ਟਕਸਾਲੀਆਂ ਨੂੰ ਪੈ ਗਈਆਂ ਸੋਚਾਂ, ਕਹਿੰਦੇ ਅਸੀਂ ਪਿੱਛੇ ਰਹਿ ਗਏ
ਚੰਡੀਗੜ੍ਹ : ਇਕ ਪਾਸੇ ਜਿਥੇ ਫੁੱਟ ਤੇ ਬਗਾਵਤ ਦਾ ਸ਼ਿਕਾਰ ਹੋਈ ਆਮ ਆਦਮੀ ਪਾਰਟੀ ਤੋਂ ਲੋਕ ਵੱਖ-ਵੱਖ ਕਾਰਨਾਂ ਕਰਕੇ ਅੱਡ ਹੁੰਦੇ ਜਾ ਰਹੇ ਨੇ ਉਥੇ ਦੂਜੇ ਪਾਸੇ ਇਸੇ ਹੀ ਪਾਰਟੀ ਚੋਂ ਅੱਡ ਹੋ ਚੁੱਕੇ ਸੁਖਪਾਲ ਸਿੰਘ ਖਹਿਰਾ ਆਪਣੇ ਛੇ ਹੋਰ ਸਾਥੀਆਂ ਸਣੇ ਅੱਜ ਆਪਣਾ ਸਿਆਸੀ ਢਾਂਚਾ ਐਲਾਨਣ ਜਾ ਰਹੇ ਹਨ। ਭਾਵੇਂ ਕਿ ਅਜਿਹਾ ਹੀ ਐਲਾਨ ਸੁਖਪਾਲ ਖਹਿਰਾ ਨੇ ਤਲਵੰਡੀ ਸਾਬੋਂ ਤੋਂ ਪਟਿਆਲਾ ਤੱਕ ਕੱਢੇ ਗਏ ਪੈਦਲ ਮਾਰਚ ਤੋਂ ਪਹਿਲਾਂ ਵੀ ਕੀਤਾ ਸੀ ਕਿ ਮਾਰਚ ਦੇ ਖਾਤਮੇ ਤੋਂ ਤੁਰੰਤ ਬਾਅਦ ਉਹ ਨਵੀਂ ਪਾਰਟੀ ਦਾ ਐਲਾਨ ਕਰ ਦੇਣਗੇ, ਪਰ ਜਿਸ ਤਰ੍ਹਾਂ ਦਾ ਹੁੰਗਾਰਾ ਉਨ੍ਹਾਂ ਨੂੰ ਇਸ ਮਾਰਚ ਦੌਰਾਨ ਮਿਲਿਆ ਤੇ ਜਿਸ ਤਰ੍ਹਾਂ ਉਨ੍ਹਾਂ ਦੇ ਹਮਖਿਆਲੀ ਮਾਰਚ ਉਨ੍ਹਾਂ ਦੇ ਹਵਾਲੇ ਕਰਕੇ ਆਪੋ ਆਪਣੇ ਕੰਮਾਂ ‘ਚ ਰੁੱਝ ਗਏ ਉਸ ਨੂੰ ਦੇਖਦਿਆਂ ਖਹਿਰਾ ਨੇ ਨਵੀਂ ਪਾਰਟੀ ਬਣਾਏ ਜਾਣ ਦੀ ਸੋਚ ‘ਤੇ ਬਰੇਕ ਲਾ ਲਈ ਸੀ।
ਉਸ ਦੌਰਾਨ ਸਿਰਫ ਹਮਖਿਆਲੀਆਂ ਨੂੰ ਮਿਲਾ ਕੇ ਪੰਜਾਬ ਜਮਹੂਰੀ ਗਠਜੋੜ ਨਾਂ ਦਾ ਸੰਗਠਨ ਹੀ ਖੜ੍ਹਾ ਕੀਤਾ ਗਿਆ ਜਿਸ ਦੇ ਕੁੱਝ ਮਤੇ ਵੀ ਸ਼ਰੇਆਮ ਪੜ੍ਹ ਕੇ ਸੁਣਾਏ ਗਏ ਤੇ ਉਨ੍ਹਾਂ ਮਤਿਆਂ ‘ਤੇ ਵੀ ਡਾ. ਧਰਮਵੀਰ ਗਾਂਧੀ ਨੇ ਇਤਰਾਜ਼ ਖੜ੍ਹਾ ਕਰ ਦਿੱਤਾ ਸੀ। ਹੁਣ ਇਕ ਵਾਰ ਫਿਰ ਖਹਿਰਾ ਵਲੋਂ ਨਵਾਂ ਸਿਆਸੀ ਢਾਂਚਾ ਖੜ੍ਹਾ ਕੀਤੇ ਜਾਣ ਲਈ ਕਦਮ ਅੱਗੇ ਵਧਾਏ ਗਏ ਹਨ। ਜਿਸ ਬਾਰੇ ਖਹਿਰਾ ਦਾ ਕਹਿਣਾ ਹੈ ਕਿ ਉਹ ਇਹ ਢਾਂਚਾ ਵਿਧਾਇਕੀ ਤੋਂ ਅਸਤੀਫਾ ਦਿੱਤੇ ਬਿਨਾਂ ਬਣਾਉਂਣਗੇ। ਇਥੇ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਜਦੋਂ ਸੁਖਪਾਲ ਖਹਿਰਾ ਵਲੋਂ ਬਣਾਏ ਗਏ ਪੰਜਾਬ ਜਮਹੂਰੀ ਗਠਜੋੜ ਵਿੱਚ ਲੋਕ ਇਨਸਾਫ ਪਾਰਟੀ, ਪੰਜਾਬ ਮੰਚ ਅਤੇ ਬਹੁਜਨ ਸਮਾਜ ਪਾਰਟੀ ਨੇ ਸ਼ਮੂਲੀਅਤ ਕੀਤੀ ਸੀ ਤਾਂ ਉਸ ਵੇਲੇ ਤੱਕ ਖਹਿਰਾ ਧੜੇ ਵਲੋਂ ਆਪਣਾ ਕੋਈ ਢਾਂਚਾ ਖੜ੍ਹਾ ਨਹੀਂ ਕੀਤਾ ਗਿਆ ਸੀ।
ਇਸ ਢਾਂਚੇ ਦੀ ਰੂਪਰੇਖਾ ਕੀ ਹੋਵੇਗੀ ਇਹ ਆਉਂਣ ਵਾਲੇ ਕੁੱਝ ਘੰਟਿਆਂ ਵਿਚ ਸਾਫ ਹੋ ਜਾਵੇਗਾ, ਪਰ ਵੱਡਾ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਤੋਂ ਸੱਟ ਖਾਣ ਤੋਂ ਬਾਅਦ ਤੀਜੇ ਬਦਲ ਨੂੰ ਤਰਸ ਚੁੱਕੇ ਪੰਜਾਬੀ ਕੀ ਹੁਣ ਖਹਿਰਾ ਵਲੋਂ ਬਣਾਏ ਜਾਣ ਵਾਲੇ ਨਵੇਂ ਸਿਆਸੀ ਢਾਂਚੇ ‘ਤੇ ਵਿਸ਼ਵਾਸ਼ ਕਰ ਪਾਉਣਗੇ, ਜਾਂ ਇਸ ਢਾਂਚੇ ਦਾ ਅੰਤ ਵੀ ਉਹੋ ਈ ਹੋਵੇਗੀ ਤੋਂ ਪੀਪੀਪੀ ਤੇ ਲੋਕ ਭਲਾਈ ਪਾਰਟੀ ਦਾ ਹੋਇਆ ਸੀ।