ਪੰਜਾਬ ਦੇ ਸਿਹਤ ਵਿਭਾਗ ਤੋਂ ਪਿੰਡਾਂ ਦੇ ਲੋਕਾਂ ਦਾ ਕਿਉਂ ਉੱਠ ਰਿਹਾ ਭਰੋਸਾ !

TeamGlobalPunjab
5 Min Read

-ਅਵਤਾਰ ਸਿੰਘ

ਕੋਵਿਡ ਦੇ ਕਹਿਰ ਤੋਂ ਬਾਅਦ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਕੁਝ ਪਿੰਡਾਂ ਵਿੱਚ ਸਿਹਤ ਵਿਭਾਗ ਅਤੇ ਲੋਕਾਂ ਵਿਚਕਾਰ ਟਕਰਾਅ ਦਾ ਮਾਹੌਲ ਬਣਿਆ ਹੋਇਆ ਹੈ। ਮੌਜੂਦਾ ਦੌਰ ਵਿੱਚ ਇਕ ਪਾਸੇ ਲੋਕ ਰੋਜ਼ੀ ਰੋਟੀ ਲਈ ਹੱਥ ਪੈਰ ਮਾਰ ਰਹੇ ਹਨ ਦੂਜੇ ਪਾਸੇ ਸਿਹਤ ਵਿਭਾਗ ਦੀਆਂ ਟੀਮਾਂ ਪਿੰਡਾਂ ਵਿੱਚ ਪਹੁੰਚ ਕੇ ਕੋਵਿਡ-19 ਦੇ ਮਰੀਜ਼ਾਂ ਦੀ ਭਾਲ ਕਰਨ ਲਈ ਪਹੁੰਚਦੀਆਂ ਤਾਂ ਉਹ ਖੌਫ ‘ਚ ਆ ਜਾਂਦੇ ਹਨ। ਪਿੰਡਾਂ ਦੇ ਲੋਕਾਂ ਦਾ ਸੂਬੇ ਦੇ ਸਿਹਤ ਵਿਭਾਗ ਤੋਂ ਭਰੋਸਾ ਉੱਠ ਗਿਆ ਲਗਦਾ ਹੈ। ਇਹ ਭਰੋਸਾ ਕਿਉਂ ਉਠਿਆ ਇਸ ਪਿਛੇ ਕਈ ਅਫ਼ਵਾਹਾਂ ਵੀ ਹੋ ਸਕਦੀਆਂ ਹਨ ਪਰ ਕੁਝ ਗੱਲਾਂ ਲੋਕਾਂ ਦੀਆਂ ਸੱਚ ਵੀ ਸਾਬਤ ਹੋ ਰਹੀਆਂ ਹਨ। ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾ ਕੇ ਇਸ ਦਾ ਜ਼ੋਰਦਾਰ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

ਰਿਪੋਰਟਾਂ ਮੁਤਾਬਿਕ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾ ਕੇ ਮਰੀਜ਼ ਨੂੰ ਸਿਹਤ ਵਿਭਾਗ ਦੇ ਹਵਾਲੇ ਨਾ ਕਰਨ ਦੇ ਫ਼ੈਸਲੇ ਲਏ ਹਨ। ਮੋਗਾ ਜ਼ਿਲ੍ਹੇ ਦੇ ਪਿੰਡ ਮੌੌੜ ਨੌ ਆਬਾਦ, ਪਿੰਡ ਲੰਡੇ, ਪਿੰਡ ਵਾਂਦਰ ਅਤੇ ਹੋਰ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਮਤੇ ਪਾਸ ਕੀਤੇ ਹਨ। ਪੰਚਾਇਤਾਂ ਨੇ ਮਤੇ ਪਾਸ ਕੀਤਾ ਹੈ ਕਿ ਸੋਸ਼ਲ ਮੀਡੀਆ ‘ਤੇ ਫੈਲੀ ਦਹਿਸ਼ਤ ਮਗਰੋਂ ਇਹ ਫ਼ੈਸਲਾ ਲੈਣਾ ਪਿਆ ਹੈ।

ਪੰਚਾਇਤਾਂ ਨੇ ਦੱਸਿਆ ਕਿ ਕਰੋਨਾਵਾਇਰਸ ਦੇ ਮਰੀਜ਼ਾਂ ਨੂੰ ਸਿਹਤ ਵਿਭਾਗ ਦੀ ਟੀਮ ਨੂੰ ਜਬਰੀ ਪਿੰਡ ’ਚੋਂ ਨਹੀਂ ਲਿਜਾਣ ਦਿੱਤਾ ਜਾਵੇਗਾ। ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪ੍ਰਧਾਨ ਮਨਦੀਪ ਕੌਰ, ਤਾਲਮੇਲ ਕਮੇਟੀ ਪੈਰਾਮੈਡੀਕਲ ਸੂਬਾਈ ਪ੍ਰਧਾਨ ਕੁਲਬੀਰ ਸਿੰਘ ਢਿੱਲੋਂ ਅਤੇ ਜਿਲ੍ਹਾ ਆਗੂ ਮਹਿੰਦਰ ਪਾਲ ਲੂੰਬਾ ਨੇ ਸਰਕਾਰ ਕੋਲੋਂ ਅਫ਼ਵਾਹਾਂ ਫ਼ਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਫਵਾਹਾਂ ਕਾਰਨ ਲੋਕ ਟੈਸਟ ਕਰਵਾਉਣ ਤੋਂ ਘਬਰਾਏ ਹੋਏ ਹਨ ਤੇ ਸਿਹਤ ਵਿਭਾਗ ਦੀਆਂ ਟੀਮਾਂ ਵਿਰੁੱਧ ਕਾਰਵਾਈ ਕਰ ਰਹੇ ਹਨ।

- Advertisement -

ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡਾਂ ਨੇ ਕੋਰੋਨਾਵਇਰਸ ਲਈ ਲਏ ਜਾਂਦੇ ਸੈਂਪਲਾਂ ਖ਼ਿਲਾਫ਼ ਮਤੇ ਪਾਸ ਕਰ ਕੇ ਇਸ ਦੇ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਸੇ ਤਰ੍ਹਾਂ ਸੰਗਰੂਰ ਦੇ ਪਿੰਡ ਫ਼ਤਹਿਗੜ੍ਹ ਛੰਨਾ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਕੋਲ ਟੈਸਟ ਕਰਨ ਦੀ ਲੋੜੀਂਦੀ ਪ੍ਰਣਾਲੀ ਨਹੀਂ ਹੈ ਜਿਸ ਕਾਰਨ ਨੈਗੇਟਿਵ ਲੋਕਾਂ ਦੀਆਂ ਰਿਪੋਰਟਾਂ ਪੌਜ਼ੇਟਿਵ ਆ ਰਹੀਆਂ ਹਨ। ਲੋਕਾਂ ਵਿੱਚ ਕਥਿਤ ਅੰਗ ਵਪਾਰ ਬਾਰੇ ਵੀ ਖੌਫ ਹੈ। ਇਹ ਪਿੰਡ ਇਕਾਂਤਵਾਸ ਕੇਂਦਰ ਦੀਆਂ ਮੁੱਢਲੀਆਂ ਸਹੂਲਤਾਂ ਤੋਂ ਸੱਖਣੇ ਹਨ।

ਪਿਛਲੇ ਦਿਨੀ ਅਖਬਾਰਾਂ ਵਿੱਚ ਛਪੀਆਂ ਰਿਪੋਰਟਾਂ ਅਨੁਸਾਰ ਬਠਿੰਡਾ ਵਿੱਚ ਕੋਵਿਡ-19 ਦੇ ਮਰੀਜ਼ਾਂ ਲਈ ਆਈ ਸੀ ਯੂ ਬੈਡ ਜਾਂ ਵੈਂਟੀਲੇਟਰ ਨਾ ਹੋਣ ਕਾਰਨ ਗੰਭੀਰ ਮਰੀਜ਼ਾਂ ਨੂੰ 70 ਕਿਲੋਮੀਟਰ ਦੂਰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕੀਤਾ ਗਿਆ।

ਬਠਿੰਡਾ ਇਸ ਦਾ ਗਵਾਹ ਹੈ ਕਿ ਇਥੇ ਮਰੀਜ਼ਾਂ ਦੀ ਗਿਣਤੀ 349 ਤੋਂ 1983 ਤਕ ਪਹੁੰਚ ਗਈ ਅਤੇ ਮੌਤਾਂ ਦੀ ਗਿਣਤੀ 5 ਤੋਂ 24 ਤਕ ਪੁੱਜ ਗਈ ਹੈ।

ਸਰਕਾਰੀ ਕੋਵਾ ਐੱਪ ਅਨੁਸਾਰ ਬਠਿੰਡਾ ਵਿੱਚ ਕੋਵਿਡ ਕੇਅਰ ਕੇਂਦਰ ਵਿੱਚ 500 ਬੈਡ ਹਨ ਜਿਨ੍ਹਾਂ ਵਿਚੋਂ 128 ‘ਤੇ ਮਰੀਜ਼ ਹਨ ਅਤੇ 372 ਅਜੇ ਖਾਲੀ ਹਨ। ਜਦਕਿ ਸਰਕਾਰੀ ਹਸਪਤਾਲਾਂ ਵਿੱਚ ਕੁੱਲ 135 ਆਕਸੀਜਨ ਸਮੇਤ ਅਤੇ ਬਿਨਾ ਹਨ, ਜਿਨ੍ਹਾਂ ਵਿਚੋਂ 45 ਉਪਰ ਮਰੀਜ਼ ਹਨ ਅਤੇ 90 ਖਾਲੀ ਹਨ।

- Advertisement -

ਜਦਕਿ ਜ਼ਿਲੇ ਵਿੱਚ ਕੋਵਿਡ ਮਰੀਜ਼ਾਂ ਲਈ ਕੋਈ ਵੀ ਸਰਕਾਰੀ ਹਸਪਤਾਲ ਨਹੀਂ ਜਿਥੇ ਆਈ ਸੀ ਯੂ ਬੈਡ ਜਾਂ ਵੈਂਟੀਲੇਟਰ ਦਾ ਪ੍ਰਬੰਧ ਹੋਵੇ। ਜ਼ਿਲੇ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ ਮਰੀਜ਼ਾਂ ਨੂੰ ਆਈ ਸੀ ਯੂ ਬੈਡ ਦੇਣ ਲਈ ਤਿਆਰ ਨਹੀਂ ਹੈ। ਅਪ੍ਰੈਲ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਬਠਿੰਡਾ ਯੂਨਿਟ ਵਲੋਂ ਸਿਵਿਲ ਸਰਜਨ ਵਲੋਂ 8 ਇਸੋਲੇਸ਼ਨ ਕੇਂਦਰਾਂ ਵਿੱਚ ਕੋਵਿਡ ਮਰੀਜ਼ਾਂ ਲਈ ਵੈਂਟੀਲੇਟਰ ਦਾ ਪ੍ਰਬੰਧ ਕਰਨ ਲਈ ਲਿਖਿਆ ਗਿਆ ਸੀ, ਪਰ ਕੁਝ ਨਹੀਂ ਬਣਿਆ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਬਠਿੰਡਾ ਯੂਨਿਟ ਦੇ ਪ੍ਰਧਾਨ ਵਿਕਾਸ ਛਾਬੜਾ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ 8 ਹਸਪਤਾਲਾਂ ਵਿੱਚ ਕੋਵਿਡ ਮਰੀਜ਼ਾਂ ਲਈ ਵੈਂਟੀਲੇਟਰ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਸੀ ਪਰ ਸਿਹਤ ਵਿਭਾਗ ਨੇ ਕੋਈ ਪ੍ਰਬੰਧ ਨਹੀਂ ਕੀਤਾ।

ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਹਸਪਤਾਲ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੇ ਡਾਕਟਰ ਅਤੇ ਸਟਾਫ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਕੋਵਿਡ ਦੇ ਮਰੀਜ਼ਾਂ ਦਾ ਇਲਾਜ਼ ਕਰਨ ਲਈ ਤਿਆਰ ਨਹੀਂ ਹੈ। ਇਨ੍ਹਾਂ ਦਾ ਇਲਾਜ਼ ਕਰਨ ਲਈ ਉਨ੍ਹਾਂ ਨੂੰ ਕੋਈ ਵੱਖਰਾ ਭੱਤਾ ਵੀ ਨਹੀਂ ਦਿੱਤਾ ਜਾਂਦਾ।

ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੋਈ ਗੰਭੀਰ ਮਰੀਜ਼ ਨਹੀਂ ਆਇਆ, ਬਠਿੰਡਾ ਵਿੱਚ ਵੱਧ ਰਹੇ ਮਰੀਜ਼ਾਂ ਦੀ ਗਿਣਤੀ ਨੂੰ ਦੇਖਦਿਆਂ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ। ਹਾਲ ਦੀ ਘੜੀ ਗੰਭੀਰ ਮਰੀਜ਼ਾਂ ਨੂੰ ਫਰੀਦਕੋਟ ਰੈਫਰ ਕੀਤਾ ਜਾ ਰਿਹਾ ਹੈ।

ਇਸੇ ਤਰ੍ਹਾਂ ਸੂਬੇ ਦੇ ਬਾਕੀ ਜ਼ਿਲਿਆਂ ਵਿੱਚ ਵੀ ਤਸਵੀਰ ਅਜਿਹੀ ਹੀ ਸਾਹਮਣੇ ਆ ਰਹੀ ਹੈ। ਲੋਕਾਂ ਅੰਦਰ ਸਿਹਤ ਵਿਭਾਗ ਪ੍ਰਤੀ ਬਣ ਰਹੀ ਬੇਭਰੋਸਗੀ ਨੂੰ ਧਿਆਨ ਵਿੱਚ ਰੱਖਦਿਆਂ ਲੋਕਾਂ ਦਾ ਭਰੋਸਾ ਜਿੱਤਣ ਲਈ ਪੰਜਾਬ ਸਰਕਾਰ ਨੂੰ ਇਸ ਮੁਸ਼ਕਲ ਦੀ ਘੜੀ ਵਿੱਚ ਲੋੜੀਦੇ ਪ੍ਰਬੰਧ ਕਰਨੇ ਚਾਹੀਦੇ ਹਨ।

Share this Article
Leave a comment