ਇਮਊਨ ਸਿਸਟਮ ਵਧਾਓ, ਤੰਦਰੁਸਤੀ ਪਾਓ

TeamGlobalPunjab
4 Min Read

ਨਿਊਜ਼ ਡੈਸਕ: ਮਨੁੱਖ ਦੀ ਤੰਦਰੁਸਤੀ ਲਈ ਉਸ ਦੇ ਸਰੀਰਕ ਅਤੇ ਮਾਨਸਿਕ ਸਿਹਤ ਦੋਵਾਂ ਦਾ ਵੱਡਾ ਯੋਗਦਾਨ ਹੁੰਦਾ ਹੈ। ਆਦਮੀ ਤਾਂ ਹੀ ਤੰਦਰੁਸਤ ਰਹਿ ਸਕਦਾ ਹੈ ਜੇ ਉਸ ਦਾ ਸ਼ਰੀਰ ਰੋਗ ਰਹਿਤ ਅਤੇ ਮਨ ਤਨਾਅ ਰਹਿਤ ਹੋਵੇ। ਸ਼ਰੀਰ ਦੁਆਰਾ ਬਿਮਾਰੀਆਂ ਦਾ ਟਾਕਰਾ ਕਰਨ ਲਈ ਇਮਊਨ ਪ੍ਰਣਾਲੀ ਦਾ ਮਜਬੂਤ ਹੋਣਾ ਬੇਹੱਦ ਲਾਜਮੀ ਹੁੰਦਾ ਹੈ । ਇਹ ਇਮਊਨ ਪ੍ਰਣਾਲੀ ਛੋਟੀਆਂ—ਛੋਟੀਆਂ ਬਿਮਾਰੀਆਂ ਦੇ ਵਿਰੁੱਧ ਲੜਨ ਦੇ ਨਾਲ—ਨਾਲ ਕੋਰੋਨਾ ਵਰਗੇ ਭਿਆਨਕ ਰੋਗਾਂ ਖਿਲਾਫ ਰੱਖਿਆ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦੀ ਹੈ । ਇਸ ਲਈ ਰੋਗ ਰੱਖਿਆ ਪ੍ਰਣਾਲੀ ਦਾ ਮਜਬੂਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ । ਆਓ ਜਾਣੀਏ ਰੋਗ ਰੱਖਿਆ ਪ੍ਰਣਾਲੀ ਭਾਵ ਇਮਊਨ ਪ੍ਰਣਾਲੀ ਨੂੰ ਮਜਬੂਤ ਕਰਨ ਦੇ ਉਪਾਅ ।

1. ਸੰਤੁਲਿਤ ਖੁਰਾਕ : ਰੋਗ ਰੱਖਿਆ ਪ੍ਰਣਾਲੀ ਵਿਕਸਿਤ ਕਰਨ ਵਿੱਚ ਸੰਤੁਲਿਤ ਖੁਰਾਕ ਦੀ ਵੱਡੀ ਭੂਮਿਕਾ ਹੁੰਦੀ ਹੈ । ਇਸ ਲਈ ਸਾਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਤਾਜੀਆਂ ਸਬਜੀਆਂ, ਫਲ, ਸਲਾਦ, ਸਾਰੇ ਵਿਟਾਮਿਨ, ਭਰਪੂਰ ਮਾਤਰਾ ਵਿੱਚ ਪ੍ਰੋਟੀਨ ਅਤੇ ਜਿੰਕ, ਆਇਰਨ, ਕੈਲਸ਼ੀਅਮ ਅਤੇ ਮੈਗਨੀਸ਼ੀਅਤ ਵਰਗੇ ਖਣਿਜਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

2. ਪਾਣੀ : ਪਾਣੀ ਦੀ ਘਾਟ ਕਾਰਨ ਪਾਚਨ ਤੰਤਰ, ਜਿਗਰ, ਦਿਲ ਅਤੇ ਗੁਰਦੇ ਆਦਿ ਅੰਗਾਂ ਉੱਤੇ ਮਾੜਾ ਅਸਰ ਪੈਂਦਾ ਹੈ ਜਿਸ ਨਾਲ ਸਾਡੀ ਰੱਖਿਆ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ । ਇਸ ਲਈ ਸਾਨੂੰ ਦਿਨਭਰ ਭਰਪੂਰ ਪਾਣੀ ਪੀਣਾ ਚਾਹੀਦਾ ਹੈ ।

3. ਨੀਂਦ : ਰੋਗ ਰਹਿਤਤਾ ਪ੍ਰਣਾਲੀ ਦਾ ਨੀਂਦ ਨਾਲ ਸਿੱਧਾ ਸੰਬੰਧ ਹੁੰਦਾ ਹੈ । ਨੀਂਦ ਦੀ ਕਮੀ ਕਾਰਨ ਸ਼ਰੀਰ ਜਲਦੀ ਰੋਗੀ ਹੋ ਜਾਂਦਾ ਹੈ । ਗੂੜ੍ਹੀ ਨੀਂਦ ਲੈਣ ਨਾਲ ਸ਼ਰੀਰ ਅੰਦਰ ਇਮਊਨ ਪ੍ਰਣਾਲੀ ਦੇ ਤੱਤ ਕੁਦਰਤੀ ਤੌਰ ਤੇ ਵਿਕਸਿਤ ਹੋਣ ਲੱਗਦੇ ਹਨ । ਇਸ ਲਈ ਰੋਗ ਰੱਖਿਆ ਪ੍ਰਣਾਲੀ ਨੂੰ ਮਜਬੂਤ ਕਰਨ ਲਈ ਸਾਨੂੰ ਭਰਪੂਰ ਨੀਂਦ ਦਾ ਆਨੰਦ ਲੈਣਾ ਚਾਹੀਦਾ ਹੈ ।

- Advertisement -

4. ਕਸਰਤ : ਰੋਜ਼ਾਨਾ ਹਲਕੀ—ਫੁਲਕੀ ਕਸਰਤ ਕਰਨ ਨਾਲ ਮੋਟਾਪਾ, ਸ਼ੂਗਰ ਅਤੇ ਦਿਲ ਦੇ ਰੋਗ ਲੱਗਣ ਦਾ ਖਤਰਾ ਘੱਟ ਹੁੰਦਾ ਹੈ ਅਤੇ ਕਿਸੇ ਕਿਸਮ ਦੀ ਇੰਨਫੈਕਸ਼ਨ ਹੋਣ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ । ਕਸਰਤ ਮਨੁੱਖ ਦੇ ਸ਼ਰੀਰ ਅੰਦਰ ਉਸਾਰੂ ਊਰਜਾ ਪੈਦਾ ਕਰਦੀ ਹੈ ਅਤੇ ਨਾ—ਮੁੱਖੀ ਵਿਚਾਰਾਂ ਤੋਂ ਦੂਰ ਰੱਖ ਕੇ ਰੋਗ ਰੱਖਿਆ ਪ੍ਰਣਾਲੀ ਵਿੱਚ ਵਾਧਾ ਕਰਦੀ ਹੈ।

5. ਮਾਨਸਿਕ ਤਨਾਅ ਘਟਾਉ : ਮਾਨਸਿਕ ਤਨਾਅ ਵੱਧਣ ਨਾਲ ਸ਼ਰੀਰ ਦੀ ਰੋਗ ਰਹਿਤਤਾ ਪ੍ਰਣਾਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ । ਇਸ ਲਈ ਮਾਨਸਿਕ ਤਨਾਅ ਨੂੰ ਘੱਟ ਕਰਨ ਲਈ ਯੋਗਾ, ਕਸਰਤ, ਤਪ ਜਾਂ ਭਗਤੀ ਬਿਰਤੀ, ਉਸਾਰੂ ਕੰਮਾਂ, ਧਾਰਮਿਕ ਜਾਂ ਸਮਾਜਿਕ ਕੰਮਾਂ ਆਦਿ ਦਾ ਸਹਾਰਾ ਲਿਆ ਜਾ ਸਕਦਾ ਹੈ ।

6. ਸ਼ਰਾਬ—ਸਿਗਰੇਟ ਤੋਂ ਪਰਹੇਜ : ਸਿਗਰਟ ਸਾਡੇ ਸ਼ਰੀਰ ਅੰਦਰ ਕਾਰਬਨ ਮੋਨੋਆਕਸਾਈਡ, ਨਿਕੋਟੀਨ ਅਤੇ ਨਾਈਟ੍ਰੋਜਨ ਆਕਸਾਈਡ ਵਰਗੇ ਜ਼ਹਿਰੀਲੇ ਪਦਾਰਥ ਪੈਦਾ ਕਰਕੇ ਇਮਊਨ ਪ੍ਰਣਾਲੀ ਨੂੰ ਕਮਜੋਰ ਕਰਦੀ ਹੈ ਅਤੇ ਇਸ ਨਾਲ ਨਿਮੋਨੀਆ ਅਤੇ ਟੀ.ਬੀ. ਵਰਗੇ ਫੇਫੜਿਆਂ ਦੇ ਰੋਗ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ । ਕੋਰੋਨਾ ਵਰਗੀ ਖਤਰਨਾਕ ਬਿਮਾਰੀ ਦਾ ਫੇਫੜਿਆਂ ਉੱਤੇ ਬਹੁਤ ਭੈੜਾ ਪ੍ਰਭਾਵ ਪੈਂਦਾ ਹੈ ਅਤੇ ਸਿਗਰਟ ਨੋਸ਼ੀ ਕਰਨ ਵਾਲੇ ਲੋਕਾਂ ਨੂੰ ਕੋਰੋਨਾ ਤੋਂ ਉਭਰਨ ਲਈ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਸ਼ਰਾਬ ਵੀ ਸਾਡੀ ਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰਦੀ ਹੈ । ਇਸ ਲਈ ਇਮਊਨ ਸਿਸਟਮ ਨੂੰ ਮਜਬੂਤ ਕਰਨ ਲਈ ਸਾਨੂੰ ਸਿਗਰਟ ਅਤੇ ਸ਼ਰਾਬ ਤੋਂ ਦੂਰ ਰਹਿਣਾ ਚਾਹੀਦਾ ਹੈ ।

7. ਐਂਟੀ ਆਕਸੀਡੈਂਟ ਭਰਪੂਰ ਭੋਜਨ ਜਿਵੇਂ ਬਦਾਮ, ਅਖਰੋਟ, ਮੂੰਗਫਲੀ, ਫਲੀਆਂ ਵਾਲੀਆਂ ਸਬਜੀਆਂ ਦੀ ਵਰਤੋਂ ਕਰਕੇ ਰੋਗ ਰਹਿਤਤਾ ਪ੍ਰਣਾਲੀ ਨੂੰ ਮਜਬੂਤ ਬਣਾਇਆ ਜਾ ਸਕਦਾ ਹੈ।

8. ਜੈਤੂਨ ਦਾ ਤੇਲ ਅਤੇ ਉਮੇਗਾ—3 ਫੈਟੀ ਐਸਿਡ ਭਰਪੂਰ ਅਲਸੀ ਦੇ ਬੀਜ ਤੋਂ ਨਿਕਲੇ ਤੇਲ ਰੋਗ ਰੱਖਿਆ ਪ੍ਰਣਾਲੀ ਨੂੰ ਮਜਬੂਤ ਕਰਦੇ ਹਨ ।

- Advertisement -

9. ਮੋਟਾਪਾ ਪੈਦਾ ਕਰਨ ਵਾਲੇ ਖੰਡ ਅਤੇ ਚਰਬੀ ਵਾਲੇ ਭੋਜਨ ਨੂੰ ਘੱਟ ਕੀਤਾ ਜਾਵੇ ।

10. ਪੁੰਗਰੇ ਬੀਜਾਂ ਦੀ ਵਰਤੋਂ ਕੀਤੀ ਜਾਵੇ ।

11. ਖਮੀਰ ਤੋਂ ਬਣੇ ਭੋਜਨ ਪਦਾਰਥ ਜਿਵੇਂ ਯੋਗਰਟ ਅਤੇ ਯਕੁਲਟ ਆਦਿ ਰੋਗ ਰੱਖਿਆ ਪ੍ਰਣਾਲੀ ਨੂੰ ਮਜਬੂਤ ਕਰਦੇ ਹਨ।

-ਅਸ਼ਵਨੀ ਚਤਰਥ;

Share this Article
Leave a comment