ਚੰਡੀਗੜ੍ਹ : ਸਿਆਸੀ ਬਿਆਨੀਆਂ ਅਤੇ ਸੱਤਾਧਾਰੀ ਕਾਂਗਰਸ ਵਿਰੁੱਧ ਪ੍ਰਦਰਸ਼ਨਾਂ ਦਰਮਿਆਨ ਵਿਧਾਨ ਸਭਾ ਦਾ ਇਜਲਾਸ ਚੱਲ ਰਿਹਾ ਹੈ। ਇਸ ਦੇ ਚਲਦਿਆਂ ਅੱਜ ਜਿੱਥੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਦੱਬ ਕੇ ਪ੍ਰਦਰਸ਼ਨ ਕੀਤੇ ਉੱਥੇ ਹੀ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਬੈਂਸ ਦੇ ਵੀ ਬੋਲ ਕਾਫੀ ਤਿੱਖੇ ਰਹੇ ਹਨ। ਬਲਵਿੰਦਰ ਬੈਂਸ ਨੇ ਜਿੱਥੇ ਡੀਜੀਪੀ ਦਿਨਕਰ ਗੁਪਤਾ ਨੂੰ ਲੈ ਕੇ ਹੈਰਾਨੀਜਨਕ ਖੁਲਾਸੇ ਕੀਤੇ ਉੱਥੇ ਹੀ ਬੀਤੇ ਦਿਨੀਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਅੱਤਵਾਦੀਆਂ ਨਾਲ ਮਿਲੇ ਹੋਣ ਦਾ ਦੋਸ਼ ਲਾਉਣ ਵਾਲੇ ਡੀਐਸਪੀ ਬਲਵਿੰਦਰ ਸਿੰਘ ਸੇਖੋਂ ‘ਤੇ ਵੀ ਪਰਚਾ ਦਰਜ ਕਰਨ ਦੀ ਮੰਗ ਕੀਤੀ।
ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਇਹ ਹਨ ਕਿ ਇਹ ਮੁੱਦਿਆਂ ਦਾ ਘਰ ਬਣ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਪੰਜਾਬ ਦੀ ਗਲੀ ਗਲੀ ‘ਚ ਨਸ਼ਾ ਵਿਕ ਰਿਹਾ ਹੈ। ਬੈਂਸ ਨੇ ਕਿਹਾ ਕਿ ਇਹ ਮੁੱਦੇ ਚੱਲ ਹੀ ਰਹੇ ਸਨ ਤਾਂ ਇਨ੍ਹਾਂ ਤੋਂ ਧਿਆਨ ਹਟਾਂਉਣ ਲਈ ਡੀਜੀਪੀ ਦਿਨਕਰ ਗੁਪਤਾ ਨੇ ਕਰਤਾਰਪੁਰ ਸਾਹਿਬ ਲਈ ਬੇਹੁਦਾ ਬਿਆਨ ਦੇ ਦਿੱਤਾ। ਬਲਵਿੰਦਰ ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇਹ ਸਵਾਲ ਕੀਤਾ ਸੀ ਕਿ ਉਹ ਵੀ ਕਰਤਾਰਪੁਰ ਸਾਹਿਬ ਗਏ ਸਨ ਤਾਂ ਕੀ ਉਹ ਉੱਥੇ ਜਾ ਕੇ ਅੱਤਵਾਦੀ ਸਿਖਲਾਈ ਲੈ ਆਏ ਹਨ? ਉਨ੍ਹਾਂ ਕਿਹਾ ਕਿ ਇਸ ਪਿੱਛੇ ਮੁੱਖ ਮੰਤਰੀ ਦੀ ਮਜਬੂਰੀ ਹੈ ਕਿਉਂਕਿ ਇਹ ਡੀਜੀਪੀ ਅਰੂਸਾ ਆਲਮ ਵੱਲੋਂ ਲਗਾਇਆ ਗਿਆ ਹੈ।