਪ੍ਰੋਟੀਨ ਅਤੇ ਕੁਝ ਹੋਰ ਜ਼ਰੂਰੀ ਖੁਰਾਕੀ ਤੱਤ ਹੁੰਦੇ ਹਨ।ਦਾਲਾਂ ਦੀ ਕਾਸ਼ਤ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਰਕਰਾਰ ਰਹਿੰਦੀ ਹੈ ਕਿਉਂਕਿ ਇਹ ਹਵਾ ਵਿੱਚੋਂ ਨਾਈਟ੍ਰੋਜਨ ਤੱਤ ਲੈ ਕੇ ਜ਼ਮੀਨ ਵਿੱਚ ਜਮ੍ਹਾਂ ਕਰਦੀਆਂ ਹਨ।ਪੰਜਾਬ ਵਿੱਚ ਹਾੜ੍ਹੀ ਦੀਆਂ ਦਾਲਾਂ ਵਿੱਚੋਂ ਛੋਲੇ ਇੱਕ ਮਹੱਤਵਪੂਰਨ ਫ਼ਸਲ ਹੈ। ਇਸ ਦਾ ਪ੍ਰਯੋਗ ਹਰੇ ਛੋਲੀਏ ਵਜੋਂ ਵੀ ਹੁੰਦਾ ਹੈ ਅਤੇ ਛੋਲਿਆਂ ਤੋਂ ਵੇਸਣ ਵੀ ਤਿਆਰ ਕੀਤਾ ਜਾਂਦਾ ਹੈ ਜੋ ਕਿ ਕਈ ਤਰ੍ਹਾਂ ਦੇ ਪਕਵਾਨ, ਸਨੈਕਸ ਅਤੇ ਮਠਿਆਈ ਵਿੱਚ ਵਰਤਿਆ ਜਾਂਦਾ ਹੈ।ਮਨੁੱਖੀ ਖੁਰਾਕ ਤੋਂ ਇਲਾਵਾ ਛੋਲੇ ਪਸ਼ੂਆਂ ਲਈ ਵੰਡ ਬਣਾਉਣ ਵਾਸਤੇ ਵਰਤੇ ਜਾਂਦੇ ਹਨ। ਵਿਸ਼ਵ ਵਿੱਚ ਭਾਰਤ ਛੋਲਿਆਂ ਦੇ ਉਤਪਾਦਨ ਵਿੱਚ ਸਭ ਤੋਂ ਅੱਗੇ ਹੈ।ਇਸ ਫ਼ਸਲ ਨੂੰ ਸੇਂਜੂ ਅਤੇ ਬਰਾਨੀ, ਦੋਹਾਂ ਹਾਲਤਾਂ ਵਿੱਚ ਉਗਾਇਆ ਜਾ ਸਕਦਾ ਹੈ। ਹਲਕੀਆਂ ਜ਼ਮੀਨਾਂ, ਜਿੱਥੇ ਹੋਰ ਕੋਈ ਫ਼ਸਲ ਨਾ ਬੀਜੀ ਜਾ ਸਕੇ, ਉੱਥੇ ਇਸ ਫ਼ਸਲ ਨੂੰ ਬੜੀ ਕਾਮਯਾਬੀ ਨਾਲ ਉਗਾਇਆ ਜਾ ਸਕਦਾ ਹੈ।

ਛੋਲਿਆਂ ਲਈ ਚੰਗੇ ਜਲ ਨਿਕਾਸ ਵਾਲੀ ਰੇਤਲੀ ਜਾਂ ਹਲਕੀ ਭਲ ਵਾਲੀ ਜ਼ਮੀਨ ਬਹੁਤ ਢੁਕਵੀਂ ਹੈ। ਖਾਰੀਆਂ, ਕਲਰਾਠੀਆਂ ਅਤੇ ਸੇਮ ਵਾਲੀਆਂ ਜ਼ਮੀਨਾਂ ਛੋਲਿਆਂ ਲਈ ਢੁਕਵੀਆਂ ਨਹੀਂ। ਛੋਲੇ ਸਰਦੀਆਂ ਦੀ ਫ਼ਸਲ ਹੈ ਪਰ ਅੱਤ ਦੀ ਸਰਦੀ ਅਤੇ ਕੋਰਾ ਇਸ ਦਾ ਨੁਕਸਾਨ ਕਰਦੇ ਹਨ। ਇਹ ਫ਼ਸਲ ਘੱਟ ਬਾਰਸ਼ ਵਾਲੇ ਇਲਾਕਿਆਂ ਦੇ ਅਨੁਕੂਲ ਹੈ ਪਰ ਇਹ ਸੇਂਜੂ ਹਾਲਤਾਂ ਵਿੱਚ ਵੀ ਚੰਗੀ ਹੋ ਜਾਂਦੀ ਹੈ। ਬਿਜਾਈ ਪਿੱਛੋਂ ਛੇਤੀ ਬਾਰਸ਼ ਹੋ ਜਾਵੇ ਜਾਂ ਪੱਕਣ ਵੇਲੇ ਗੜੇਮਾਰ ਹੋ ਜਾਵੇ ਤਾਂ ਫ਼ਸਲ ਕਾਫ਼ੀ ਤਬਾਹ ਹੋ ਜਾਂਦੀ ਹੈ। ਜੇ ਗਰਮੀ ਛੇਤੀ ਸ਼ੁਰੂ ਹੋ ਜਾਵੇ ਤਾਂ ਫ਼ਸਲ ਨੂੰ ਵਧਣ ਦਾ ਸਮਾਂ ਘੱਟ ਮਿਲਦਾ ਹੈ ਅਤੇ ਫ਼ਸਲ ਛੇਤੀ ਪੱਕ ਜਾਂਦੀ ਹੈ ਤੇ ਝਾੜ ਘੱਟ ਮਿਲਦਾ ਹੈ।ਜੇ ਗੱਲ ਕਰੀਏ ਫ਼ਸਲੀ ਚੱਕਰਾਂ ਦੀ ਤਾਂ ਆਮ ਫ਼ਸਲ ਚੱਕਰ ਹਨ: ਝੋਨਾ/ਮੱਕੀ-ਛੋਲੇ, ਝੋਨਾ-ਛੋਲੇ-ਗਰਮ ਰੁੱਤ ਦੀ ਮੂੰਗੀ ਅਤੇ ਬਾਜਰਾ/ਚਰ੍ਹੀ-ਛੋਲੇ। ਅਨਾਜ ਦੀਆਂ ਫ਼ਸਲਾਂ ਦੇ ਹੇਰ-ਫੇਰ ਵਿੱਚ ਜੇ ਛੋਲੇ ਬੀਜੇ ਜਾਣ ਤਾਂ ਜ਼ਮੀਨ ਵਿੱਚ ਲੱਗਣ ਵਾਲੀਆਂ ਬਿਮਾਰੀਆਂ ਦੀ ਲਾਗ ਰੋਕਣ ਵਿੱਚ ਮੱਦਦ ਮਿਲਦੀ ਹੈ। ਕਿਸਾਨ ਭਰਾਓ, ਛੋਲਿਆਂ ਦੀ ਫ਼ਸਲ ਤੋਂ ਵਧੇਰੇ ਝਾੜ ਲੈਣ ਅਤੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਇਸਦੀ ਕਾਸ਼ਤ ਹੇਠ ਲਿਖੇ ਤਕਨੀਕੀ ਢੰਗਾਂ ਨਾਲ ਕਰੋ:

ਉੱਨਤ ਕਿਸਮਾਂ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪੰਜਾਬ ਵਿੱਚ ਦੇਸੀ ਅਤੇ ਕਾਬਲੀ ਛੋਲਿਆਂ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਦਾ ਵੇਰਵਾ ਹੇਠ ਲਿਖੀ ਸਾਰਣੀ ਵਿੱਚ ਦਿੱਤਾ ਗਿਆ ਹੈ:
ਕਿਸਮ ਪੱਕਣ ਲਈ ਸਮਾਂ (ਦਿਨ) ਔਸਤਨ ਝਾੜ (ਕੁਇੰਟਲ/ਏਕੜ) ਟਿੱਪਣੀ

- Advertisement -

ਦੇਸੀ ਛੋਲੇ

ਸੇਂਜੂ ਹਾਲਤਾਂ ਲਈ
ਪੀ ਬੀ ਜੀ 8 158 8.4 ਸਿੱਲ੍ਹ ਵਾਲੇ ਇਲਾਕਿਆਂ ਨੂੰ ਛੱਡ ਕੇ ਬਾਕੀ ਸਾਰੇ ਪ੍ਰਾਂਤ ਲਈ
ਪੀ ਬੀ ਜੀ 7 159 8.0 ਸਾਰੇ ਪ੍ਰਾਂਤ ਲਈ
ਪੀ ਬੀ ਜੀ 5 165 6.8 ਸਿੱਲ੍ਹ ਵਾਲੇ ਇਲਾਕਿਆਂ (ਗੁਰਦਾਸਪੁਰ, ਹੁਸ਼ਿਆਰਪੁਰ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਤਰਨਤਾਰਨ ਅਤੇ ਅੰਮ੍ਰਿਤਸਰ ਜਿਲ੍ਹੇ) ਲਈ
ਜੀ ਪੀ ਐਫ਼ 2 170 7.6 ਸਿੱਲ੍ਹ ਵਾਲੇ ਇਲਾਕਿਆਂ ਨੂੰ ਛੱਡ ਕੇ ਬਾਕੀ ਸਾਰੇ ਪ੍ਰਾਂਤ ਲਈ
ਬਰਾਨੀ ਹਾਲਤਾਂ ਲਈ
ਪੀ ਡੀ ਜੀ 4 160 7.8 ਸਿੱਲ੍ਹ ਵਾਲੇ ਇਲਾਕਿਆਂ ਨੂੰ ਛੱਡ ਕੇ ਬਾਕੀ ਸਾਰੇ ਪ੍ਰਾਂਤ ਲਈ

ਕਾਬਲੀ ਛੋਲੇ

ਐਲ 552 157 7.3 ਸਿੱਲ੍ਹ ਵਾਲੇ ਇਲਾਕਿਆਂ ਨੂੰ ਛੱਡ ਕੇ ਬਾਕੀ ਸਾਰੇ ਪ੍ਰਾਂਤ ਵਿੱਚ ਸਿੰਚਾਈ ਵਾਲੀਆਂ ਹਾਲਤਾਂ ਲਈ

ਜ਼ਮੀਨ ਦੀ ਚੋਣ ਅਤੇ ਤਿਆਰੀ: ਕਿਸਾਨ ਭਰਾਉ, ਛੋਲਿਆਂ ਦੀ ਕਾਸ਼ਤ ਲਈ ਚੰਗੇ ਜਲ ਨਿਕਾਸ ਵਾਲੀ ਰੇਤਲੀ ਜਾਂ ਹਲਕੀ ਭਲ ਵਾਲੀ ਜ਼ਮੀਨ ਢੁਕਵੀਂ ਹੈ।ਫ਼ਸਲ ਦੀ ਬਿਜਾਈ ਲਈ ਜ਼ਮੀਨ ਨੂੰ ਡੂੰਘਾ ਵਾਹੁਣਾ ਬਹੁਤ ਜ਼ਰੂਰੀ ਹੈ ਕਿਉਂਕਿ ਡੂੰਘੀਆਂ ਵਾਹੀਆਂ ਜ਼ਮੀਨਾਂ ਵਿੱਚ ਛੋਲਿਆਂ ਦੀਆਂ ਜੜ੍ਹਾਂ ਬਹੁਤ ਵਧਦੀਆਂ ਹਨ, ਉਖੇੜਾ ਰੋਗ ਘੱਟ ਲੱਗਦਾ ਹੈ ਅਤੇ ਫ਼ਸਲ ਦਾ ਝਾੜ ਵੀ ਵੱਧ ਮਿਲਦਾ ਹੈ ।ਵੱਧ ਝਾੜ ਲੈਣ ਲਈ ਖੇਤ ਨੂੰ 22.5 ਸੈਂਟੀਮੀਟਰ ਡੂੰਘਾ ਵਾਹੋ।

- Advertisement -

ਬਿਜਾਈ ਦਾ ਸਮਾਂ: ਫ਼ਸਲ ਦੀ ਬਿਜਾਈ ਦਾ ਸਮਾਂ ਫ਼ਸਲ ਦੇ ਝਾੜ ਤੇ ਸਿੱਧਾ ਅਸਰ ਪਾਉਂਦਾ ਹੈ।ਬਰਾਨੀ ਹਾਲਤਾਂ ਵਿੱਚ ਦੇਸੀ ਛੋਲੇ 10 ਤੋਂ 25 ਅਕਤੂਬਰ ਦੇ ਦਰਮਿਆਨ ਬੀਜਣੇ ਚਾਹੀਦੇ ਹਨ ਅਤੇ ਸੇਂਜੂ ਹਾਲਤਾਂ ਵਿੱਚ ਦੇਸੀ ਅਤੇ ਕਾਬਲੀ ਛੋਲਿਆਂ ਦੀ ਬਿਜਾਈ ਲਈ ਢੁਕਵਾਂ ਸਮਾਂ 25 ਅਕਤੂਬਰ ਤੋਂ 10 ਨਵੰਬਰ ਹੈ।ਕਿਸਾਨ ਭਰਾ, ਛੋਲਿਆਂ ਦੀ ਬਿਜਾਈ ਸਿਫ਼ਾਰਿਸ਼ ਸਮੇਂ ਮੁਤਾਬਿਕ ਹੀ ਕਰਨ ਕਿਉਂਕਿ ਅਗੇਤੀ ਅਤੇ ਪਛੇਤੀ ਬਿਜਾਈ ਕਰਨ ਨਾਲ ਝਾੜ ਵਿੱਚ ਕਾਫ਼ੀ ਕਮੀ ਆਉਂਦੀ ਹੈ। ਅਗੇਤੀ ਫ਼ਸਲ ਬੀਜਣ ਨਾਲ ਬੂਟਿਆਂ ਦਾ ਫੈਲਾਅ ਵੱਧ ਜਾਂਦਾ ਹੈ, ਜਿਸ ਨਾਲ ਫ਼ਲੀਆਂ ਵਿੱਚ ਦਾਣੇ ਘੱਟ ਬਣਦੇ ਹਨ।ਅਗੇਤੀ ਬੀਜੀ ਫ਼ਸਲ ਨੂੰ ਉੱਚੇ ਤਾਪਮਾਨ ਕਰਕੇ ਉਖੇੜੇ ਦੀ ਬਿਮਾਰੀ ਲੱਗਣ ਦਾ ਡਰ ਰਹਿੰਦਾ ਹੈ।ਪਛੇਤੀ ਬੀਜੀ ਫ਼ਸਲ ਦਾ ਵਾਧਾ ਅਤੇ ਜੜ੍ਹਾਂ ਦਾ ਵਿਕਾਸ ਘੱਟ ਹੁੰਦਾ ਹੈ, ਜਿਸ ਕਰਕੇ ਝਾੜ ਘੱਟ ਜਾਂਦਾ ਹੈ।

ਬੀਜ ਦੀ ਮਾਤਰਾ: ਵੱਧ ਝਾੜ ਲੈਣ ਲਈ ਖੇਤ ਵਿੱਚ ਬੂਟਿਆਂ ਦੀ ਸਹੀ ਗਿਣਤੀ ਹੋਣੀ ਬਹੁਤ ਜ਼ਰੂਰੀ ਹੈ।ਇਹ ਗਿਣਤੀ ਪੂਰੀ ਰੱਖਣ ਲਈ ਦੇਸੀ ਛੋਲਿਆਂ ਦਾ 15-18 ਕਿਲੋ ਪ੍ਰਤੀ ਏਕੜ ਅਤੇ ਕਾਬਲੀ ਛੋਲਿਆਂ ਦਾ 37 ਕਿਲੋ ਪ੍ਰਤੀ ਏਕੜ ਬੀਜ ਵਰਤੋ। ਜੇਕਰ ਪੀ ਬੀ ਜੀ 5 ਕਿਸਮ ਬੀਜਣੀ ਹੋਵੇ ਤਾਂ 24 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ ।ਪਛੇਤੀ ਬਿਜਾਈ ਲਈ ਜੇਕਰ ਦੇਸੀ ਛੋਲੇ ਨਵੰਬਰ ਦੇ ਦੂਜੇ ਪੰਦਰਵਾੜੇ ਵਿੱਚ ਬੀਜਣੇ ਹੋਣ ਤਾਂ ਬੀਜ 27 ਕਿਲੋ ਪ੍ਰਤੀ ਏਕੜ ਜੱਦ ਕਿ ਦਸੰਬਰ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਬਿਜਾਈ ਲਈ 36 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ।

ਬੀਜ ਨੂੰ ਜੀਵਾਣੂੰ ਖਾਦ ਦਾ ਟੀਕਾ ਲਾਉਣਾ: ਛੋਲਿਆਂ ਨੂੰ ਬੀਜਣ ਤੋਂ ਪਹਿਲਾਂ ਮੀਜ਼ੋਰਾਈਜ਼ੋਬੀਅਮ ਅਤੇ ਰਾਈਜ਼ੋਬੈਕਟੀਰੀਅਮ ਦਾ ਟੀਕਾ ਲਗਾਉਣ ਨਾਲ ਝਾੜ ਵਿਚ ਵਾਧਾ ਹੁੰਦਾ ਹੈ।ਇੱਕ ਏਕੜ ਲਈ ਸਿਫ਼ਾਰਸ਼ ਕੀਤੇ ਬੀਜ ਨੂੰ ਮੀਜ਼ੋਰਾਈਜ਼ੋਬੀਅਮ (ਐਲ ਜੀ ਆਰ-33) ਅਤੇ ਰਾਈਜ਼ੋਬੈਕਟੀਰੀਅਮ (ਆਰ ਬੀ -1) ਜੀਵਾਣੂੰ ਖਾਦ ਦੇ ਇੱਕ-ਇੱਕ ਪੈਕਟਾਂ ਨੂੰ ਚੰਗੀ ਤਰ੍ਹਾਂ ਰਲਾ ਦਿਉ। ਫਿਰ ਬੀਜ ਨੂੰ ਛਾਂ ਵਿਚ ਸੁਕਾ ਕੇ ਇੱਕ ਘੰਟੇ ਦੇ ਅੰਦਰ ਬੀਜ ਦਿਉ।ਇਹ ਟੀਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਗੇਟ ਨੰ. 1 ਤੇ ਬੀਜਾਂ ਦੀ ਦੁਕਾਨ ਅਤੇ ਵੱਖੋ-ਵੱਖਰੇ ਜ਼ਿਲ੍ਹਿਆਂ ਵਿਚ ਕ੍ਰਿਸ਼ੀ ਵਿਗਿਆਨ/ਫਾਰਮ ਸਲਾਹਕਾਰ ਕੇਂਦਰਾਂ ਪਾਸੋਂ ਮਿਲਦੇ ਹਨ।

ਬਿਜਾਈ ਦਾ ਢੰਗ: ਛੋਲਿਆਂ ਦੀ ਬਿਜਾਈ ਪੋਰੇ ਨਾਲ ਕਰੋ ਅਤੇ ਸਿਆੜ ਤੋਂ ਸਿਆੜ ਦਾ ਫ਼ਾਸਲਾ 30 ਸੈਂਟੀਮੀਟਰ ਰੱਖੋ।ਬਿਜਾਈ 10 ਤੋਂ 12.5 ਸੈਂਟੀਮੀਟਰ ਡੂੰਘਾਈ ਤੇ ਕਰੋ ਕਿਉਂਕਿ ਇਸ ਤੋਂ ਘੱਟ ਡੂੰਘਾਈ ਤੇ ਬੀਜੇ ਛੋਲਿਆਂ ਨੂੰ ਉਖੇੜੇ ਦੀ ਬਿਮਾਰੀ ਆਮ ਲੱਗ ਜਾਂਦੀ ਹੈ, ਜਿਸ ਕਰਕੇ ਝਾੜ ਘੱਟ ਜਾਂਦਾ ਹੈ।ਬਿਜਾਈ ਖਾਦ ਬੀਜ ਡਰਿਲ ਨਾਲ ਵੀ ਕੀਤੀ ਜਾ ਸਕਦੀ ਹੈ ਪਰ ਬੀਜ ਵਾਲੇ ਖਾਂਚੇ ਵੱਡੇ ਹੋਣੇ ਚਾਹੀਦੇ ਹਨ।ਝੋਨੇ ਦੀ ਬਿਜਾਈ ਵਾਲੀਆਂ ਭਾਰੀਆ ਜ਼ਮੀਨਾਂ ਵਿੱਚ ਛੋਲਿਆਂ ਦੀ ਬਿਜਾਈ ਬੈੱਡਾਂ ਉੱਤੇ ਵੀ ਕੀਤੀ ਜਾ ਸਕਦੀ ਹੈ। ਅਜਿਹਾ ਕਰਨ ਲਈ ਛੋਲਿਆਂ ਦੀ ਬਿਜਾਈ ਲਈ ਕਣਕ ਲਈ ਵਰਤੇ ਜਾਂਦੇ ਬੈਡ ਪਲਾਂਟਰ ਨਾਲ 67.5 ਸੈ.ਮੀ. ਵਿੱਥ ਤੇ (37.5 ਸੈ.ਮੀ. ਬੱੈਡ ਅਤੇ 30 ਸੈ.ਮੀ. ਖਾਲੀ) ਬੈੱਡ ਤਿਆਰ ਕਰੋ।ਅਜਿਹੇ ਬੈੱਡਾਂ ਉੱਤੇ ਛੋਲਿਆਂ ਦੀਆਂ ਦੋ ਕਤਾਰਾਂ ਪ੍ਰਤੀ ਬੈੱਡ ਬੀਜੋ।ਅਜਿਹਾ ਕਰਨ ਨਾਲ ਭਾਰੀਆਂ ਜ਼ਮੀਨਾਂ ਉੱਤੇ ਫ਼ਸਲ ਸਿਚਾਈ ਤੋਂ ਹੋਣ ਵਾਲੇ ਨੁਕਸਾਨ ਤੋਂ ਬਚ ਜਾਂਦੀ ਹੈ।

ਖਾਦਾਂ: ਖਾਦਾਂ ਦੀ ਵਰਤੋਂ ਹਮੇਸ਼ਾਂ ਮਿੱਟੀ ਪਰਖ ਦੇ ਆਧਾਰ ’ਤੇ ਕਰੋ। ਸੇਂਜੂ ਅਤੇ ਬਰਾਨੀ ਹਾਲਤਾਂ ਵਿਚ ਦੇਸੀ ਛੋਲਿਆਂ ਨੂੰ ਬਿਜਾਈ ਸਮੇਂ 6 ਕਿਲੋ ਨਾਈਟ੍ਰੋਜਨ (13 ਕਿਲੋ ਯੂਰੀਆ) ਅਤੇ 8 ਕਿਲੋ ਫ਼ਾਸਫ਼ੋਰਸ (50 ਕਿਲੋ ਸੁਪਰਫਾਸਫੇਟ) ਪ੍ਰਤੀ ਏਕੜ ਡਰਿਲ ਨਾਲ ਪੋਰ ਦਿਉ। ਇਸੇ ਤਰ੍ਹਾਂ ਕਾਬਲੀ ਛੋਲਿਆਂ ਨੂੰ ਸੇਂਜੂ ਹਾਲਤਾਂ ਵਿਚ 6 ਕਿਲੋ ਨਾਈਟ੍ਰੋਜਨ (13 ਕਿਲੋ ਯੂਰੀਆ) ਅਤੇ 16 ਕਿਲੋ ਫ਼ਾਸਫ਼ੋਰਸ (100 ਕਿਲੋ ਸੁਪਰਫਾਸਫੇਟ) ਪ੍ਰਤੀ ਏਕੜ ਬਿਜਾਈ ਸਮੇਂ ਪਾਊ।ਉਪਰੋਕਤ ਖਾਦਾ ਤੋਂ ਇਲਾਵਾ, ਫ਼ਸਲ ਬੀਜਣ ਤੋਂ 90 ਅਤੇ 110 ਦਿਨਾਂ ਬਾਅਦ 2% ਯੂਰੀਆ (3 ਕਿਲੋ ਯੂਰੀਆ 150 ਲਿਟਰ ਪਾਣੀ ਵਿਚ ਪ੍ਰਤੀ ਏਕੜ) ਦਾ ਛਿੜਕਾਅ ਕਰਕੇ ਵਧੇਰੇ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ।

ਨਦੀਨ ਪ੍ਰਬੰਧ: ਨਦੀਨ ਫ਼ਸਲਾਂ ਨਾਲ ਖੁਰਾਕੀ ਤੱਤਾਂ, ਰੌਸ਼ਨੀ, ਪਾਣੀ ਅਤੇ ਜਗ੍ਹਾ ਲਈ ਮੁਕਾਬਲਾ ਕਰਦੇ ਹਨ ਅਤੇ ਇਸ ਲਈ ਫ਼ਸਲ ਦੇ ਵਾਧੇ ਅਤੇ ਝਾੜ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ।ਇਸ ਲਈ ਨਦੀਨਾਂ ਦੀ ਸੁਚੱਜੇ ਢੰਗ ਨਾਲ ਅਤੇ ਸਹੀ ਸਮੇਂ ਤੇ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ।ਛੋਲਿਆਂ ਵਿਚ ਨਦੀਨਾਂ ਦੀ ਰੋਕਥਾਮ ਲਈ ਦੋ ਗੋਡੀਆਂ ਕਰਨੀਆਂ ਪੈਂਦੀਆਂ ਹਨ।ਪਹਿਲੀ ਗੋਡੀ ਬਿਜਾਈ ਤੋਂ 30 ਦਿਨਾਂ ਬਾਅਦ ਅਤੇ ਦੂਜੀ ਲੋੜ ਪੈਣ ਤੇ 60 ਦਿਨਾਂ ਬਾਅਦ ਕਰੋ।

ਸਿੰਚਾਈ: ਛੋਲਿਆਂ ਦੀ ਫ਼ਸਲ ਵਿੱਚ ਸਿੰਚਾਈ ਦੀ ਅਹਿਮ ਭੂਮਿਕਾ ਹੈ। ਇਸ ਫ਼ਸਲ ਨੂੰ ਜਿਆਦਾ ਪਾਣੀ ਦੀ ਜ਼ਰੂਰਤ ਨਹੀਂ ਪੈਂਦੀ।ਬਹੁਤਾ ਪਾਣੀ ਦੇਣ ਨਾਲ ਬੂਟੇ ਦਾ ਫੁਲਾਅ ਬਹੁਤ ਵੱਧ ਜਾਂਦਾ ਹੈ ਅਤੇ ਫ਼ਲ ਘੱਟ ਲੱਗਦਾ ਹੈ । ਇਸ ਲਈ ਛੋਲਿਆਂ ਦੀ ਬਿਜਾਈ ਤੋਂ ਪਹਿਲਾਂ ਭਰਵੀਂ ਰੌਣੀ ਕਰੋ ਅਤੇ ਬਾਅਦ ਵਿੱਚ ਲੋੜ ਮੁਤਾਬਿਕ ਕੇਵਲ ਇੱਕ ਪਾਣੀ ਦਿਉ। ਇਸ ਨਾਲ ਜੜ੍ਹਾਂ ਡੂੰਘੀਆਂ ਜਾਣਗੀਆਂ ਅਤੇ ਭੂਮੀ ਵਿਚਲੇ ਪਾਣੀ ਦੀ ਯੋਗ ਵਰਤੋਂ ਹੋਵੇਗੀ। ਫ਼ਸਲ ਨੂੰ ਇਹ ਪਾਣੀ ਬਿਜਾਈ ਦੇ ਸਮੇਂ ਅਤੇ ਬਾਰਸ਼ ਅਨੁਸਾਰ ਅੱਧ ਦਸੰਬਰ ਤੋਂ ਅਖੀਰ ਜਨਵਰੀ ਦਰਮਿਆਨ ਦੇਣਾ ਚਾਹੀਦਾ ਹੈ। ਇਹ ਪਾਣੀ ਕਿਸੇ ਵੀ ਹਾਲਤ ਵਿੱਚ ਬਿਜਾਈ ਤੋਂ 4 ਹਫ਼ਤੇ ਦੇ ਅੰਦਰ ਨਹੀਂ ਦੇਣਾ ਚਾਹੀਦਾ। ਜੇਕਰ ਬਾਰਸ਼ ਪਹਿਲਾਂ ਹੋ ਜਾਵੇ ਤਾਂ ਇਹ ਪਾਣੀ ਹੋਰ ਪਛੇਤਾ ਕਰ ਦਿਉ।ਝੋਨੇ ਵਾਲੀਆਂ ਜ਼ਮੀਨਾਂ ਵਿੱਚ ਬੀਜੀ ਛੋਲਿਆਂ ਦੀ ਫ਼ਸਲ ਨੂੰ ਪਾਣੀ ਬਿਲਕੁਲ ਨਹੀਂ ਲਾਉਣਾ ਚਾਹੀਦਾ ਪਰੰਤੂ ਬੈੱਡਾਂ ਉੱਤੇ ਕੀਤੀ ਛੋਲਿਆਂ ਦੀ ਬਿਜਾਈ ਨੂੰ ਡੱਡੇ ਬਣਨ ਸਮੇਂ ਅਗਰ ਪਾਣੀ ਦੀ ਘਾਟ ਆਉਂਦੀ ਹੈ ਤਾਂ ਇੱਕ ਪਾਣੀ ਲਗਾਇਆ ਜਾ ਸਕਦਾ ਹੈ।

ਕਟਾਈ: ਜਦੋਂ ਬੂਟੇ ਸੁੱਕ ਜਾਣ ਅਤੇ ਡੱਡੇ ਪੱਕ ਜਾਣ ਉਸ ਸਮੇਂ ਛੋਲਿਆਂ ਦੀ ਕਟਾਈ ਕਰ ਲੈਣੀ ਚਾਹੀਦੀ ਹੈ।ਵਾਢੀ ਦਾਤਰੀ ਨਾਲ ਕਰਨੀ ਚਾਹੀਦੀ ਹੈ। ਫ਼ਸਲ ਨੂੰ ਹੱਥਾਂ ਨਾਲ ਨਹੀਂ ਪੁੱਟਣਾ ਚਾਹੀਦਾ। ਇਸ ਨਾਲ ਜ਼ਮੀਨ ਜੜ੍ਹਾਂ ਦੀ ਖਾਦ ਤੋਂ ਵਾਂਝੀ ਰਹਿ ਜਾਵੇਗੀ।

ਆਸ ਕਰਦੇ ਹਾਂ ਕਿ ਕਿਸਾਨ ਵੀਰ ਛੋਲਿਆਂ ਦੀ ਫ਼ਸਲ ਨੂੰ ਤਕਨੀਕੀ ਢੰਗਾਂ ਨਾਲ ਉਗਾ ਕੇ ਵੱਧ ਤੋਂ ਵੱਧ ਝਾੜ ਪ੍ਰਾਪਤ ਕਰ ਸਕਣ।

Share this Article
Leave a comment