ਅਸਤੀਫੇ ਤੋਂ ਬਾਅਦ ਸਿੱਧੂ ਖਿਲਾਫ ਫਿਰ ਲੱਗੇ ਪੋਸਟਰ, ਫੜ ਕੇ ਲਿਆਉਣ ਵਾਲੇ ਨੂੰ ਪਾਕਿਸਤਾਨ ਯਾਤਰਾ ਕਰਾਉਣ ਦਾ ਦਿੱਤਾ ਲਾਲਚ

TeamGlobalPunjab
3 Min Read

ਬਠਿੰਡਾ : ਕਹਿੰਦੇ ਨੇ ਜਦੋਂ ਇਨਸਾਨ ਦਾ ਮਾੜਾ ਵਕਤ ਹੁੰਦਾ ਹੈ ਉਦੋਂ ਕੁੱਤੇ ਤਾਂ ਭੌਂਕਦੇ ਹੀ ਨੇ ਤੇ ਬਿੱਲੀਆਂ ਵੀ ਭੌਂਕਣ ਲੱਗ ਪੈਂਦੀਆਂ ਹਨ। ਇੱਥੇ ਇਹ ਕਹਾਵਤ ਇਸ ਲਈ ਵਰਤੀ ਗਈ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਕੈਬਨਿਟ ਮੰਤਰੀ ਵਜੋਂ ਅਸਤੀਫਾ ਦਿੱਤੇ ਜਾਣ ਉਪਰੰਤ ਉਨ੍ਹਾਂ ਵਿਰੁੱਧ ਇਸ ਸ਼ਹਿਰ ਅੰਦਰ ਕੁਝ ਪੋਸਟਰ ਲਾ ਦਿੱਤੇ ਗਏ ਹਨ। ਇੱਥੋਂ ਦੇ ਇੱਕ ਐਮਸੀ ਦੇ ਹਵਾਲੇ ਨਾਲ ਲਾਏ ਗਏ ਇਨ੍ਹਾਂ ਪੋਸਟਰਾਂ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਫੜ ਕੇ ਲਿਆਉਣ ਵਾਲੇ ਨੂੰ 2100 ਰੁਪਏ ਇਨਾਮ ਦੇਣ ਦੀ ਗੱਲ ਆਖੀ ਗਈ ਹੈ। ਬੇਹੱਦ ਨਾਲਾਇਕ ਬੱਚੇ ਦੀ ਲਿਖਤ ਵਾਲੇ ਅੰਦਾਜ ਵਿੱਚ ਲਿਖੇ ਗਏ ਇਨ੍ਹਾਂ ਪੋਸਟਰਾਂ ਅੰਦਰ ਸਿੱਧੂ ਦਾ ਕੱਦ ਅਤੇ ਹੁਲੀਆ ਬਿਆਨ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਅਜੇ ਵੀ ਬਿਜਲੀ ਮੰਤਰੀ ਗਰਦਾਨਿਆ ਗਿਆ ਹੈ। ਜਿਨ੍ਹਾਂ ਪੋਸਟਰਾਂ ਨੂੰ ਦੇਖਣ ਸਾਰ ਇਹ ਚੁਗਲੀਆਂ ਸ਼ੁਰੂ ਹੋ ਗਈਆਂ ਹਨ ਕਿ ਜਿੰਨੇ ‘ਚ ਇਹ ਬੰਦੇ ਨੇ ਸਿੱਧੂ ਨੂੰ ਲੱਭ ਕੇ ਲਿਆਉਣ ਦੀ ਗੱਲ ਆਖੀ ਹੈ ਉੰਨੇ ‘ਚ ਤਾਂ ਸਿੱਧੂ ਦੀ ਫੋਟੋ ਵੀ ਨਹੀਂ ਆਉਂਦੀ।

ਨਵਜੋਤ ਸਿੰਘ ਸਿੱਧੂ ਦੀ ਫੋਟੋ ਲਾ ਕੇ ਛਪਵਾਏ ਗਏ ਇਨ੍ਹਾਂ ਪੋਸਟਰਾਂ ਵਿੱਚ ਸਿੱਧੂ ਨੂੰ ਗੁੰਮਸ਼ੁਦਾ ਦੱਸਦਿਆਂ 2100 ਰੁਪਏ ਦਾ ਇਨਾਮ ਦੇਣ ਦੇ ਨਾਲ ਨਾਲ ਪਾਕਿਸਤਾਨ ਦੀ ਫਰੀ ਯਾਤਰਾ ਕਰਵਾਏ ਜਾਣ ਦਾ ਵੀ ਲਾਲਚ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਪੋਸਟਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਿੱਧੂ ਮੁੱਖ ਮੰਤਰੀ ਨਾ ਬਣਾਏ ਜਾਣ ਕਾਰਨ ਰੁੱਸ ਗਏ ਹਨ ਤੇ ਉਨ੍ਹਾਂ ਨੂੰ ਗੁਆਚਿਆਂ ਡੇਢ ਮਹੀਨੇ ਤੋਂ ਵੱਧ ਸਮਾਂ ਬੀਤ ਗਿਆ ਹੈ। ਪੋਸਟਰ ਲਾਉਣ ਵਾਲੇ ਨੇ ਇਸ ਵਿੱਚ ਸਿੱਧੂ ਦੇ ਠੋਕੋ ਤਾਲੀ ਵਾਲੇ ਜੁਮਲੇ ਨੂੰ ਵੀ ਨਿਸ਼ਾਨੀ ਵਜੋਂ ਪੇਸ਼ ਕਰਦਿਆਂ ਕਿਹਾ ਹੈ ਕਿ ਇਹ ਸਖ਼ਸ਼ ਠੋਕੋ ਤਾਲੀ ਕਹਿਣ ਦਾ ਵੀ ਆਦੀ ਹੈ ਤੇ ਆਖਰੀ ਵਾਰ ਇਸ ਨੂੰ ਦਿੱਲੀ ਦੇ ਆਸ ਪਾਸ ਦੇਖਿਆ ਗਿਆ ਸੀ।

ਜਿਸ ਐਮਸੀ ਦੇ ਹਵਾਲੇ ਨਾਲ ਇਹ ਪੋਸਟਰ ਲਾਏ ਗਏ ਹਨ ਉਸ ਵਿੱਚ ਉਸ ਦਾ ਨਾਮ ਅਤੇ ਫੋਨ ਨੰਬਰ ਲਿਖ ਕੇ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਸ ਕਿਸੇ ਨੂੰ ਵੀ ਸਿੱਧੂ ਲੱਭੇ ਉਹ ਉਨ੍ਹਾਂ ਨੂੰ ਬਠਿੰਡਾ ਦੇ ਪਰਸ ਰਾਮ ਨਗਰ ਚੌਂਕ ਵਿੱਚ ਪਹੁੰਚਾ ਦੇਣ। ਭਾਵੇਂ ਕਿ ਸਿੱਧੂ ਖਿਲਾਫ ਲਾਏ ਗਏ ਇਨ੍ਹਾਂ ਪੋਸਟਰਾਂ ਸਬੰਧੀ ਅਜੇ ਤੱਕ ਨਵਜੋਤ ਸਿੰਘ ਸਿੱਧੂ ਦੀ ਕੋਈ ਪ੍ਰਤੀਕਿਰਿਆ ਤਾਂ ਨਹੀਂ ਆਈ, ਪਰ ਇਹ ਚਰਚਾ ਜਰੂਰ ਛਿੜ ਗਈ ਹੈ ਕਿ ਇਨ੍ਹਾਂ ਪੋਸਟਰਾਂ ਨਾਲ ਸਿੱਧੂ ਨੂੰ ਕੋਈ ਫਰਕ ਪਵੇ ਭਾਵੇਂ ਨਾ, ਪਰ ਪੋਸਟਰ ਲਾਉਣ ਵਾਲੇ ਨੇ ਸਸਤੀ ਸ਼ਹੁਰਤ ਹਾਸਲ ਕਰਨ ਦੀ ਕੋਸ਼ਿਸ਼ ਜਰੂਰ ਕਰ ਲਈ ਹੈ।

- Advertisement -

Share this Article
Leave a comment