ਮਾਂਟਰੀਅਲ: ਕੈਨੇਡਾ ਦੇ ਅਮਰੀਕਾ ਦੀ ਸਰਹੱਦ ਦੇ ਨਾਲ ਲੱਗਦੇ ਇਲਾਕੇ ਵਿੱਚ ਰਹਿਣ ਵਾਲੇ ਕਿਊਬਿਕ ਵਾਸੀਆਂ ਨੂੰ ਇੱਥੇ ਵਧੀ ਆਵਾਜਾਈ ਤੇ ਸ਼ੋਰ ਸ਼ਰਾਬੇ ਕਾਰਨ ਸਰਕਾਰ ਵੱਲੋਂ 400,000 ਡਾਲਰ ਤੋਂ ਵੱਧ ਦਾ ਮੁਆਵਜ਼ਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। 2017 ‘ਚ ਇਸ ਲਾਂਘੇ ਰਾਹੀਂ ਹਜ਼ਾਰਾਂ ਦੀ ਗਿਣਤੀ ‘ਚ ਕੈਨੇਡਾ ਪਹੁੰਚੇ ਮਾਈਗ੍ਰੈਂਟਸ ਕਾਰਨ ਇਸ ਸਰਹੱਦੀ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੋਈ ਤੰਗੀ ਲਈ ਕੀਤਾ ਜਾ ਰਿਹਾ ਹੈ।
ਪਿਛਲੇ ਮਹੀਨੇ ਫੈਡਰਲ ਸਰਕਾਰ ਵੱਲੋਂ ਪੇਸ਼ ਕੀਤੇ ਗਏ ਆਰਡਰ ਪੇਪਰ ਵਿੱਚ ਕਿਹਾ ਗਿਆ ਕਿ ਰੌਕਜ਼ਮ ਰੋਡ ਨੇੜੇ ਰਹਿਣ ਵਾਲੇ 45 ਘਰਾਂ ਵਿੱਚ 405,000 ਡਾਲਰ ਵੰਡਿਆ ਜਾਣਾ ਚਾਹੀਦਾ ਹੈ। ਇਸ ਰਕਮ ਦੀ ਵੰਡ ਸਰਹੱਦ ਦੇ ਨੇੜੇ ਸਥਿਤ ਘਰਾਂ ਦੇ ਹਿਸਾਬ ਨਾਲ ਕੀਤੀ ਜਾਣੀ ਚਾਹੀਦੀ ਹੈ।
ਇਸ ਦਸਤਾਵੇਜ਼ ਵਿੱਚ ਆਖਿਆ ਗਿਆ ਹੈ ਕਿ ਅੱਠ ਘਰਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ 25,000 ਡਾਲਰ ਦਿੱਤਾ ਜਾਵੇਗਾ, 15 ਘਰਾਂ ਨੂੰ 10,000 ਡਾਲਰ ਮੁਆਵਜ਼ਾ ਦਿੱਤਾ ਜਾਵੇਗਾ ਤੇ 22 ਘਰ, ਜਿਹੜੇ ਕਿ ਸਰਹੱਦ ਤੋਂ ਦੂਰ ਸਥਿਤ ਹਨ, 2,500 ਡਾਲਰ ਮੁਆਵਜ਼ਾ ਹਾਸਲ ਕਰਨ ਦੇ ਹੱਕਦਾਰ ਹੋਣਗੇ।
ਸਰਕਾਰ ਵੱਲੋਂ ਅਦਾਇਗੀ ਲਈ 485,000 ਡਾਲਰ ਦੀ ਰਕਮ ਰੱਖੀ ਗਈ ਹੈ, ਜਿਸ ਵਿੱਚ ਕੌਂਟੀਜੈਂਸੀ ਫੰਡ ਵੀ ਸ਼ਾਮਲ ਹੈ। ਅਜਿਹਾ ਇਸ ਲਈ ਕਿ ਜੇ ਹੋਰ ਘਰ ਵੀ ਇਸ ਮੁਆਵਜ਼ੇ ਦੇ ਯੋਗ ਨਿਕਲਦੇ ਹਨ ਤਾਂ ਉਨ੍ਹਾਂ ਨੂੰ ਵੀ ਬਣਦਾ ਮੁਆਵਜ਼ਾ ਦਿੱਤਾ ਜਾ ਸਕੇ। 2017 ਵਿੱਚ ਗੈਰਕਾਨੂੰਨੀ ਤੌਰ ਉੱਤੇ ਕੈਨੇਡਾ ਪਹੁੰਚਣ ਵਾਲੇ ਕੁੱਲ ਮਾਈਗ੍ਰੈਂਟਸ ਵਿੱਚੋਂ 96 ਫੀਸਦੀ ਇਸ ਰਾਹ ਤੋਂ ਹੀ ਆਏ ਸਨ।