ਪਰਮਜੀਤ ਕੌਰ ਸਰਹਿੰਦ
ਉੱਘੀ ਲੇਖਿਕਾ
ਹਰ ਸਾਲ ਗਿਆਰਾਂ ਬਾਰਾਂ ਤੇ ਤੇਰਾਂ ਪੋਹ ਨੂੰ ਫ਼ਤਹਿਗੜ੍ਹ ਸਾਹਿਬ ਦੀ ਸ਼ਹੀਦਾਂ ਦੇ ਖ਼ੂਨ ਨਾਲ ਸਿੰਜੀ ਧਰਤੀ ‘ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਅਤੇ ਮਾਤਾ ਮਾਤਾ ਗੁਜਰੀ ਜੀ ਨੂੰ ਸਮਰਪਿਤ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ। ਲੱਖਾਂ ਲੋਕ ਦੂਰੋਂ-ਨੇੜਿਓਂ ਏਥੇ ਸ਼ਹੀਦੀ ਸਥਾਨ ‘ਤੇ ਨਤਮਸਤਕ ਹੋਣ ਆਉਂਦੇ ਹਨ ਜਿੱਥੇ ਕਲੀਆਂ ਵਰਗੀ ਉਮਰ ਦੇ ਮਾਸੂਮ ਬੱਚੇ ਜਿੰਦਾ ਨੀਂਹਾਂ ਵਿੱਚ ਚਿਣਵਾ ਕੇ ਸ਼ਹੀਦ ਕੀਤੇ ਗਏ। ਇਹ ਇੱਕ ਮਜ਼ਹਬੀ ਜਨੂੰਨ ਦੀ ਹੱਦ ਤੱਕ ਕੀਤੇ ਜ਼ੁਲਮ ਦੀ ਦਾਸਤਾਨ ਹੈ ਜੋ ਦੁਨੀਆਂ ਭਰ ਦੇ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੀ।
ਮੈਂ ਬਚਪਨ ਤੋਂ ਕੁਰਬਾਨੀ ਦੀ ਇਹ ਦੁਖ ਭਰੀ ਦਾਸਤਾਨ ਸੁਣਦੀ ਆਈ ਹਾਂ। ਜਦ-ਜਦ ਇਹ ਕਹਿਰੀ ਪੋਹ ਦੀਆਂ ਸੀਤ ਰਾਤਾਂ ਵਾਲ਼ਾ ਪੋਹ ਦਾ ਮਹੀਨਾ ਆਉਂਦਾ ਹੈ ਇੱਕ ਪਵਿੱਤਰ ਜਿਹੀ ਦਰਦ ਭਰੀ ਯਾਦ ਮੈਨੂੰ ਤੜਪਾ ਜਾਂਦੀ ਹੈ। ਮੈਂ ਛੋਟੀ ਜਿਹੀ ਸਾਂ ਮੇਰੀ ਮਾਂ ਸਾਨੂੰ ਗਾਉਣ ਲਈ ਕਹਿੰਦੀ ਉਹ ਬੋਲ ਮੈਨੂੰ ਕਦੇ ਨਹੀਂ ਭੁੱਲਦੇ,
”ਅੱਗੇ ਹੈ ਮਾਤਾ ਗੁਜਰੀ ਪਿੱਛੇ ਨੇ ਲਾਲ ਚਾਰੇ,
ਪੱਥਰਾਂ ‘ਚ ਜਿੰਦੜੀ ਨਾ ਰੋਲ ਹੋ ਗੁਜਰੀ ਦੇ ਪਿਆਰੇ”
ਕੁਝ ਬੋਲ ਹੋਰ ਅਜਿਹੇ ਹੀ ਸੁਰ-ਤਾਲ ਵਾਲੇ ਸਨ ਜੋ ਮੇਰੇ ਚੇਤਿਆਂ ਵਿੱਚੋਂ ਕਿਰ ਗਏ ਹਨ। ਪਤਾ ਨਹੀਂ ਇਹ ਬੋਲ ਮੇਰੀ ਮਾਂ ਨੇ ਆਪ ਜੋੜੇ ਬਣਾਏ ਸਨ ਜਾਂ ਉਸਨੇ ਵੀ ਆਪਣੀ ਮਾਂ-ਦਾਦੀ ਤੋਂ ਸੁਣੇ ਸਨ। ਉਹ ਦਰਦ ਮੈਂ ਅੱਜ ਵੀ ਮਹਿਸੂਸ ਕਰਦੀ ਹਾਂ ਜੋ ਮੇਰੀ ਮਾਂ ਦੇ ਬੋਲਾਂ ‘ਚ ਹੁੰਦਾ ਸੀ। ਅਸੀਂ ਸਾਰੇ ਭੈਣ-ਭਰਾ ਰੋਣ ਹਾਕੇ ਜਿਹੇ ਹੋ ਜਾਂਦੇ। ਮੈਨੂੰ ਲੱਗਦਾ ਜਿਵੇਂ ਅੱਗੇ-ਅੱਗੇ ਮਾਤਾ ਗੁਜਰੀ ਜੀ ਤੇ ਪਿੱਛੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਤੁਰੇ ਜਾਂਦੇ ਹੋਣ ਤੇ ਕਿਤੇ ਮੇਰੀ ਨਿੱਕੀ ਜਿਹੀ ਸਮਝ ਨੂੰ ਲੱਗਦਾ ਗੁਰੂ ਗੋਬਿੰਦ ਸਿੰਘ ਜੀ ਖ਼ੁਦ ਟੇਢੇ-ਮੇਢੇ ਪੱਥਰੀਲੇ ਰਾਹਾਂ ਤੇ ਤੁਰੇ ਜਾ ਰਹੇ ਹੋਣ–। ਹਾਲਾਂਕਿ ਵੱਡੀ ਹੋ ਕੇ ਆਪਣੀ ਵਿਰਾਸਤ ਆਪਣੇ ਇਤਿਹਾਸ ਬਾਰੇ ਬੜਾ ਕੁਝ ਪਤਾ ਲੱਗ ਗਿਆ। ਇਹ ਵੀ ਪਤਾ ਲੱਗ ਗਿਆ ਕਿ ਮਾਤਾ ਜੀ ਨਾਲ਼ ਛੋਟੇ ਸਾਹਿਬਜ਼ਾਦੇ ਦੋ ਲਾਲ ਹੀ ਸਨ ਪਰ ਬਚਪਨ ਤੋਂ ਆਪਣੀ ਰੂਹ ‘ਤੇ ਉੱਕਰੇ ਇਤਿਹਾਸ ਨੂੰ ਕਿਵੇਂ ਮਿਟਾਵਾਂ? ਅੱਜ ਵੀ ਇਨ੍ਹਾਂ ਦਿਨਾਂ ਵਿੱਚ ਮੈਨੂੰ ਆਪਣੀ ਮਾਂ ਨਾਲ਼ ਮਿਲਕੇ ਗਾਏ ਹੋਏ ਦਰਦ ਭਰੇ ਬੋਲ ਯਾਦ ਆਉਂਦੇ ਹਨ ਅਤੇ ਮੇਰੇ ਤਸੱਵਰ ਵਿੱਚ ਉਹੀ ਤਸਵੀਰਾਂ ਘੁੰਮਦੀਆਂ ਹਨ।
ਉਨ੍ਹਾਂ ਦਿਨਾਂ ਵਿੱਚ ਇਸ ਸ਼ਹੀਦੀ ਦਿਹਾੜੇ ਨੂੰ ਕੋਈ ਸ਼ਹੀਦੀ ਦਿਵਸ ਜਾਂ ਸ਼ਹੀਦੀ ਜੋੜ ਮੇਲਾ ਨਹੀਂ ਸੀ ਕਹਿੰਦਾ। ਸੁਣਿਆਂ ਤੇ ਪੜ੍ਹਿਆ ਹੈ ਪਹਿਲਾਂ-ਪਹਿਲਾਂ ਇਨ੍ਹਾਂ ਸ਼ਹੀਦੀ ਦਿਨਾਂ ਨੂੰ ‘ਸਿੰਘ ਸਭਾ’ ਕਿਹਾ ਜਾਂਦਾ ਸੀ ਫਿਰ ‘ਸਭਾ’ ਕਿਹਾ ਜਾਣ ਲੱਗਾ ਜੋ ਮੈਂ ਖ਼ੁਦ ਸੁਣਿਆ ਹੈ। ਮੇਰੀ ਆਪਣੀ ਜ਼ਿੰਦਗੀ ਵਿੱਚ ਇਹ ਪੋਹ ਦੇ ਦਿਨ ਸਭਾ ਤੋਂ ਜੋੜ ਮੇਲਾ ਜਾਂ ‘ਸ਼ਹੀਦੀ ਜੋੜ ਮੇਲਾ’ ਅਖਵਾਉਣ ਲੱਗੇ। ਪਰ ਜਿਉਂ-ਜਿਉਂ ਇਹ ਨਾਂ ਬਦਲਦੇ ਜਾਂਦੇ ਹਨ ਮੈਨੂੰ ਲੱਗਦਾ ਹੈ ਲੋਕਾਂ ਦੀਆਂ ਜਿਵੇਂ ਭਾਵਨਾਵਾਂ ਵੀ ਬਦਲ ਰਹੀਆਂ ਹਨ। ਹੁਣ ਲੋਕ ਇਨ੍ਹਾਂ ਦਿਨਾਂ ਨੂੰ ਸਿੰਘ ਸਭਾ, ਸਭਾ ਜਾਂ ਸ਼ਹੀਦੀ ਜੋੜ ਮੇਲਾ ਘੱਟ ‘ਮੇਲਾ’ ਬਹੁਤਾ ਸਮਝਣ ਲੱਗ ਪਏ ਹਨ। ਜਿਵੇਂ ਪਿਛਲੇ ਸਮਿਆਂ ਵਿੱਚ ਲੋਕਾਂ ਦੇ ਚਿਹਰਿਆਂ ‘ਤੇ ਇਨ੍ਹੀ ਦਿਨੀਂ ਦੁਖ ਗ਼ਮ ਤੇ ਉਦਾਸੀ ਝਲਕਦੀ ਸੀ ਤੇ ਸ਼ਰਧਾ ਝਲਕਦੀ ਸੀ ਉਹ ਹੁਣ ਘੱਟ ਹੀ ਦੇਖਣ ਨੂੰ ਮਿਲਦੀ ਹੈ। ਆਪਣੇ ਵੱਡੇ-ਵਡੇਰਿਆਂ ਤੋਂ ਸੁਣਿਆਂ ਹੈ ਕਿ ਪਹਿਲਾਂ-ਪਹਿਲਾਂ ਗਿਆਰਾਂ,ਬਾਰਾਂ ਤੇ ਤੇਰਾਂ ਪੋਹ ਨੂੰ ਪਿੰਡਾਂ ਦੇ ਕੁਛ ਬਜ਼ੁਰਗ ਬੰਦੇ ਇਸ ਸ਼ਹੀਦੀ ਸਥਾਨ ਉੱਤੇ ਦੁੱਖ ਭਰੀ ਸ਼ਰਧਾ ਨਾਲ਼ ਸ਼ਹੀਦਾਂ ਨੂੰ ਨਤਮਸਤਕ ਹੋਣ ਆਉਂਦੇ ਸਨ। ਸਮੇਂ ਦੇ ਨਾਲ਼-ਨਾਲ਼ ਇਹ ਗਿਣਤੀ ਵਧਦੀ ਗਈ ਜੋ ਅੱਜ ਲੱਖਾਂ ਤੱਕ ਪੁੱਜ ਗਈ ਹੈ। ਜਿਸ ਕਾਰਨ ਇਹ ਹੁਣ ਸ਼ਹੀਦੀ ਜੋੜ ਮੇਲਾ ਹੋ ਗਿਆ ਹੈ। ਇੱਥੇ ਮੇਲ਼ਿਆਂ ਵਾਂਗ ਹੀ ਸਰਕਸਾਂ, ਚੰਡੋਲ਼ਾਂ ਤੇ ਲੱਚਰ ਗਾਣਿਆਂ ‘ਤੇ ਨੱਚਣ ਵਾਲਿਆਂ ਦੀ ਭਰਮਾਰ ਹੋ ਗਈ ਸੀ ਜੋ ਮੇਲੇ ਵਰਗਾ ਹੀ ਮਾਹੌਲ ਸਿਰਜਦੀ ਸੀ। ਪਰ ਪਿਛਲੇ ਕੁਛ ਕੁ ਸਮੇਂ ਤੋਂ ਪ੍ਰਸ਼ਾਸ਼ਨ ਨੇ ਬਹੁਤ ਹੀ ਸ਼ਾਲਘਾਯੋਗ ਸਖ਼ਤ ਕਦਮ ਉਠਾਏ ਹਨ ਤੇ ਇਹ ਸਾਰਾ ਕੁਛ ਬੰਦ ਕਰਵਾ ਦਿੱਤਾ ਹੈ। ਥਾਂ-ਥਾਂ ਉੱਚੀ ਆਵਾਜ਼ ਵਿੱਚ ਵੱਜਦੇ ਸਪੀਕਰ, ਸ਼ਰਾਬ ਦੇ ਠੇਕੇ ਤੇ ਮੀਟ ਦੀਆਂ ਦੁਕਾਨਾਂ ਵੀ ਬੰਦ ਕਰਵਾਈਆਂ ਹਨ ਜੋ ‘ਮੇਲੇ’ ਵਿੱਚ ਆਏ ‘ਮੇਲੀਆਂ’ ਲਈ ਸ਼ਰਧਾ ਨਾਲ਼ੋਂ ਵੱਧ ਮੌਜ ਮੇਲੇ ਦਾ ਸਾਮਾਨ ਬਣਦੀਆਂ ਸਨ। ਪਾਬੰਦੀਆਂ ਦੇ ਬਾਵਜੂਦ ਵੀ ਭੀੜ ਵਿੱਚ ਸ਼ਰਾਬੀ ਤੇ ਨਸ਼ੱਈ ਤੁਰੇ ਫਿਰਦੇ ਹਨ। ਥਾਂ-ਥਾ ਉੱਤੇ ਸੁੱਖੇ (ਭੰਗ) ਦੇ ਪਕੌੜੇ ਅਤੇ ਤਰਲ ਰੂਪ ਵਿੱਚ ਇਹ ਨਸ਼ੇ ਵਿਕਦੇ ਹਨ । ਇਸ ਉੱਤੇ ਵੀ ਸਖ਼ਤ ਪਾਬੰਦੀ ਲਾਉਣ ਦੀ ਲੋੜ ਹੈ।
ਪਿਛਲੇ ਸਮੇਂ ਕਾਨਫਰੰਸਾਂ ਵਿੱਚ ਗਾਇਕ-ਗਾਇਕਾਵਾਂ ਨਹੀਂ ਸੀ ਬੁਲਾਏ ਜਾਂਦੇ। ਸਿਆਸੀ ਗੱਲ ਵੀ ਬਹੁਤ ਘੱਟ ਹੁੰਦੀ। ਕੇਵਲ ਨਾਮੀ ਰਾਗੀ-ਢਾਡੀ ਹੁੰਦੇ ਜੋ ਅੱਜ ਦੇ ਗਾਇਕਾਂ ਨਾਲ਼ੋਂ ਸ਼ਰਧਾਲੂ ਸੰਗਤਾਂ ਨੂੰ ਬੰਨ੍ਹ ਕੇ ਬਿਠਾਉਣ ਦੀ ਵੱਧ ਸਮਰੱਥਾ ਰੱਖਦੇ ਸਨ। ਲਹੂ ਭਿੱਜਿਆ ਕੁਰਬਾਨੀ ਭਰਿਆ ਇਤਿਹਾਸ ਹੀ ਗਾਇਆ ਤੇ ਸੁਣਾਇਆ ਜਾਂਦਾ ਜਿਸ ਨੂੰ ਲੋਕ ਸਾਹ ਰੋਕ-ਰੋਕ ਸੁਣਦੇ। ਅੱਜ ਦੇ ਮੇਲੇ ਆਉਂਦਿਆਂ ਮੇਲੀਆਂ ਨੂੰ ਤਾਂ ਗਾਇਕ ਹੀ ਬਿਠਾ ਸਕਦੇ ਹਨ। ਉਦੋਂ ਸੱਚ ਨੂੰ ਨਿਤਾਰਿਆ ਤੇ ਪ੍ਰਚਾਰਿਆ ਜਾਂਦਾ ਝੂਠ ਨੂੰ ਨਕਾਰਿਆ ਜਾਂਦਾ ਸੀ। ਹੁਣ ਤਾਂ ਹਰ ਕਾਨਫਰੰਸ ਵਿੱਚ ਇੱਕ ਦੂਜੇ ‘ਤੇ ਚਿੱਕੜ ਸੁਟਿੱਆ ਜਾਂਦਾ ਹੈ। ਅੱਜ ਟਰੈਕਟਰ ਕੰਬਾਈਨਾਂ ਤੋਂ ਲੈ ਕੇ ਟੀ.ਵੀ. ਕੰਪਿਊਟਰ ਤੇ ਹੋਰ ਆਧੁਨਿਕ ਸਾਜੋ-ਸਮਾਨ ਦੇ ਬਾਜ਼ਾਰ ਲਾਏ ਜਾਂਦੇ ਹਨ ਜਦਕਿ ਪਿਛਲੇ ਸਮੇਂ ਬਾਜ਼ਾਰ ਜਾਂ ਦੁਕਾਨਾਂ ਦੇ ਨਾਂ ‘ਤੇ ਲੱਕੜ ਦੀਆਂ ਪਰਾਤਾਂ, ਚੱਕਲੇ ਵੇਲਣੇ, ਪਾਵੇ, ਪੀੜ੍ਹੀਆਂ ਤੇ ਢੋਲਕੀਆਂ ਹੀ ਮੁੱਖ ਬਾਜ਼ਾਰ ਹੁੰਦੀਆਂ ਸਨ ਤੇ ਦੂਰੋ ਨੇੜਿਓਂ ਆਏ ਲੋਕ ਘਰੇਲੂ ਲੋੜ ਦੀਆਂ ਇਹ ਸਧਾਰਨ ਵਸਤਾਂ ਇੱਥੋਂ ਲੈ ਜਾਂਦੇ। ‘ਖਜਲਾ’ ਜਿਸਨੂੰ ਬਹੁਤੇ ਲੋਕ ਪ੍ਰਸ਼ਾਦ ਵਾਂਗ ਲੈ ਜਾਂਦੇ ਚੀਨੀ ਤੇ ਮੈਦੇ ਦੀ ਬਣਾਈ ਮੁੱਖ ਵਿਲੱਖਣ ਮਿਠਾਈ ਹੁੰਦੀ। ਅੱਜ ਵੀ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਪਰ ਲੋਕ ਇਨ੍ਹਾਂ ਨੂੰ ਹੁਣ ਘੱਟ ਹੀ ਖ੍ਰੀਦਦੇ ਹਨ। ਅੱਜ ਵਾਂਗ ਥਾਂ-ਥਾਂ ਲੰਗਰ ਨਹੀਂ ਸਨ ਹੁੰਦੇ। ਕੇਵਲ ਚਾਹ ਅਤੇ ਸਾਦੇ ਦਾਲ਼-ਪ੍ਰਸ਼ਾਦੇ ਦੇ ਲੰਗਰ ਹੁੰਦੇ ਜੋ ਉੱਦਮੀ ਸ਼ਰਧਾਲੂਆਂ ਵੱਲੋਂ ਜਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾਂਦੇ। ਅੱਜ ਥਾਂ-ਥਾਂ ਚਾਹ-ਦੁੱਧ, ਜਲੇਬੀਆਂ, ਪਕੌੜੇ, ਛੋਲੇ-ਪੂਰੀਆਂ, ਖ਼ੀਰ-ਕੜਾਹ ਅਤੇ ਬਹੁਤ ਹੀ ਵੰਨ-ਸੁਵੰਨੇ ਪਕਵਾਨਾਂ ਦੇ ਲੰਗਰ ਵਰਤਦੇ ਹਨ ਜੋ ਉਦਾਸ ਮਾਹੌਲ ਨਾਲ਼ ਮੇਲ ਨਹੀਂ ਖਾਂਦੇ। ਸਮੇਂ ਦੇ ਨਾਲ਼ ਖਾਣ-ਪੀਣ ਆਉਣ-ਜਾਣ ਸਭ ਬਦਲ ਗਿਆ ਹੈ। ਬਹੁਤ ਪਹਿਲਾਂ ਲੋਕ ਪੈਦਲ ਵੀ ਆਉਂਦੇ ਸਨ ਬੱਸਾਂ ਘੱਟ ਹੀ ਹੁੰਦੀਆਂ ਸਨ। ਪੇਂਡੂ ਲੋਕ ਬਲਦਾਂ ਵਾਲ਼ੇ ਗੱਡਿਆਂ ‘ਤੇ ਆਉਂਦੇ ਸਨ ਤੇ ਆਪਣਾ ਰਾਸ਼ਨ-ਪਾਣੀ ਵੀ ਨਾਲ਼ ਲਿਆਉਂਦੇ ਸਨ। ਪਿੰਡਾਂ ‘ਚੋਂਂ ਲੋਕੀ ਗੱਡਿਆਂ ‘ਤੇ ‘ਸਭਾ’ ਨੂੰ ਜਾਂਦੇ ਸਨ। ਫਿਰ ਟਰੈਕਟਰ ਟਰਾਲੀਆਂ ਦਾ ਯੁੱਗ ਆਇਆ ਤੇ ਹੁਣ ਕਾਰਾਂ, ਮੋਟਰਸਾਈਕਲਾਂ ਤੇ ਸਕੂਟਰਾਂ ਦੇ ਨਾਲ਼ ਜਹਾਜ਼ਾਂ ਦਾ ਯੁੱਗ ਵੀ ਆ ਗਿਆ ਹੈ, ਹੈਲੀਕਾਪਟਰ ਆ ਕੇ ਫੁੱਲ ਵਰਸਾਉਂਦਾ ਹੈ।
ਉਦੋਂ ਫੇਰੇ-ਤੋਰੇ ਨਾਲ਼ੋਂ ਗੁਰੂ ਘਰ ਨਤਮਸਤਕ ਹੋਣ ਨੂੰ ਤੇ ਦੀਵਾਨਾਂ ਵਿੱਚ ਬੈਠ ਕੇ ਇਤਿਹਾਸ ਸੁਣਨ ਨੂੰ ਪਹਿਲ ਤੇ ਮਹੱਤਵ ਦਿੱਤਾ ਜਾਂਦਾ ਸੀ। ਸਭਾ ਦੇ ਤੀਜੇ ਦਿਨ ਸਵੇਰੇ ਨੌਂ ਵਜੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਤੋਂ ਤੁਰਦੇ ਨਗਰ ਕੀਰਤਨ ਜਿਸਨੂੰ ਉਦੋਂ ਸ਼ਹੀਦੀ ਜਲੂਸ ਜਾਂ ਪਾਲਕੀ ਨਿਕਲਣਾ ਕਿਹਾ ਜਾਂਦਾ ਸੀ ਨੂੰ ਇੰਜ ਤਹਿ ਦਿਲੋਂ ਦੁਖ ਤੇ ਸ਼ਰਧਾ ਨਾਲ਼ ਦੇਖਿਆ ਜਾਂਦਾ ਜਿਵੇਂ ਕਿਤੇ ਸੱਚਮੁੱਚ ਹੀ ਉਨ੍ਹਾਂ ਮਹਾਨ ਸ਼ਹੀਦਾਂ ਦਾ ਬਬਾਨ ਜਾ ਰਿਹਾ ਹੋਵੇ। ਲੋਕੀ ਨੰਗੇ ਪੈਰੀ ਖੜ੍ਹੇ ਹੁੰਦੇ ਮੱਥਾ ਟੇਕਦਿਆਂ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਗਦੇ ਮੈਂ ਆਪ ਵੇਖੇ ਵੀ ਤੇ ਖ਼ੁਦ ਵਹਾਏ ਵੀ। ਕੁਦਰਤ ਦਾ ਇੱਕ ਹੋਰ ਉਦਾਸ ਕ੍ਰਿਸ਼ਮਾ ਹੁੰਦਾ ਸੀ, ਪਾਲਕੀ ਨਿਕਲਣ ਵੇਲ਼ੇ ਹਲਕੀ-ਹਲਕੀ ਬੂੰਦਾ-ਬਾਂਦੀ ਹੁੰਦੀ ਜਿਵੇਂ ਅੰਬਰ ਵੀ ਰੋਂਦਾ ਹੋਵੇ—। ਇਹ ਮੇਰੀ ਸੋਚ ਹੈ, ਮੇਰਾ ਭਰਮ ਹੈ ਜਾਂ ਮੇਰੀ ਅਕੀਦਤ ਪਰ ਹੁੰਦਾ ਜ਼ਰੂਰ ਸੀ। ਕਦੇ-ਕਦੇ ਹੁਣ ਵੀ ਹੁੰਦਾ ਹੈ। ਮੈਂ ਸੋਚਦੀ ਹਾਂ ਹੁਣ ਜਦੋਂ ਲੋਕਾਂ ਵਿੱਚ ਸ਼ਰਧਾ ਨਾਲ਼ੋਂ ਸਿਆਸਤ ਤੇ ਸਵਾਰਥ ਆ ਵੜਿਆ ਹੈ ਕੁਦਰਤ ਵੀ ਕਰੇ ਤਾਂ ਕੀ ਕਰੇ ?। ਕੁਝ ਵੀ ਆਖ਼ ਲਈਏ ਪਰ ਇਹ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿੱਚ ਆਪਣੀ ਮਿਸਾਲ ਆਪ ਹੀ ਹੈ ‘ਸਰਬੰਸ ਦਾਨੀ’ ਲਿਖਣ ਨੂੰ ਤੇ ਕਹਿਣ ਨੂੰ ਦੋ ਸ਼ਬਦ ਹਨ ਪਰ ਇਸ ਵਿੱਚ ਕੁਰਬਾਨੀ ਦਾ ਬਲੀਦਾਨ ਦਾ ਇੱਕ ਬਹੁਤ ਵੱਡਾ ਲਾਸਾਨੀ ਇਤਿਹਾਸ ਸਮਾਇਆ ਹੋਇਆ ਹੈ। ਆਪਣੀ ਨਿੱਕੀ ਉਮਰੇ ਪਿਤਾ ਦੀ ਕੁਰਬਾਨੀ ਦੇਣੀ, ਸਿਹਰੇ ਬੰਨ੍ਹਣ ਦੀ ਉਮਰ ਵਾਲ਼ੇ ਦੋ ਪੁੱਤਰਾਂ ਦੀ ਚਮਕੌਰ ਵਿੱਚ ਕੁਰਬਾਨੀ ਦੇਣੀ ਤੇ ਬੰਦ ਕਲੀਆਂ ਵਰਗੀ ਉਮਰ ਵਾਲ਼ੇ ਦੋਂ ਪੁੱਤਰਾਂ ਦੀ ਜਿਉਂਦੇ ਨੀਹਾਂ ਵਿੱਚ ਚਿਣੇ ਜਾਣ ਦੀ ਕੁਰਬਾਨੀ ਦੇਣੀ-ਇਹ ਦਾਨ ‘ਸਰਬੰਸ ਦਾਨੀ’ ਹੀ ਦੇਣ ਦੇ ਸਮਰੱਥ ਸੀ। ਹੋਰ ਕੋਈ ਨਾ ਹੀ ਹੋਇਆ ਹੈ ਤੇ ਨਾ ਹੀ ਹੋਣਾ ਮੁਮਕਿਨ ਹੈ। ਰਹਿੰਦੀ ਦੁਨੀਆਂ ਤੱਕ ਇਨ੍ਹਾਂ ਮਹਾਨ ਬਾਲ ਸ਼ਹੀਦਾਂ ਦੀ ਸ਼ਹਾਦਤ ਸ਼ਾਨਾ ਮੱਤੀ ਰਹੇਗੀ। ਇਸ ਸ਼ਹਾਦਤ ਨੂੰ ਸਿਜਦਾ ਕਰਦਿਆਂ ਕਿਸੇ ਸ਼ਾਇਰ ਨੇ ਲਿਖਿਆ ਹੈ ਕਿ,
‘ਸ਼ਹੀਦਾਂ ਜਾਨ ਦੇ ਦਿੱਤੀ ਕਿ ਰੰਗਾਂ ਵਿੱਚ ਵਸੇ ਦੁਨੀਆਂ
ਉਨ੍ਹਾਂ ਦੇ ਖ਼ੂਨ ਦੀ ਗਰਮੀ ਜ਼ੰਜੀਰਾਂ ਢਾਲ਼ ਦੇਂਦੀ ਹੈ,
;ਸਿਰਾਂ ਦੀ ਕਲਮ ਲੈ ਕੇ ਉਹ ਇਤਿਹਾਸ ਲਿਖਦੇ ਨੇ
ਉਨ੍ਹਾਂ ਦੀ ਚਰਬੀ ਤੂਫ਼ਾਨਾਂ ਵਿੱਚ ਦੀਵੇ ਬਾਲ਼ ਦੇਂਦੀ ਹੈ।”