ਸੰਗਰੂਰ : ਚੋਣਾਂ ਦਾ ਮੌਸਮ ਹੈ। ਇਸ ਮੌਸਮ ‘ਚ ਜਿੱਥੇ ਪਾਰਟੀਆਂ ਲੋਕਾਂ ਤੋਂ ਵੋਟਾਂ ਵਟੋਰਨ ਲਈ ਬਣਦਾ ਹਰ ਉਪਰਾਲਾ ਕਰ ਰਹੀਆਂ ਹਨ ਉੱਥੇ ਦੂਜੇ ਪਾਸੇ ਆਪਣੇ ਵਿਰੋਧੀਆਂ ਦੀਆਂ ਜੜ੍ਹਾਂ ਵੀ ਪੁੱਟਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸੇ ਮਾਹੌਲ ਦੇ ਚਲਦਿਆਂ ‘ਆਪ’ ਵਾਲੇ ਆਪਣੇ ਵਿਰੋਧੀਆਂ ‘ਤੇ ਤੰਜ਼ ਕਸਣ ‘ਚ ਕਿਸੇ ਤੋਂ ਪਿੱਛੇ ਨਹੀਂ ਰਹਿ ਰਹੇ। ਵਿਰੋਧੀਆਂ ਦੀਆਂ ਜੜ੍ਹਾਂ ਪੁੱਟਣ ਦੇ ਇਸ ਮੌਸਮ ‘ਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਅਕਾਲੀ ਦਲ ਨੂੰ ਲੰਮੇ ਹੱਥੀਂ ਲਿਆ ਹੈ। ਸੰਗਰੂਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਹਰ ਦਿਨ ਕਹਿੰਦੇ ਰਹਿੰਦੇ ਨੇ ਕਿ ਉਨ੍ਹਾਂ ਨੇ ਇੱਕ ਡਾਇਰੀ ਲਗਾਈ ਹੋਈ ਹੈ। ਜਿਸ ‘ਚ ਉਹ ਉਨ੍ਹਾਂ ਪੁਲਿਸ ਮੁਲਾਜ਼ਮਾਂ ਦਾ ਨਾਮ ਦਰਜ਼ ਕਰ ਰਹੇ ਨੇ ਜਿਹੜੇ ਅਕਾਲੀ ਵਰਕਰਾਂ ਅਤੇ ਅਕਾਲੀ ਸਮਰਥਕਾਂ ਨਾਲ ਧੱਕਾ ਕਰ ਰਹੇ ਨੇ। ਮਾਨ ਨੇ ਸਲਾਹ ਦਿੱਤੀ ਕਿ ਇਸ ਦੇ ਉਲਟ ਚਾਹੀਦਾ ਇਹ ਹੈ ਕਿ ਛੋਟੇ ਬਾਦਲ ਨੂੰ ਡਾਇਰੀ ‘ਚ ਅਕਾਲੀਆਂ ਨਾਲ ਧੱਕਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦਾ ਨਾਮ ਦਰਜ਼ ਕਰਨ ਦੀ ਬਜਾਏ ਉਨ੍ਹਾਂ ਅਕਾਲੀ ਲੀਡਰਾਂ ਅਤੇ ਵਰਕਰਾਂ ਦੇ ਨਾਮ ਦਰਜ਼ ਕਰਨਾ ਚਾਹੀਦਾ ਹੈ ਜਿਹੜੇ 10 ਨੰਬਰੀਏ ਅਤੇ ਨਸ਼ਾ ਸਮੱਗਲਰ ਹਨ।
ਉਨ੍ਹਾਂ ਦੋਸ਼ ਲਾਇਆ ਹੈ ਕਿ ਅੱਜ ਅਕਾਲੀ ਪਾਰਟੀ ਕੁਰਬਾਨੀਆਂ ਦੇਣ ਵਾਲਿਆਂ ਦੀ ਪਾਰਟੀ ਨਾ ਹੁੰਦੇ ਹੋਏ ਗੁੰਡਾਗਰਦੀ ਕਰਨ ਵਾਲਿਆਂ ਦੀ ਪਾਰਟੀ ਬਣ ਚੁੱਕੀ ਹੈ। ਮਾਨ ਅਨੁਸਾਰ ਅਕਾਲੀ ਦਲ ਦਾ ਅਪਰਾਧੀਕਰਨ ਹੋ ਚੁੱਕਾ ਹੈ। ਇਸ ਸਬੰਧੀ ਉਨ੍ਹਾਂ ਨੇ ਵਿਰਸ਼ਾ ਸਿੰਘ ਵਲਟੋਹਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਸਬੰਧੀ ਉਹ ਤਾਂ ਆਪ ਹੀ ਵਿਧਾਨ ਸਭਾ ‘ਚ ਮੰਨ ਚੁੱਕੇ ਹਨ ਕਿ ਉਹ ਅੱਤਵਾਦੀ ਸਨ, ਅੱਤਵਾਦੀ ਹਨ ਅਤੇ ਅੱਤਵਾਦੀ ਰਹਿਣਗੇ। ਮਾਨ ਨੇ ਕਿਹਾ ਕਿ ਵਲਟੋਹਾ ਨੂੰ ਤਾਂ 36 ਸਾਲ ਪੁਰਾਣੇ ਡਾ. ਸੁਦਰਸ਼ਣ ਹੱਤਿਆ ਮਾਮਲੇ ‘ਚ ਅਦਾਲਤ ਨੇ ਤਲਬ ਵੀ ਕਰ ਲਿਆ ਹੈ। ਇਸ ਸਬੰਧੀ ਉਨ੍ਹਾਂ ਨੇ ਨਿਸ਼ਾਨ ਸਿੰਘ ਦਾ ਵੀ ਹਵਾਲਾ ਦਿੱਤਾ ਕਿਹਾ ਕਿ ਉਸ ਨੇ ਅੰਮ੍ਰਿਤਸਰ ਵਿਖੇ ਏ ਐਸ ਆਈ ‘ਤੇ ਹਮਲਾ ਕੀਤਾ ਸੀ। ਉਹ ਅਕਾਲੀਆਂ ਦਾ ਹੀ ਸਬੰਧਤ ਵਿਅਕਤੀ ਸੀ। ਜਿਸ ਤੋਂ ਸਾਫ ਸਾਬਤ ਹੁੰਦਾ ਹੈ ਕਿ ਅਕਾਲੀ ਦਲ ਗੁੰਡਾਗਰਦੀ ਕਰਨ ਵਾਲਿਆਂ ਦੀ ਪਾਰਟੀ ਹੈ।