ਵਾਸ਼ਿੰਗਟਨ :ਅਮਰੀਕਾ ‘ਚ ਆਪਣੇ ਹੀ ਪੰਜ ਬੱਚਿਆਂ ਦੇ ਕਤਲ ਦੇ ਦੋਸ਼ੀ 37 ਸਾਲਾ ਟਿਮੋਥੀ ਜੋਨਸ ਨੂੰ ਅਮਰੀਕੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਸਦੀ ਪਤਨੀ ਨੇ ਇਹ ਕਹਿੰਦੇ ਹੋਏ ਅਪਣੇ ਪਤੀ ਦੀ ਜਾਨ ਬਚਾਉਣ ਦੀ ਮੰਗ ਕੀਤੀ ਸੀ ਕਿ ਬੱਚੇ ਅਪਣੇ ਪਿਤਾ ਨੂੰ ਬਹੁਤ ਪਿਆਰ ਕਰਦੇ ਸਨ। ਦੋਸ਼ੀ ਟਿਮੋਥੀ ਦੇ ਮਾਮਲੇ ਦੀ ਸੁਣਵਾਈ ਦੌਰਾਨ ਦਲੀਲ ਪੇਸ਼ ਕੀਤੀ ਗਈ ਕਿ ਉਹ ‘ਸਕਿੱਜ਼ੋਫ੍ਰੇਨਿਕ’ ਬੀਮਾਰੀ ਨਾਲ ਪੀੜਤ ਹੈ, ਇਸ ਲਈ ਉਹ ਇਸ ਹਾਲਤ ਵਿਚ ਨਹੀਂ ਹੈ ਕਿ ਉਸ ਦੇ ਖਿਲਾਫ ਇਸ ਮਾਮਲੇ ‘ਤੇ ਕਾਰਵਾਈ ਕੀਤੀ ਜਾ ਸਕੇ।
ਜੋਨਸ ਨੂੰ 2014 ਵਿਚ ਆਪਣੇ ਪੰਜ ਬੱਚਿਆਂ, ਜਿਨ੍ਹਾਂ ਦੀ ਉਮਰ ਇਕ ਤੋਂ ਅੱਠ ਸਾਲ ਦੇ ਵਿਚ ਸੀ ਉਨ੍ਹਾਂ ਦੇ ਕਤਲ ਦਾ ਦੋਸ਼ੀ ਕਰਾਰਿਆ ਗਿਆ ਸੀ। ਦੋਸ਼ੀ ਦੀ ਪਤਨੀ ਅੰਬਰ ਕੀਜ਼ਰ ਨੇ ਜਦੋਂ ਦੱਖਣੀ ਕੈਰੋਲੀਨਾ ਦੀ ਅਦਾਲਤ ਵਿਚ ਜਿਊਰੀ ਕੋਲੋਂ ਅਪਣੇ ਪਤੀ ਨੂੰ ਜਿੰਦਾ ਰੱਖਣ ਦੀ ਅਪੀਲ ਕੀਤੀ ਤਾਂ ਕੋਰਟ ਹੈਰਾਨ ਰਹਿ ਗਈ।
ਖ਼ਬਰਾਂ ਮੁਤਾਬਕ ਉਸ ਦੀ ਪਤਨੀ ਅੰਬਰ ਨੇ ਕਿਹਾ, ‘ਉਸ ਨੇ ਮੇਰੇ ਬੱਚਿਆਂ ‘ਤੇ ਕਿਸੇ ਤਰ੍ਹਾਂ ਦੀ ਦਇਆ ਨਹੀਂ ਦਿਖਾਈ ਪਰ ਬੱਚੇ ਉਸ ਨੂੰ ਪਿਆਰ ਕਰਦੇ ਸਨ ਅਤੇ ਮੈਂ ਅਪਣੇ ਬੱਚਿਆਂ ਵੱਲੋਂ ਇਹੀ ਕਹਿਣਾ ਚਾਹਵਾਂਗੀ’ ਕਿ ਉਸਨੂੰ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ। ਅੰਬਰ ਦਾ ਕਹਿਣਾ ਹੈ ਕਿ ਉਸ ਨੇ ਅਪਣੇ ਬੱਚਿਆਂ ਦੀ ਦੇਖ-ਰੇਖ ਜੋਨਸ ਨੂੰ ਇਸ ਲਈ ਸੌਂਪੀ ਸੀ ਕਿਉਂਕਿ ਇਕ ਕੰਪਿਊਟਰ ਇੰਜੀਨੀਅਰ ਦੇ ਤੌਰ ‘ਤੇ ਉਹ ਉਸ ਨਾਲੋਂ ਜ਼ਿਆਦਾ ਕਮਾਉਂਦਾ ਸੀ।
ਜ਼ਿਕਰਯੋਗ ਹੈ ਕਿ ਜੋਨਸ ਨੇ ਅਦਾਲਤ ਵਿਚ ਕਿਹਾ ਸੀ ਕਿ ਉਸ ਨੂੰ ਸ਼ੱਕ ਸੀ ਕਿ ਉਸ ਦਾ ਛੇ ਸਾਲ ਦਾ ਬੱਚਾ ਅਪਣੀ ਮਾਂ ਨਾਲ ਮਿਲ ਕੇ ਉਸ ਦੇ ਵਿਰੁੱਧ ਸਾਜ਼ਿਸ਼ ਰਚ ਰਿਹਾ ਹੈ। ਇਸ ਲਈ ਉਸ ਨੇ ਅਪਣੇ ਬੱਚੇ ਤੋਂ ਲਗਾਤਾਰ ਕਸਰਤ ਕਰਵਾਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੇ ਆਪਣੇ ਹੋਰ ਬੱਚਿਆਂ ਦਾ ਵੀ ਗਲਾ ਘੁੱਟ ਕੇ ਉਹਨਾਂ ਦਾ ਕਤਲ ਕਰ ਦਿੱਤਾ ਅਤੇ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਨੂੰ ਵਿਰਾਨ ਪਹਾੜਾਂ ‘ਚ ਸੁੱਟਣ ਤੋਂ ਪਹਿਲਾਂ 9 ਦਿਨ ਤੱਕ ਕਾਰ ‘ਚ ਲੈ ਕੇ ਘੁੰਮਦਾ ਰਿਹਾ।
ਆਪਣੇ ਹੀ ਪੰਜ ਬੱਚਿਆਂ ਦਾ ਕਤਲ ਕਰਨ ਵਾਲੇ ਪਿਤਾ ਨੂੰ ਮਿਲੀ ਮੌਤ ਦੀ ਸਜ਼ਾ
Leave a comment
Leave a comment