ਕਾਂਗਰਸ ਦੀ ਸਾਬਕਾ MLA ਨੇ ਮੰਗੀਆਂ ਭਗਵੰਤ ਮਾਨ ਲਈ ਵੋਟਾਂ! ਪੰਡਾਲ ‘ਚ ਬੈਠੇ ਲੋਕਾਂ ਦਾ ਨਿੱਕਲ ਗਿਆ ਹਾਸਾ

TeamGlobalPunjab
4 Min Read

ਸੰਗਰੂਰ : ਪੰਜਾਬ ‘ਚ ਵੋਟਾਂ ਪੈਣ ਨੂੰ ਮਹਿਜ਼ ਚੰਦ ਘੜੀਆਂ ਬਾਕੀ ਰਹਿ ਗਈਆਂ ਹਨ, ਤੇ ਹਰੇਕ ਪਾਰਟੀ ਦੇ ਉਮੀਦਵਾਰ ਵੀ  ਆਪੋ- ਆਪਣੀ ਜਿੱਤ ਦਾ ਦਾਅਵਾ ਠੋਕ ਰਹੇ ਹਨ। ਇਸੇ ਮਕਸਦ ਲਈ ਉਹ ਪਿੰਡ-ਪਿੰਡ, ਗਲੀ-ਗਲੀ ਜਾ ਕੇ ਵੋਟਰਾਂ ਨੂੰ ਖੂਬ ਲੁਭਾਉਣ ਦੀ ਕੋਸ਼ੀਸ਼ ਵੀ ਕਰ ਰਹੇ ਹਨ।ਇੰਝ ਲਗਦਾ ਹੈ ਕਿ ਜਿਵੇਂ ਇਨ੍ਹਾਂ ਆਗੂਆਂ ਦੇ ਦਿਮਾਗ ‘ਤੇ ਚੋਣਾਂ ਜਿੱਤਣ ਲਈ ਇੰਨਾ ਬੋਝ ਪੈ ਗਿਆ ਹੈ, ਕਿ ਉਹ ਪ੍ਰਚਾਰ ਤਾਂ ਆਪਣੀ ਪਾਰਟੀ ਲਈ ਕਰਨ ਜਾਦੇਂ ਹਨ, ਪਰ ਵੋਟਾਂ ਕਿਸੇ ਲਈ ਹੋਰ ਹੀ ਮੰਗ ਆਂਉਦੇ ਹਨ। ਇਹ ਦੇਖ ਕੇ ਉਨ੍ਹਾਂ ਸਿਆਸੀ ਆਗੂਆਂ ਦਾ ਭਾਸ਼ਣ ਸੁਣਨ ਆਏ ਲੋਕ ਵੀ ਹੈਰਾਨ ਹਨ। ਕੁਝ ਅਜਿਹਾ ਹੀ ਮਾਮਲਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਰੈਲੀ ਦੌਰਾਨ ਵੀ ਸਾਹਮਣੇ ਆਇਆ, ਜਿਸ ਦੀ ਵੀਡੀਓ ਅੱਜ ਕੱਲ੍ਹ ਖੂਬ ਵਾਇਰਲ ਹੋ ਰਹੀ ਹੈ। ਦਰਅਸਲ ਹੋਇਆ ਇੰਝ ਕਿ ਬੀਤੇ ਦਿਨੀਂ ਹਲਕਾ ਸੰਗਰੂਰ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਵੱਲੋਂ ਇੱਕ ਚੋਣ ਰੈਲੀ ਕੀਤੀ ਗਈ, ਜਿੱਥੇ ਉਨ੍ਹਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਸਾਬਕਾ ਵਿਧਾਇਕ ਸੱਤ ਕੌਰ ਪਹੁੰਚੇ ਸਨ। ਕਾਂਗਰਸੀ ਆਗੂ ਸੱਤ ਕੌਰ ਨੇ ਆਪਣਾ ਭਾਸ਼ਣ ਦਿੰਦਿਆਂ ਵੋਟਾਂ ਦੀ ਮੰਗ ਤਾਂ ਆਪਣੇ ਸਾਥੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਲਈ ਕਰਨੀ ਸੀ, ਪਰ ਉਹ ਵੋਟਾਂ ਭਗਵੰਤ ਮਾਨ ਨੂੰ ਹੀ ਦੇਣ ਦਾ ਹੋਕਾ ਦੇਣ ਲੱਗ ਪਈ। ਬੀਬੀ ਦੇ ਇੰਨਾ ਕਹਿਣ ਦੀ ਹੀ ਦੇਰ ਸੀ ਕਿ ਪੰਡਾਲ ਵਿੱਚ ਹਾਸਾ ਮੱਚ ਗਿਆ ਜਿਸ ਨੂੰ ਵੇਖ ਕੇ ਬੀਬੀ ਜੀ ਨੂੰ ਗੁੱਸਾ ਆ ਗਿਆ ਤੇ ਉਨ੍ਹਾਂ ਤੁਰੰਤ ਹੱਸਣ ਵਾਲਿਆਂ ਨੂੰ ਝਾੜਦਿਆਂ ਕਿਹਾ ਕਿ ਇਸ ਵਿੱਚ ਹੱਸਣ ਵਾਲੀ ਕੀ ਗੱਲ ਹੈ? ਗਲਤੀ ਤਾਂ ਬੰਦੇ ਕੋਲੋਂ ਹੀ ਹੁੰਦੀ ਹੈ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣੀ ਘੁੰਮਦੀ ਫਿਰ ਰਹੀ ਹੈ।

ਦੱਸ ਦਈਏ ਕਿ ਇਹੋ ਜਿਹਾ ਹੀ ਇੱਕ ਵਾਕਾ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਦੀ ਰੈਲੀ ‘ਚ ਵੀ ਦੇਖਣ ਨੂੰ ਮਿਲਿਆ ਸੀ। ਜਿੱਥੇ ਕੁਝ ਸਮਾਂ ਪਹਿਲਾਂ ਅਕਾਲੀ ਦਲ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋਏ ਹਰਮੀਤ ਸਿੰਘ ਪਠਾਣਮਾਜਰਾ ਦੇ ਹੱਥ ਵਿੱਚ ਪ੍ਰਨੀਤ ਕੌਰ ਦੀ ਹਾਜ਼ਰੀ ਦੌਰਾਨ ਜਦੋਂ ਮਾਇਕ ਆਇਆ ਤਾਂ ਉਨ੍ਹਾਂ ਨੇ ਜੋਸ਼ ਵਿੱਚ ਆ ਕੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਦਾ ਨਾਅਰਾ ਲਾਉਣ ਲਈ ਜਿਵੇਂ ਹੀ ਸਾਹ ਅੰਦਰ ਖਿੱਚ ਕੇ ਆਪਣੇ ਸਰੀਰ ਵਿੱਚ ਢੇਰਾਂ ਮੂੰਹੀ ਫੂਕ ਭਰੀ, ਤਾਂ ਸ਼੍ਰੋਮਣੀ ਕਹਿਣ ‘ਤੇ ਹੀ ਉਨ੍ਹਾਂ ਦੇ ਨਾਲ ਵਾਲੇ ਨੇ ਪਠਾਣਮਾਜਰਾ ਦੀ ਬਾਂਹ ਫੜ ਲਈ ਤੇ ਹਰਮੀਤ ਸਿੰਘ ਪਠਾਣਮਾਜਰਾ ਨੂੰ ਵੀ ਯਾਦ ਆਉਣ ‘ਤੇ ਉਨ੍ਹਾਂ ਨੇ ਸਰੀਰ ਵਿੱਚ ਭਰੀ ਬਾਕੀ ਫੂਕ ਬਿਨਾਂ ਨਾਅਰਾ ਮਾਰਿਆਂ ਹੀ ਹਸਦੇ ਹੋਏ ਹਵਾ ਵਿੱਚ ਛੱਡ ਦਿੱਤੀ, ਤੇ ਤੁਰੰਤ ਕਿਹਾ ਕਿ ਕਾਫੀ ਚਿਰ ‘ਚ ਅਕਾਲੀ ਦਲ ‘ਚ ਰਿਹਾ ਹਾਂ ਇਸ ਲਈ ਗਲਤੀ ਹੋਈ ਹੈ ਤੇ ਫਿਰ ਉਸੇ ਜੋਸ਼ ਨਾਲ ਸਰੀਰ ਵਿੱਚ ਦੁਬਾਰਾ ਸਾਹ ਖਿੱਚ ਕੇ ਫੂਕ ਭਰਨ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਪਾਰਟੀ ਜਿੰਦਾਬਾਦ ਤੇ ਪ੍ਰਨੀਤ ਕੌਰ ਜਿੰਦਾਬਾਦ ਦੇ ਨਾਅਰੇ ਲਾਏ ਸਨ।

ਇਨ੍ਹਾਂ ਹਾਲਾਤਾਂ ਵਿੱਚ ਤੁਸੀਂ ਆਪ ਹੀ ਅੰਦਾਜਾ ਲਾ ਸਕਦੇ ਹੋਂ ਕਿ ਮੌਜੂਦਾ ਲੋਕ ਸਭਾ ਚੋਣਾਂ ਜਿੱਤਣ ਲਈ ਆਗੂਆਂ ਦੇ ਦਿਮਾਗ ‘ਤੇ ਕਿੰਨਾ ਬੋਝ ਪਿਆ ਹੋਇਆ ਕਿ ਉਨ੍ਹਾਂ ਨੂੰ ਇਹ ਵੀ ਯਾਦ ਨਹੀਂ ਰਹਿੰਦਾ ਕਿ ਵੋਟ ਕਿਸ ਲਈ ਮੰਗਣੀ ਹੈ ਤੇ ਨਾਅਰਾ ਕਿਸ ਦੇ ਹੱਕ ਵਿੱਚ ਲਾਉਣਾ ਹੈ।

https://youtu.be/ASzWhFlqavA

- Advertisement -

Share this Article
Leave a comment