ਆਹ ਦੇਖੋ ਧੂਸੀ ਬੰਨ੍ਹ ਦੇ ਹਾਲਾਤ ਪਾਣੀ 6 ਇੰਚ ਹੋਰ ਵਧਿਆ ਤਾਂ ਮੱਚੇਗੀ ਭਾਰੀ ਤਬਾਹੀ, ਸੈਂਕੜੇ ਲੋਕ ਮਿੱਟੀ ਪਾਉਣ ‘ਚ ਰੁੱਝੇ

TeamGlobalPunjab
2 Min Read

ਚੰਡੀਗੜ੍ਹ : ਲਗਾਤਰ ਹੋ ਰਹੇ ਮੀਂਹ ਕਾਰਨ ਪੰਜਾਬ ‘ਚ ਵਹਿੰਦੇ ਦਰਿਆਵਾਂ ਦਾ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਸੂਬੇ ਅੰਦਰ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ। ਮੋਗਾ ਨੇੜੇ ਪੈਂਦੇ ਧੂਸੀ ਵੰਨ੍ਹ ਅੰਦਰ ਪਾਣੀ ਦਾ ਪੱਧਰ ਸਿਰਫ 6 ਇੰਚ ਅਜਿਹੇ ਨਿਸ਼ਾਨ ਤੋਂ ਹੇਠਾ ਹੈ ਜਿੱਥੇ ਬੰਨ੍ਹ ਟੁੱਟ ਸਕਦਾ ਹੈ ਉੱਥੇ ਦੂਜੇ ਪਾਸੇ  ਜਲੰਧਰ ‘ਚ ਵੀ ਕੁੱਝ ਅਜਿਹੇ ਹੀ ਹਾਲਾਤ ਹਨ ਜਿੱਥੇ ਸਤਲੁਜ ਦਰਿਆ ‘ਚ ਵਧੇ ਪਾਣੀ ਨੇ ਸ਼ਾਹਕੋਟ ਦੇ ਨੇੜਲੇ ਪਿੰਡ ਦਾਨੇਵਾਲ ਅਤੇ ਬਾਰੇਵਾਲ ‘ਚ ਆਪਣਾ ਕਹਿਰ ਵਰ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਦੇਰ ਰਾਤ ਤੋਂ ਇੱਥੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧ ਗਿਆ ਹੈ ਜਿਸ ਤੋਂ ਬਾਅਦ ਲੋਕ ਆਪਣੇ ਘਰਾਂ ‘ਚੋਂ ਸਮਾਨ ਆਦਿ ਕੱਢ ਕੇ ਸੁਰੱਖਿਅਤ ਥਾਵਾਂ ਵੱਲ ਜਾਣ ਲੱਗ ਗਏ ਹਨ। ਜਾਣਕਾਰੀ ਮੁਤਾਬਿਕ ਪਾਣੀ ਦੀ ਮਾਰ ਤੋਂ ਬਚਣ ਲਈ ਟ੍ਰੈਕਟਰਾਂ ਦੀ ਮਦਦ ਦੇ ਨਾਲ ਘਰਾਂ ਦੇ ਆਸੇ-ਪਾਸੇ ਮਿੱਟੀ ਪਾਈ ਜਾ ਰਹੀ ਹੈ।

ਧੂਸੀ ਵੰਨ੍ਹ ਦੇ ਆਸ ਪਾਸ ਵਸੇ ਇਲਾਕਿਆਂ ਦੇ ਲੋਕ ਇਸ ਵੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਆਪਣੇ ਤੌਰ ‘’ਤੇ ਵੰਨ੍ਹ ਦੇ ਆਲੇ-ਦੁਆਲੇ ਮਿੱਟੀ ਪਾਉਣ ਦਾ ਕੰਮ ਕਰ ਰਹੇ ਹਨ। ਮੋਗਾ ਤੋਂ ਸਾਡੇ ਪੱਤਰਕਾਰ ਦੇ ਦੱਸਣ ਅਨੁਸਾਰ ਪ੍ਰਸ਼ਾਸਨ ਵਾਅਦੇ ਤਾਂ ਬਹੁਤ ਵੱਡੇ ਵੱਡੇ ਕਰ ਰਿਹਾ ਹੈ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਉੱਥੇ ਪ੍ਰਸ਼ਾਸਨਿਕ ਦਾਅਵੇ ਕਿਤੇ ਲੱਭਿਆਂ  ਵੀ ਦਿਖਾਈ ਨਹੀਂ ਦਿੰਦੇ। ਜਲੰਧਰ ਤੋਂ ਆਈਆਂ ਤਸਵੀਰਾਂ ਨੂੰ ਵੇਖ ਕੇ ਪਤਾ ਲਗਦਾ ਹੈ ਕਿ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਅਤੇ ਲੋਕ ਇਸ ਨੂੰ ਰੋਕਣ ਦੀ ਕੋਸ਼ਿਸ਼ ‘ਚ ਲੱਗੇ ਹੋਏ ਹਨ। ਇੱਥੇ ਹੀ ਬੱਸ ਨਹੀਂ ਪਾਣੀ ਦੀ ਮਾਰ ਤੋਂ ਬਚਣ ਲਈ ਮਿੱਟੀ ਪਾਉਣ ‘ਚ ਮਰਦਾਂ ਦੇ ਨਾਲ ਨਾਲ ਔਰਤਾਂ ਵੀ ਮਦਦ ਕਰ ਰਹੀਆਂ ਹਨ। ਦੱਸ ਦਈਏ ਕਿ ਪ੍ਰਸ਼ਾਸਨ ਵਲੋਂ ਐਤਵਾਰ ਨੂੰ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਪਾਣੀ ਦੇ ਵਧਦੇ ਪੱਧਰ ਨੂੰ ਵੇਖਦੇ ਹੋਏ ਆਪ ਅਤੇ ਆਪਣੇ ਪਰਿਵਾਰਾਂ ਨੂੰ ਲੈ ਕੇ ਸੁਰੱਖਿਅਤ ਥਾਵਾਂ ‘ਤੇ ਚਲੇ ਜਾਣ,  ਪਰ ਲੋਕਾਂ ਨੇ ਅਜਿਹਾ ਨਹੀਂ ਕੀਤਾ ਅਤੇ ਜਦੋਂ ਹੁਣ ਪਾਣੀ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਲੋਕ ਆਪਣੇ ਘਰਾਂ ‘ਚੋਂ ਸਮਾਨ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਜਾਣ ਲੱਗ ਪਏ ਹਨ।

Share this Article
Leave a comment