ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮ ਤੋਂ ਬਾਅਦ ਪ੍ਰਸਿੱਧ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਭਾਈ ਰਣਜੀਤ ਸਿੰਘ ਨੇ ਪਹਿਲੀ ਵਾਰ ਗਲੋਬਲ ਪੰਜਾਬ ਟੀਵੀ ‘ਤੇ ਆਪਣੀ ਵਧੀ ਸੁਰੱਖਿਆ ਬਾਰੇ ਖੁਲਾਸੇ ਕੀਤੇ ਹਨ। ਗਲੋਬਲ ਪੰਜਾਬ ਟੀਵੀ ਨਾਲ ਕੀਤੀ ਖਾਸ ਗੱਲਬਾਤ ਦੌਰਾਨ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਰੀਬ 3 ਸਾਲ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ। ਇਨ੍ਹਾਂ ਹੀ ਨਹੀਂ ਕਈ ਥਾਈਂ ਉਨ੍ਹਾਂ ਦੇ ਦੀਵਾਨ ਤੱਕ ਰੱਦ ਕਰਵਾ ਦਿੱਤੇ ਗਏ, ਜਿਸ ਤੋਂ ਬਾਅਦ ਉਨ੍ਹਾਂ ਦੇ ਵਕੀਲ ਵੱਲੋਂ ਹਾਈਕੋਰਟ ਵਿੱਚ ਅਰਜ਼ੀ ਪਾ ਕੇ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਗਈ ਸੀ।
ਇਸ ਤੋਂ ਬਾਅਦ ਹਾਈਕੋਰਟ ਵੱਲੋਂ ਭਾਈ ਰਣਜੀਤ ਸਿੰਘ ਦੀ ਸੁਰੱਖਿਆ ਲਈ 27 ਮੁਲਾਜ਼ਮ ਵਧਾਉਣ ਦੇ ਹੁਕਮ ਸੁਣਾਏ ਗਏ ਨੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਗਾਰਡ ਕਰਨ ਲਈ ਇੱਕ ਐਸਕੋਰਟ ਗੱਡੀ ਦੇਣ ਦਾ ਫੈਸਲਾ ਵੀ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਤੋਂ ਕਰੀਬ 3 ਸਾਲ ਪਹਿਲਾਂ ਲੁਧਿਆਣਾ ਦੇ ਪਿੰਡ ਈਸੇਵਾਲ ‘ਚ ਦੀਵਾਨ ਲਾਉਣ ਜਾ ਰਹੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਜਾਨ ਲੇਵਾ ਹਮਲਾ ਹੋਇਆ ਸੀ। ਜਿਸ ਵਿੱਚ ਉਨ੍ਹਾਂ ਦੇ ਸਮਰਥਕ ਭਾਈ ਭੁਪਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਸੀ। ਇਸ ਤੋਂ ਬਾਅਦ ਲਗਾਤਾਰ ਭਾਈ ਰਣਜੀਤ ਸਿੰਘ ਅਤੇ ਦਮਦਮੀ ਟਕਸਾਲ ਵਿਚਾਲੇ ਵਾਦ-ਵਿਵਾਦ ਚਲਦਾ ਆ ਰਿਹਾ ਹੈ।