ਕਾਂਗਰਸੀ ਆਗੂ ਨੇ ਮੂੰਹ ‘ਚੋਂ ਕੱਢੀ ਅਜਿਹੀ ਗੱਲ, ਭੜਕਗੇ ਸਿੱਖ, ਫਿਰ ਕੈਪਟਨ ਨੇ ਦਿੱਤਾ ਵੱਡਾ ਬਿਆਨ, ਚੋਣਾਂ ਤੋਂ ਪਹਿਲਾਂ ਕਾਂਗਰਸੀਆਂ ਨੂੰ ਪਈ ਬਿਪਤਾ !

TeamGlobalPunjab
8 Min Read

ਕੁਲਵੰਤ ਸਿੰਘ

ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਇਸ ਭਖੇ ਮਾਹੌਲ ਦੌਰਾਨ ਹਰ ਪਾਰਟੀ ਦਾ ਆਗੂ ਆਪਣੇ ਵਿਰੋਧੀਆਂ ‘ਤੇ ਇੰਝ ਅੱਖ ਟਿਕਾਈ ਬੈਠਾ ਹੈ ਕਿ ਉਹ ਕਦੋਂ ਕੋਈ ਅਜਿਹਾ ਬਿਆਨ ਦੇਵੇ ਜਿਸ ਵਿੱਚ ਉਹ ਮਾੜਾ ਮੋਟਾ ਵੀ ਫਸਦਾ ਹੋਵੇ ਤੇ ਉਹ ਕਦੋਂ ਉਸ ਬਿਆਨ ਨੂੰ ਹੜੱਪ ਕੇ ਰੌਲਾ ਪਾਉਣਾ ਸ਼ੁਰੂ ਕਰ ਦੇਣ। ਇਸ ਮਾਹੌਲ ਵਿੱਚ ਹੁਣ ਫਸਣ ਵਾਲੇ ਦਾ ਨੰਬਰ ਸੀਨੀਅਰ ਕਾਂਗਰਸੀ ਆਗੂ ਸੈਮ ਪਿਤ੍ਰੋਦਾ ਦਾ ਲੱਗਿਆ ਹੈ। ਜਿਨ੍ਹਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਜੋਸ਼ ਜੋਸ਼ ਵਿੱਚ ਮੋਦੀ ਨੂੰ ਦੱਬਣ ਲਈ ਇਹ ਕਹਿ ਦਿੱਤਾ ਕਿ 84 ਵਿੱਚ ਜੋ ਹੋਇਆ ਉਹ ਹੋਇਆ, 5 ਸਾਲਾਂ ਵਿੱਚ ਤੁਸੀਂ( ਮੋਦੀ) ਕੀ ਕੀਤਾ ਹੈ? ਇੱਕ ਲਾਇਨ ਦੇ ਇਸ ਬਿਆਨ ਨੇ ਦੇਸ਼ ਭਰ ਵਿੱਚ ਇੰਨਾ ਰੌਲਾ ਪਾ ਦਿੱਤਾ ਕਿ ਨਾ ਸਿਰਫ ਇਸ ‘ਤੇ ਪ੍ਰਧਾਨ ਮੰਤਰੀ ਮੋਦੀ ਚਟਕਾਰੇ ਲਾ ਲਾ ਕੇ ਕਾਂਗਰਸੀਆਂ ਨੂੰ ਭੰਡਦੇ ਦਿਖਾਈ ਦਿੱਤੇ, ਬਲਕਿ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਵੀ ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਇਹ ਕਹਿਣਾ ਪਿਆ ਕਿ ਸੈਮ ਪਿਤ੍ਰੋਦਾ ਦੇ ਇਸ ਬਿਆਨ ਨਾਲ ਪਾਰਟੀ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਿਤ੍ਰੋਦਾ ਦੇ ਇਸ ਬਿਆਨ ਨਾਲ ਸਹਿਮਤੀ ਪ੍ਰਗਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਹਾਲਾਤਾਂ ਵਿੱਚ ਸਿਆਸਤ ਦੇ ਮੈਦਾਨ ‘ਚ ਆਪਣੇ ਆਪ ਨੂੰ ਇਕੱਲਿਆਂ ਹੁੰਦਾ ਵੇਖ ਸੈਮ ਪਿਤ੍ਰੋਦਾ ਨੇ ਹੁਣ ਇਹ ਕਹਿ ਕੇ ਮਾਫੀ ਮੰਗ ਲਈ ਹੈ, ਕਿ ਮੈਨੂੰ ਹਿੰਦੀ ਚੰਗੀ ਤਰ੍ਹਾਂ ਨਹੀਂ ਆਉਂਦੀ ਤੇ ਬਿਆਨ ਦੇਣ ਲੱਗਿਆਂ ਮੇਰੇ ਦਿਮਾਗ ਨੇ ਅੰਗਰੇਜੀ ਦਾ ਅਨੁਵਾਦ ਹਿੰਦੀ ਵਿੱਚ ਸਹੀ ਢੰਗ ਨਾਲ ਨਹੀਂ ਕੀਤਾ ਜਿਸ ਕਾਰਨ ਇਹ ਗੜਬੜ ਹੋਈ ਹੈ। ਉਨ੍ਹਾਂ ਸਾਰਾ ਭਾਂਡਾ ਪੱਤਰਕਾਰਾਂ ਸਿਰ ਭੰਨ੍ਹਦਿਆਂ ਕਿਹਾ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਪਰ ਇਸ ਦੇ ਬਾਵਜੂਦ ਵੀ ਮੈਂ ਆਪਣੇ ਬਿਆਨ ਲਈ ਮਾਫੀ ਮੰਗਦਾ ਹਾਂ।

ਦੱਸ ਦਈਏ ਕਿ ਸੈਮ ਪਿਤ੍ਰੋਦਾ ਦੇ ਇਸ ਬਿਆਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਂ ਸਿਰ ਹਿਲਾ ਕੇ ਇੱਥੋਂ ਤੱਕ ਸਵਾਲ ਕਰ ਦਿੱਤਾ ਕਿ ਅਸੀਂ ਲੋਕ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ-ਏ-ਮੌਤ ਦਵਾਉਣ ‘ਤੇ ਤੁਲੇ ਹੋਏ ਹਾਂ ਤੇ ਇਹ ਲੋਕ ਇਹ ਕਹਿ ਰਹੇ ਹਨ ਕਿ 84 ਵਿੱਚ ਜੋ ਹੋ ਗਿਆ ਸੋ ਹੋ ਗਿਆ? ਮੋਦੀ ਨੇ ਕਿਹਾ ਕਿ “ਮੇਰੇ ਕੋਲੋਂ ਜਦੋਂ ਵੀ ਕੋਈ ਗਲਤੀ ਹੋਈ ਹੈ, ਮੈਂ ਤੁਰੰਤ ਉਸ ਲਈ ਮਾਫੀ ਮੰਗ ਲਈ ਹੈ, ਪਰ ਇਹ ਕਾਂਗਰਸ ਵਾਲੇ ਹੰਕਾਰ ਗਏ ਹਨ। ਇੰਨੇ ਵੱਡੇ ਕਤਲੇਆਮ ਨੂੰ ਇਹ ਕਹਿ ਰਹੇ ਹਨ, ਕਿ ਜੋ ਹੋ ਗਿਆ ਸੋ ਹੋ ਗਿਆ?” ਮੋਦੀ ਨੇ ਕਿਹਾ ਕਿ, ” ਕਾਂਗਰਸ ਲਈ ਜੋ ਹੋਇਆ ਸੋ ਹੋਇਆ ਜਾਂ ਹੋ ਚੁੱਕਿਆ ਹੋਵੇਗਾ, ਪਰ ਇਸ ਚੌਕੀਦਾਰ (ਮੋਦੀ) ਦੇ ਰਹਿੰਦਿਆਂ ਇੰਨਸਾਫ ਤਾਂ ਪੂਰਾ ਹੋਵੇਗਾ।”

ਇੱਧਰ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ, ” ਮੈਂ ਪਿਤ੍ਰੋਦਾ ਦੇ ਇਸ ਬਿਆਨ ਨਾਲ ਸਹਿਮਤ ਨਹੀਂ ਹਾਂ, ਇਹ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ, ਕਿ ਉਹ ਪਤਾ ਲਗਾਵੇ ਕਿ ਆਖ਼ਰ ਅਜਿਹਾ ਕਿਉਂ ਤੇ ਕਿੰਝ ਹੋਇਆ ਹੈ? ਉਹ ਕੌਣ ਲੋਕ ਹਨ ਜਿਹੜੇ ਇਸ ਲਈ ਜਿੰਮੇਵਾਰ ਹਨ? ਇਸ ਦੀ ਜਾਂਚ ਹੋਣੀ ਹੀ ਚਾਹੀਦੀ ਹੈ ਤੇ ਕੋਈ ਫਰਕ ਨਹੀਂ ਪੈਂਦਾ ਕਿ ਇਸ ਘਟਨਾ ਨੂੰ ਬੀਤਿਆਂ ਕਿੰਨੇ ਸਾਲ ਹੋ ਗਏ ਹਨ?” ਕੈਪਟਨ ਨੇ ਕਿਹਾ ਕਿ ਜੇਕਰ ਸੈਮ ਪਿਤ੍ਰੋਦਾ ਨੇ ਅਜਿਹਾ ਕੋਈ ਬਿਆਨ ਦਿੱਤਾ ਹੈ ਤਾਂ ਇਹ ਵਾਕਿਆ ਹੀ ਹੈਰਾਨੀਜਨਕ ਹੈ। ਮੁੱਖ ਮੰਤਰੀ ਅਨੁਸਾਰ 1984 ਸਿੱਖ ਕਤਲੇਆਮ ਇੱਕ ਵੱਡੀ ਤ੍ਰਾਸਦੀ ਸੀ ਜਿਸ ਦੇ ਪੀੜਤਾਂ ਨੂੰ ਇਨਸਾਫ ਦੇਣ ਲਈ ਕਤਲੇਆਮ ‘ਚ ਸ਼ਾਮਲ ਲੋਕਾਂ ਨੂੰ ਕਨੂੰਨ ਦੇ ਹਿਸਾਬ ਨਾਲ ਸਜ਼ਾ ਦਿੱਤੀ ਜਾਣੀ ਬਣਦੀ ਹੈ। ਉਨ੍ਹਾਂ ਕਿਹਾ ਕਿ ਮੋਦੀ ਵੱਲੋਂ ਰਾਹੁਲ ਗਾਂਧੀ ਦਾ ਨਾਂ ਸਿੱਖ ਵਿਰੋਧੀ ਦੰਗਿਆਂ ਨਾਲ ਜੋੜਨਾ ਗਲਤ ਹੋਵੇਗਾ। ਉਨ੍ਹਾਂ ਪੁੱਛਿਆ ਕਿ ਜੇਕਰ ਕੋਈ ਗੋਧਰਾ ਕਾਂਡ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਨੂੰ ਜੋੜਨਾ ਸ਼ੁਰੂ ਕਰ ਦੇਵੇ, ਤਾਂ ਫਿਰ ਉਨ੍ਹਾਂ ਨੂੰ ਕਿਹੋ ਜਿਹਾ ਲੱਗੇਗਾ? ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਹ ਬਿਲਕੁਲ ਵੀ ਨਹੀਂ ਸੋਭਦਾ ਕਿ ਉਹ ਚੋਣਾਂ ਜਿੱਤਣ ਲਈ ਇਸ ਹੇਠਲੇ ਪੱਧਰ ਦੀ ਬਿਆਨਬਾਜ਼ੀ ਸ਼ੁਰੂ ਕਰ ਦੇਣ।

- Advertisement -

ਇਸ ਤੋਂ ਇਲਾਵਾ ਸੈਮ ਪਿਤ੍ਰੋਦਾ ਦੇ ਬਿਆਨ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੀ ਮਾੜੀ ਸੋਚ ਦੀ ਉਦਾਹਰਣ ਹੈ। ਸੁਖਬੀਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕਰਦਿਆਂ ਕਿਹਾ, ਕਿ ਉਹ ਦੱਸਣ ਕਿ, ਕੀ 84 ਦੇ ਦੰਗੇ ਐਵੇਂ ਹੀ ਹਨ? ਉਨ੍ਹਾਂ ਕਿਹਾ ਕਿ ਕੈਪਟਨ ਗਾਂਧੀ ਪਰਿਵਾਰ ਦੀ ਚਮਚੀ ਮਾਰਨੀ ਬੰਦ ਕਰਨ, ਤੇ ਜੇਕਰ ਜੋ ਉਹ ਆਪਣੇ ਆਪ ਨੂੰ ਸੱਚਾ ਸਿੱਖ ਸਮਝਦੇ ਹਨ, ਤਾਂ ਉਹ ਗਾਂਧੀ ਪਰਿਵਾਰ ਦੇ ਵਿਰੁੱਧ ਖੜ੍ਹਾ ਹੋਣ ਦੀ ਹਿੰਮਤ ਕਰਨ।

ਇਨ੍ਹਾਂ ਹਾਲਾਤਾਂ ਵਿੱਚ ਕਾਂਗਰਸ ਲਈ ਇਹ ਮਾਮਲਾ ਇੱਥੋਂ ਤੱਕ ਗੰਭੀਰ ਬਣ ਚੁੱਕਿਆ ਹੈ, ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਵੀ ਇਸ ਸਬੰਧੀ ਆਪਣੇ ਫੇਸਬੁੱਕ ਪੇਜ਼ ਉੱਪਰ ਸਫਾਈ ਦੇਣੀ ਪਈ ਹੈ। ਰਾਹੁਲ ਨੇ ਕਿਹਾ ਹੈ, ਕਿ ਪਿਤ੍ਰੋਦਾ ਨੇ ਜੋ ਕੁਝ ਵੀ ਕਿਹਾ ਹੈ, ਉਹ ਪਾਰਟੀ ਲਾਇਨ ਤੋਂ ਹਟ ਕੇ ਹੈ, ਲਿਹਾਜਾ ਉਨ੍ਹਾਂ ਨੂੰ ਆਪਣੇ ਇਸ ਬਿਆਨ ‘ਤੇ ਮਾਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 1984 ਵਿੱਚ ਜੋ ਕੁਝ ਹੋਇਆ ਉਹ ਇੱਕ ਬਹੁਤ ਵੱਡੀ ਤ੍ਰਾਸਦੀ ਸੀ ਜੋ ਕਿ ਵੱਡੇ ਦਰਦ ਦਾ ਕਾਰਨ ਬਣੀ। ਜਿਸ ਲਈ ਪੀੜਤਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ, ਤੇ ਜੋ ਲੋਕ ਇਸ ਲਈ ਜਿੰਮੇਵਾਰ ਹਨ ਉਨ੍ਹਾਂ ਨੂੰ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ, ” ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਇਲਾਵਾ ਮੇਰੀ ਮਾਂ ਸੋਨੀਆਂ ਗਾਂਧੀ ਵੀ ਇਸ ਮਾਮਲੇ ‘ਤੇ ਪਹਿਲਾਂ ਹੀ ਮਾਫੀ ਮੰਗ ਚੁੱਕੀ ਹੈ।”

ਕੁੱਲ ਮਿਲਾ ਕੇ ਚੋਣਾਂ ਦੇ ਇਸ ਮਾਹੌਲ ਵਿੱਚ ਆਏ ਬਿਆਨ ‘ਤੇ ਸਿਆਸਤ ਕਦਰ ਭਖ ਚੁਕੀ ਹੈ, ਕਿ ਜਿੱਥੇ ਇਸ ਬਿਆਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਪ ਨੂੰ ਸਿੱਖ ਹਿਤਾਇਸ਼ੀ ਦੱਸਦੇ ਨਜ਼ਰ ਆ ਰਹੇ ਹਨ, ਉੱਥੇ ਸੁਖਬੀਰ ਬਾਦਲ ਇਸ ਤਾਕ ਵਿੱਚ ਦਿਸੇ ਕਿ ਕੈਪਟਨ ਅਮਰਿੰਦਰ ਸਿੰਘ ਕਿਸੇ ਤਰ੍ਹਾਂ ਕਾਂਗਰਸ ਪ੍ਰਧਾਨ ਦੇ ਖਿਲਾਫ ਅਜਿਹਾ ਬਿਆਨ ਦੇਣ, ਜਿਸ ਦਾ ਅਕਾਲੀ ਦਲ ਨੂੰ ਫਾਇਦਾ ਹੋਵੇ। ਇਸ ਦੇ ਉਲਟ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੋਧਰਾ ਕਾਂਡ ਵੀ ਯਾਦ ਦਵਾਉਣੋ ਨਹੀਂ ਹਟੇ। ਯਾਨੀਕਿ ਕੁੱਲ ਮਿਲਾ ਕੇ ਹਰ ਕਿਸੇ ਨੂੰ ਫਿਕਰ ਇਹ ਹੈ ਕਿ ਕਿਤੇ ਉਸ ਦੀ ਸਿਆਸੀ ਜ਼ਮੀਨ ਪੈਰਾਂ ਥੱਲੋਂ ਨਾ ਖਿਸਕ ਜਾਵੇ। ਨਹੀਂ ਤਾਂ ਸੜਕਾਂ ‘ਤੇ 84 ਕਤਲੇਆਮ ਦੇ ਪੀੜਤ 34 ਸਾਲ ਤੋਂ ਇਨਸਾਫ ਲਈ ਨਾਅਰੇਬਾਜੀ ਕਰਦੇ ਸਾਰੀਆਂ ਪਾਰਟੀਆਂ ਨੂੰ ਦਿਖਾਈ ਦਿੰਦੇ ਹਨ, ਪਰ ਸੱਚਾਈ ਇਹ ਹੈ ਉਨ੍ਹਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲ ਪਾਇਆ ਹੈ, ਤੇ ਜਿਹੜਾ ਅਕਾਲੀ ਦਲ ਹਰ ਵੇਲੇ 84 ਕਤਲੇਆਮ, ਦਰਬਾਰ ਸਾਹਿਬ ‘ਤੇ ਹਮਲਾ, ਅਕਾਲ ਤਖਤ ਸਾਹਿਬ ਕਾਂਗਰਸ ਵੱਲੋਂ ਢਹਿ ਢੇਰੀ ਕਰਨ ਬਾਰੇ ਸਿੱਖਾਂ ਦੇ ਹੱਕ ਵਿੱਚ ਸਟੇਜਾਂ ਤੋਂ ਰੋਜ ਹਾਅ ਦਾ ਨਾਅਰਾ ਮਾਰਦਾ ਦਿਖਾਈ ਦਿੰਦਾ ਹੈ, ਉਸੇ ਅਕਾਲੀ ਪਾਰਟੀ ਦੇ ਸੁਪਰੀਮੋਂ ਪ੍ਰਕਾਸ਼ ਸਿੰਘ ਬਾਦਲ ਨਕੋਦਰ ਵਿੱਚ ਅਕਾਲੀ ਸਰਕਾਰ ਵੇਲੇ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਸਿੱਖ ਨੌਜਵਾਨਾਂ ਬਾਰੇ ਸਵਾਲ ਕਰਨ ‘ਤੇ ਇਹ ਨਾ ਕਹਿੰਦੇ ਕਿ ਇਹੋ ਜਿਹੇ ਕਾਂਡ ਤਾਂ ਹੁੰਦੇ ਹੀ ਰਹਿੰਦੇ ਹਨ।

 

Share this Article
Leave a comment