ਸਿਡਨੀ : ਆਸਟ੍ਰੇਲੀਆ ਸਰਕਾਰ ਨੇ ਵੀਜ਼ਾ ਦੇ ਨਿਯਮਾਂ ‘ਚ ਸਖ਼ਤੀ ਕਰਦੇ ਹੋਏ ਸਲਾਨਾ ਇਮੀਗ੍ਰੈਂਟਸ ਦੀ ਗਿਣਤੀ 30 ਹਜ਼ਾਰ ਘਟਾਉਣ ਦਾ ਫ਼ੈਸਲਾ ਕਰ ਲਿਆ ਹੈ। ਇਸ ਨਵੇਂ ਫੈਸਲੇ ਨਾਲ ਸਭ ਤੋਂ ਜ਼ਿਆਦਾ ਮਾਰ ਸਕਿੱਲਡ ਵਰਕਰਾਂ ਨੂੰ ਪਵੇਗੀ ਹੁਣ ਸਕਿੱਲਡ ਵਰਕਰ ਪੀ.ਆਰ. ਲਈ ਸਿਰਫ ਤਾਂ ਹੀ ਅਪਲਾਈ ਕਰ ਸਕਣਗੇ ਜੇਕਰ ਉਹ ਘੱਟੋਂ ਘੱਟ 3 ਸਾਲ ਮੈਲਬੌਰਨ, ਪਰਥ ਤੇ ਸਿਡਨੀ ਵਰਗੇ ਸ਼ਹਿਰਾਂ ਤੋਂ ਬਾਹਰ ਛੋਟੇ ਸ਼ਹਿਰਾਂ ਵਿਚ ਰਹਿਣਗੇ ਅਤੇ ਕੰਮ ਕਰਨਗੇ ਇਹ ਨਿਯਮ 1 ਜੁਲਾਈ ਤੋਂ ਲਾਗੂ ਹੋਣਗੇ।
ਮਿਲੀ ਜਾਣਕਾਰੀ ਮੁਤਾਬਕ ਇੱਕ ਸਾਲ ‘ਚ 1,60,000 ਲੋਕਾਂ ਨੂੰ ਹੀ ਆਸਟ੍ਰੇਲੀਆ ਵਿਚ ਆਉਣ ਦੀ ਮਨਜ਼ੂਰੀ ਦਿਤੀ ਜਾਵੇਗੀ। ਇਨ੍ਹਾਂ ਵਿਚ 23 ਹਜ਼ਾਰ ਸਕਿੱਲਡ ਵਰਕਰ ਵੀਜ਼ੇ ਵੀ ਸ਼ਾਮਲ ਹੋਣਗੇ। ਪਹਿਲਾਂ ਇਹ ਗਿਣਤੀ 1,90,000 ਸੀ ਪਰ ਹੁਣ 15 ਫ਼ੀ ਸਦੀ ਇਮੀਗ੍ਰੇਸ਼ਨ ਘਟਾ ਦਿਤੀ ਗਈ ਹੈ।
ਸਕਿੱਲਡ ਵਰਕਰਾਂ ਨੂੰ 3 ਸਾਲ ਸਿਡਨੀ, ਮੈਲਬੌਰਨ ਅਤੇ ਪਰਥ ਵਰਗੇ ਸ਼ਹਿਰਾਂ ਤੋਂ ਬਾਹਰ ਰਹਿਣਾ ਹੋਵੇਗਾ। ਅਜਿਹੇ ਲੋਕ ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ਤੋਂ ਤਿੰਨ ਸਾਲ ਤੱਕ ਬਾਹਰ ਰਹਿਣ ਮਗਰੋਂ ਪੀ.ਆਰ. ਲਈ ਅਪਲਾਈ ਕਰ ਸਕਣਗੇ।
ਦੱਸਣਯੋਗ ਹੈ ਕਿ ਜੂਨ, 2018 ਤੱਕ ਜਾਰੀ ਹੋਏ ਸਟੂਡੈਂਟ ਵੀਜ਼ਾ ਉਤੇ ਕੋਈ ਸੀਮਾ ਨਹੀਂ ਲਗਾਈ ਗਈ ਹੈ। ਮਾਹਰਾਂ ਦੇ ਮੁਤਾਬਕ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਮਈ ਵਿਚ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਹੈ ਕਿਉਂਕਿ ਪਰਵਾਸੀਆਂ ਦੀ ਵਧਦੀ ਗਿਣਤੀ ਕਾਰਨ ਸਥਾਨਕ ਲੋਕਾਂ ਵਿਚ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਕਾਰਨ ਉਨ੍ਹਾਂ ਨੂੰ ਰੁਜ਼ਗਾਰ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਨਾਲ ਹੀ ਇਸ ਦਾ ਫ਼ਰਕ ਮਹਿੰਗਾਈ ਉਤੇ ਵੀ ਪੈਂਦਾ ਹੈ।