ਅਕਾਲੀ ਦਲ – ਬਸਪਾ ਗਠਜੋੜ ਅਤੇ ਰਵਨੀਤ ਬਿੱਟੂ ਦਾ ਬਿਆਨ – ਇਕ ਪ੍ਰਤੀਕਰਮ

TeamGlobalPunjab
5 Min Read

-ਸੁਬੇਗ ਸਿੰਘ;

ਜਿਉਂ ਹੀ 2022 ਦੀ ਪੰਜਾਬ ਦੀ ਵਿਧਾਨ ਸਭਾ ਦੀ ਚੋਣ ਨੇੜੇ ਆ ਰਹੀ ਹੈ। ਇਸ ਚੋਣ ਨੂੰ ਜਿੱਤਣ ਅਤੇ ਆਪਣੀ ਰਣਨੀਤੀ ਦੇ ਤਹਿਤ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਨੇ ਵੱਖੋ ਵੱਖ ਪੈਂਤੜੇ ਅਪਨਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਆਪਣੇ ਫਾਇਦੇ ਨੁਕਸਾਨ ਨੂੰ ਵੇਖਦਿਆਂ ਗੱਠਜੋੜ ਦੀ ਰਾਜਨੀਤੀ ਅਤੇ ਰਣਨੀਤੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਸੇ ਰਣਨੀਤੀ ਦੇ ਤਹਿਤ ਹੀ ਬਹੁਜਨ ਸਮਾਜ ਪਾਰਟੀ ਨੇ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਆਪਣਾ ਚੋਣ ਸਮਝੌਤਾ ਕਰ ਲਿਆ ਹੈ। ਜਿਸਦੇ ਅਨੁਸਾਰ 117 ਵਿਧਾਨ ਸਭਾ ਦੀਆਂ ਸੀਟਾਂ ਚੋਂ 97 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਅਤੇ 20 ਸੀਟਾਂ ਤੇ ਬਹੁਜਨ ਸਮਾਜ ਪਾਰਟੀ ਚੋਣ ਲੜੇਗੀ। ਇਸ ਸਮਝੌਤੇ ਦੇ ਅਨੁਸਾਰ ਸ਼੍ਰੀ ਅਨੰਦਪੁਰ ਸਾਹਿਬ ਤੇ ਸ਼੍ਰੀ ਚਮਕੌਰ ਸਾਹਿਬ ਦੀਆਂ ਦੋ ਸੀਟਾਂ ਵੀ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਆਈਆਂ ਹਨ। ਭਾਵੇਂ ਕਿਸੇ ਵੀ ਰਾਜਨੀਤਕ ਪਾਰਟੀ ਦਾ ਕਿਸੇ ਦੂਸਰੀ ਪਾਰਟੀ ਨਾਲ ਚੋਣ ਸਮਝੌਤਾ ਕਰਨਾ ਆਪਣਾ ਤੇ ਆਪਣੀ ਪਾਰਟੀ ਦਾ ਨਿੱਜੀ ਮਾਮਲਾ ਹੈ ਅਤੇ ਇਹ ਉਸ ਪਾਰਟੀ ਦਾ ਜਮਹੂਰੀ ਤੇ ਸੰਵਿਧਾਨਕ ਹੱਕ ਵੀ ਹੈ।

ਅਜਿਹੇ ਸਮਝੌਤੇ ਦੂਸਰੀਆਂ ਪਾਰਟੀਆਂ ਵੀ ਕਰਦੀਆਂ ਹਨ, ਪਹਿਲਾਂ ਵੀ ਅਜਿਹੇ ਸਮਝੌਤੇ ਹੋਏ ਹਨ ਅਤੇ ਆਉਣ ਵਾਲੇ ਸਮੇਂ ‘ਚ ਵੀ ਅਜਿਹੇ ਸਮਝੌਤੇ ਦੂਸਰੀਆਂ ਪਾਰਟੀਆਂ ਵੱਲੋਂ ਕੀਤੇ ਜਾਣਗੇ। ਪਰ ਬੜੇ ਅਫਸ਼ੋਸ ਤੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅਗਰ ਬਹੁਜਨ ਸਮਾਜ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਇਹ ਚੋਣ ਸਮਝੌਤਾ ਕਰ ਲਿਆ ਹੈ, ਤਾਂ ਦੂਸਰੀਆਂ ਰਾਜਨੀਤਕ ਪਾਰਟੀਆਂ ਨੂੰ ਐਨੀ ਤਕਲੀਫ ਕਿਉਂ ਹੋ ਰਹੀ ਹੈ।ਸਭ ਤੋਂ ਜਿਆਦਾ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਦੂਸਰੀਆਂ ਵੱਡੀਆਂ ਜਾਂ ਛੋਟੀਆਂ ਮੋਟੀਆਂ ਪਾਰਟੀਆਂ ਵੀ ਭਵਿੱਖ ਚ ਅਜਿਹੇ ਚੋਣ ਸਮਝੌਤੇ ਕਰਨਗੀਆਂ।

- Advertisement -

ਇਸ ਸੰਬੰਧ ‘ਚ ਸਭ ਤੋਂ ਜਿਆਦਾ ਦੁੱਖ ਤੇ ਹੈਰਾਨੀ ਵਾਲਾ ਬਿਆਨ ਸ਼੍ਰੀ ਰਵਨੀਤ ਸਿੰਘ ਬਿੱਟੂ ਜਿਹੜਾ ਕਾਂਗਰਸ ਦਾ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਜੀ ਦਾ ਪੋਤਾ ਹੈ। ਜਿਸ ਦਾ ਘੱਟੋ ਘੱਟ ਤਿੰਨ ਪੀੜ੍ਹੀਆਂ ਦਾ ਰਾਜਨੀਤਕ ਪਿਛੋਕੜ ਵੀ ਹੈ ਅਤੇ ਉਹ ਇਸ ਰਾਜਨੀਤਕ ਗੱਠਬੰਧਨ ਨੂੰ ਸਮਝਦਾ ਵੀ ਹੈ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸੰਸਦ ਮੈਂਬਰ ਉਸ ਕਾਂਗਰਸ ਪਾਰਟੀ ਦਾ ਸੰਸਦ ਮੈਂਬਰ ਹੈ, ਜਿਹੜੀ ਪਾਰਟੀ ਨੇ ਸੱਤਰ ਸਾਲਾਂ ਤੋਂ ਸਿਰਫ ਤੇ ਸਿਰਫ ਦਲਿਤ ਵੋਟਾਂ ਦੇ ਸਿਰ ਤੇ ਪੰਜਾਬ ਤੇ ਕੇਂਦਰ ਚ ਜਿਆਦਾ ਸਮਾਂ ਰਾਜ ਕੀਤਾ ਹੈ। ਆਪਣੀ ਇੰਟਰਵਿਊ ਵਿੱਚ ਸ਼੍ਰੀ ਰਵਨੀਤ ਸਿੰਘ ਬਿੱਟੂ ਇਹ ਆਖ ਰਹੇ ਹਨ, ਕਿ ਸ਼੍ਰੀ ਅਨੰਦਪੁਰ ਸਾਹਿਬ ਤੇ ਸ਼੍ਰੀ ਚਮਕੌਰ ਸਾਹਿਬ ਦੀਆਂ ਦੋ ਪਵਿੱਤਰ ਸੀਟਾਂ ਅਕਾਲੀਆਂ ਨੇ ਸਮਝੌਤੇ ਦੇ ਤਹਿਤ ਬਹੁਜਨ ਸਮਾਜ ਪਾਰਟੀ ਨੂੰ ਕਿਉਂ ਦੇ ਦਿੱਤੀਆਂ ਹਨ।

ਬਹੁਜਨ ਸਮਾਜ ਦੇ ਲੋਕ ਰਵਨੀਤ ਬਿੱਟੂ ਨੂੰ ਇਹ ਗੱਲ ਪੁੱਛਣਾ ਚਾਹੁੰਦੇ ਹਨ ਕਿ ਇਹ ਸੀਟਾਂ ਬਹੁਜਨ ਸਮਾਜ ਪਾਰਟੀ ਨੂੰ ਦੇਣ ਤੋਂ ਬਾਅਦ ਅਪਵਿੱਤਰ ਕਿਵੇਂ ਹੋ ਗਈਆਂ। ਅਸਲ ਵਿੱਚ ਗੱਲ ਸੀਟਾਂ ਦੀ ਨਹੀਂ ਹੈ। ਗੱਲ ਤਾਂ, ਜਾਤ ਪਾਤ ‘ਚ ਗ੍ਰਸਤ ਤੇ ਸੌੜੀ ਸੋਚ ਦੀ ਹੈ, ਕਿਉਂਕਿ ਇਨ੍ਹਾਂ ਨੂੰ ਇਉਂ ਲੱਗਣ ਲੱਗ ਪਿਆ ਹੈ ਕਿ ਦਲਿਤ ਸਮਾਜ ਹੁਣ ਜਾਗਰੂਕ ਹੋ ਗਿਆ ਹੈ ਅਤੇ ਆਪਣੇ ਭਲੇ ਬੁਰੇ ਬਾਰੇ ਸੋਚਣ ਲੱਗ ਪਿਆ ਹੈ।

ਹੁਣ ਦਲਿਤ ਸਮਾਜ ਅਜਿਹੀ ਸੋਚ ਵਾਲੇ ਲੋਕਾਂ ਦੇ ਰਾਜਨੀਤਕ ਤੌਰ ‘ਤੇ ਸੀਰੀ ਪਾਲੀ ਬਣ ਕੇ ਰਾਜਨੀਤਕ ਗੁਲਾਮੀ ਨਹੀਂ ਕਰਨਾ ਚਾਹੁੰਦਾ। ਪਹਿਲਾਂ ਤਾਂ ਦਲਿਤਾਂ ਦੀ ਵੋਟ ਨੂੰ ਇਹ ਲੋਕ ਆਪਣੀ ਜੇਬ ‘ਚ ਸਮਝਦੇ ਸਨ। ਦੂਸਰਾ ਇਸ ਸਮਝੌਤੇ ਨਾਲ ਦਲਿਤਾਂ ਦੀ ਕਾਂਗਰਸ ਪਾਰਟੀ ਨੂੰ ਪੈਣ ਵਾਲੀ ਵੋਟ ਨੂੰ ਇਸ ਸਮਝੌਤੇ ਦੇ ਤਹਿਤ ਵੱਡਾ ਖੋਰਾ ਲੱਗਿਆ ਹੈ।

ਸੋ, ਗੱਲ ਸਹੇ ਦੀ ਨਹੀਂ, ਸਗੋਂ ਗੱਲ ਤਾਂ ਪਹੇ ਦੀ ਹੈ। ਇਨ੍ਹਾਂ ਲੋਕਾਂ ਦਾ ਰੋਣਾ ਜਾਇਜ਼ ਹੈ ਅਤੇ ਆਉਣ ਵਾਲੇ ਸਮੇਂ ‘ਚ ਇਸ ਤੋਂ ਵੀ ਵੱਡੇ ਹੋਰ ਧਮਾਕੇ ਹੋਣ ਦੀ ਪੂਰੀ ਉਮੀਦ ਹੈ। ਸੋ ਦਲਿਤ ਸਮਾਜ ਨੂੰ ਅਜਿਹੀਆਂ ਗੱਲਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਅਜਿਹੇ ਲੋਕਾਂ ਦੀਆਂ ਚੀਕਾਂ ਤੇ ਕੁਰਲਾਹਟ ਚੋਣਾਂ ਲਈ ਹੋਏ ਸਹੀ ਸਮਝੌਤੇ ਅਤੇ ਸਮਾਜ ਦੀ ਰਾਜਨੀਤਕ ਚੇਤਨਤਾ ਅਤੇ ਸ਼ਕਤੀ ਦੀ ਗਵਾਹੀ ਭਰਦੀ ਹੈ।

- Advertisement -

ਸਭ ਤੋਂ ਵੱਡੀ ਤੇ ਦੁੱਖਦਾਇਕ ਗੱਲ ਇਹ ਵੀ ਹੈ ਕਿ ਅਜੇ ਥੋੜੇ ਦਿਨ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਕੁੱਝ ਮੰਤਰੀ ਤੇ ਵਿਧਾਇਕ ਕਾਨਫਰੰਸਾਂ ਕਰਕੇ ਦਲਿਤਾਂ ਦੇ ਹਿਤੈਸ਼ੀ ਹੋਣ ਦਾ ਦਾਅਵਾ ਕਰਦੇ ਸਨ। ਇਨ੍ਹਾਂ ਵਿੱਚ ਸ਼੍ਰੀ ਚਰਨਜੀਤ ਸਿੰਘ ਚੰਨੀ ਤੇ ਹੋਰ ਵੀ ਕਈ ਵਿਧਾਇਕ ਤੇ ਨੇਤਾ ਸਨ। ਇਸ ਤੋਂ ਇਲਾਵਾ ਸ਼੍ਰੀ ਸ਼ਮਸ਼ੇਰ ਸਿੰਘ ਦੂਲੋਂ ਨੇ ਦਲਿਤ ਹਿਤੈਸ਼ੀ ਹੋਣ ਦਾ ਆਪਣਾ ਵੱਖਰਾ ਬਿਆਨ ਦਿੱਤਾ ਸੀ। ਪਰ ਹੁਣ ਰਵਨੀਤ ਬਿੱਟੂ ਦੀ ਅਜਿਹੀ ਸੋਚ ਅਤੇ ਅਜਿਹੇ ਬਿਆਨ ਤੇ ਦਲਿਤ ਵਿਰੋਧੀ ਹੋਣ ‘ਤੇ ਦੋ ਸ਼ਬਦ ਵੀ ਨਹੀਂ ਬੋਲੇ। ਉਹ ਅਜਿਹਾ ਕੁੱਝ ਬੋਲ ਹੀ ਨਹੀਂ ਸਕਦੇ, ਕਿਉਂਕਿ ਕੁੱਝ ਬੋਲਣਾ ਜਾਂ ਨਾ ਬੋਲਣਾ ਉਨ੍ਹਾਂ ਦੇ ਆਪਣੇ ਵਸ ਵਿੱਚ ਨਹੀਂ ਹੈ। ਇਹ ਸਾਰੇ ਲੋਕ ਇੱਕੋ ਹੀ ਥੈਲੀ ਤੇ ਵੱਟੇ ਚੱਟੇ ਹਨ। ਇਹ ਗੱਲ ਬਹੁਜਨ ਸਮਾਜ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਅਤੇ ਡੱਟ ਕੇ ਆਪਣੇ ਹੱਕਾਂ ‘ਤੇ ਪਹਿਰਾ ਦੇਣ ਅਤੇ ਆਪਣੇ ਤੇ ਬੇਗਾਨੇ ‘ਚ ਪਛਾਣ ਕਰਨ ਦੀ ਲੋੜ ਹੈ।

ਸੰਪਰਕ: 93169 10402

Share this Article
Leave a comment