ਆਖ਼ਰ ਕਾਂਗਰਸ ਨੇ ਕੀਤੀ ਪਹਿਲ, ਬਠਿੰਡਾ ਤੇ ਫਿਰੋਜ਼ਪੁਰ ਹਲਕਿਆਂ ਤੋਂ ਐਲਾਨੇ ਉਮੀਦਵਾਰ

TeamGlobalPunjab
3 Min Read

ਚੰਡੀਗੜ੍ਹ : ਕੁਲ ਹਿੰਦ ਕਾਂਗਰਸ ਪਾਰਟੀ ਨੇ ਆਖ਼ਰਕਾਰ ਫਿਰੋਜ਼ਪੁਰ ਤੇ ਬਠਿੰਡਾ ਲੋਕ ਸਭਾ ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਜਿੱਥੇ ਅਕਾਲੀ ਦਲ ਚੋਂ ਆਏ ਸ਼ੇਰ ਸਿੰਘ ਘੁਬਾਇਆ ਨੂੰ ਫਿਰੋਜ਼ਪੁਰ ਤੋਂ ਆਪਣਾ ਉਮੀਦਵਾਰ ਬਣਾਇਆ ਹੈ, ਉਥੇ ਬਠਿੰਡਾ ਲੋਕ ਸਭਾ ਹਲਕੇ ਤੋਂ ਆਪਣੇ ਤੇਜ਼ ਤਰਾਰ ਵਿਧਾਇਕ ਤੇ ਨੌਜਵਾਨ ਆਗੂ ਰਾਜਾ ਵੜਿੰਗ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਇਨ੍ਹਾਂ ਦੋ ਐਲਾਨਾਂ ਦੇ ਨਾਲ ਪੰਜਾਬ ਅੰਦਰ ਕਾਂਗਰਸ ਪਾਰਟੀ ਦੇ ਸਾਰੇ  13 ਉਮੀਦਵਾਰਾਂ ਦਾ ਐਲਾਨ ਹੋ ਗਿਆ ਹੈ।

ਜਿਕਰਯੋਗ ਹੈ ਕਿ ਪਾਰਟੀ ਵੱਲੋਂ ਫਿਰੋਜ਼ਪੁਰ ਤੋਂ ਐਲਾਨੇ ਗਏ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਸਾਲ 2014 ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜ ਕੇ ਜਿੱਤ ਹਾਸਲ ਕੀਤੀ ਸੀ। ਪਰ ਇਸ ਤੋਂ ਬਾਅਦ ਉਨ੍ਹਾਂ ਦੀ ਅਕਾਲੀ ਲੀਡਰਸ਼ਿਪ ਨਾਲ ਵਿਗੜ ਗਈ ਤੇ ਪਹਿਲਾਂ ਉਨ੍ਹਾਂ ਦੇ ਪੁੱਤਰ ਦਵਿੰਦਰ ਸਿੰਘ ਘੁਬਾਇਆ ਨੇ ਕਾਂਗਰਸ ‘ਚ ਸ਼ਮੂਲੀਅਤ ਕੀਤੀ ਤੇ ਸਾਲ 2017 ਦੀਆਂ ਚੋਣਾਂ ਦੌਰਾਨ ਦਵਿੰਦਰ ਸਿੰਘ ਘੁਬਾਇਆ ਫਾਜ਼ਿਲਕਾ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ। ਇਸ ਤੋਂ ਬਾਅਦ ਆਖਰਕਾਰ ਸ਼ੇਰ ਸਿੰਘ ਘੁਬਾਇਆ ਨੇ ਵੀ ਅਕਾਲੀ ਦਲ ਛੱਡ ਕੇ ਕਾਂਗਰਸ ਦਾ ਪੱਲਾ ਫੜ ਲਿਆ ਤੇ ਹੁਣ ਪਾਰਟੀ ਨੇ ਉਨ੍ਹਾਂ ਨੂੰ ਫਿਰੋਜ਼ਪੁਰ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। 56 ਸਾਲ ਦੇ ਘੁਬਾਇਆ ਦੋ ਵਾਰ ਵਿਧਾਇਕ ਤੇ 2 ਵਾਰ ਸੰਸਦ ਮੈਂਬਰ ਰਹਿ ਚੁਕੇ ਹਨ। ਵੱਡੀ ਗੱਲ ਇਹ ਹੈ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਨੂੰ ਹਰਾਇਆ ਸੀ। ਘੁਬਾਇਆ ਦੀ ਪਕੜ ਇਸ ਹਲਕੇ ਰਾਏ ਸਿੱਖ ਬਰਾਦਰੀ ਦੀਆਂ ਵੋਟਾਂ ‘ਤੇ ਚੰਗੀ ਮੰਨੀ ਜਾਂਦੀ ਹੈ।

ਇਸੇ ਤਰ੍ਹਾਂ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਨਜਦੀਕੀ ਮੰਨੇ ਜਾਂਦੇ ਹਲਕਾ ਗਿੱਦੜਬਾਹਾ ਤੋਂ ਮੌਜੂਦਾ ਵਿਧਾਇਕ ਰਾਜਾ ਵੜਿੰਗ ‘ਤੇ ਪਾਰਟੀ ਨੇ ਬਠਿੰਡਾ ਤੋਂ ਭਰੋਸਾ ਜਤਾਇਆ ਹੈ। ਰਾਜਾ ਵੜਿੰਗ ਇਸ ਤੋਂ ਪਹਿਲਾਂ ‘ਆਲ ਇੰਡੀਆ ਯੂਥ ਕਾਂਗਰਸ’ ਦੇ ਪ੍ਰਧਾਨ ਰਹਿ ਚੁਕੇ ਹਨ, ਪਰ ਉਹ ਅਕਸਰ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ। ਅਕਾਲੀ ਦਲ ਨੇ ਅਜੇ ਤੱਕ ਬਠਿੰਡਾ ਲੋਕ ਸਭਾ ਹਲਕੇ ਤੋਂ ਆਪਣਾ ਕੋਈ ਉਮੀਦਵਾਰ ਨਹੀਂ ਐਲਾਨਿਆ ਹੈ। ਪਰ ਇੰਨਾ ਪੱਕਾ ਹੈ ਕਿ ਇੱਥੋਂ ਬਾਦਲ ਪਰਿਵਾਰ ਦਾ ਹੀ ਕੋਈ ਮੈਂਬਰ ਚੋਣ ਲੜੇਗਾ, ਭਾਵੇਂ ਹਰਸਿਮਰਤ ਕੌਰ ਬਾਦਲ ਜਾਂ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ। ਇਸ ਤੋਂ ਇਲਾਵਾ ਜਿੱਥੇ ਆਮ ਆਦਮੀ ਪਾਰਟੀ ਨੇ ਇਸ ਇਲਾਕੇ ਤੋਂ ਤਲਵੰਡੀ ਸਾਬੋ ਦੀ ਵਿਧਾਇਕ ਪ੍ਰੋ: ਬਲਜਿੰਦਰ ਕੌਰ ਨੂੰ ਮੈਦਾਨ ‘ਚ ਉਤਾਰਿਆ ਹੈ, ਉੱਥੇ ਦੂਜੇ ਪਾਸੇ ‘ਪੰਜਾਬ ਏਕਤਾ ਪਾਰਟੀ’ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਇੱਥੋਂ ਪੰਜਾਬ ਜਮਹੂਰੀ ਗੱਠਜੋੜ ਦੇ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਰੇ ਹਨ।

Share this Article
Leave a comment