ਆਰਥਿਕ ਮਜਬੂਰੀਆਂ ਕਾਰਨ ਸਮੇਂ ਸਿਰ ਲਾਭ ਨਹੀਂ ਲੈ ਸਕੇ ਕਿਸਾਨਾਂ ਦੇ ਹੱਕ ‘ਚ ‘ਆਪ‘
ਚੰਡੀਗੜ੍ਹ, 22 ਜਨਵਰੀ 2020
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨਾਂ ਲਈ ਜਾਰੀ ਡਿਮਾਂਡ ਨੋਟਿਸਾਂ ਦੀ ਇੱਕ ਵਾਰ ਹੋਰ ਮਿਆਦ ਵਧਾਉਣ ਦੀ ਮੰਗ ਕੀਤੀ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਚੀਮਾ ਨੇ ਕਿਹਾ ਕਿ ਬਹੁਤ ਸਾਰੇ ਕਿਸਾਨ ਡਿਮਾਂਡ ਨੋਟਿਸ ਜਾਰੀ ਹੋਣ ਦੇ ਬਾਵਜੂਦ ਟਿਊਬਵੈੱਲ ਕੁਨੈਕਸ਼ਨ ਦਾ ਲਾਭ ਨਹੀਂ ਲੈ ਸਕੇ, ਕਿਉਂਕਿ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਖੇਤੀ ਵਿਰੋਧੀ ਨੀਤੀਆਂ ਅਤੇ ਖੇਤੀਬਾੜੀ ਦਾ ਧੰਦਾ ਘਾਟੇ ਦਾ ਸੌਦਾ ਹੋਣ ਕਰਕੇ ਕਿਸਾਨਾਂ ਦੀ ਆਰਥਿਕ ਤੰਗੀ ਇਸ ਦਾ ਮੁੱਖ ਕਾਰਨ ਹੈ। ਚੀਮਾ ਨੇ ਕਿਹਾ ਕਿ ਸਰਕਾਰਾਂ ਸੂਬੇ ਦੇ ਕਿਸਾਨ ਦੀ ਪਤਲੀ ਮਾਲੀ ਹਾਲਤ ਦਾ ਅੰਦਾਜ਼ਾ ਨਹੀਂ ਲਗਾ ਰਹੀਆਂ। ਜੇਕਰ ਸਰਕਾਰ ਕਿਸਾਨਾਂ ਪ੍ਰਤੀ ਸੰਵੇਦਨ ਹੁੰਦੀ ਤਾਂ ਡਿਮਾਂਡ ਨੋਟਿਸਾਂ ਨੂੰ ਸਮਾਂ-ਸੀਮਾ ਸ਼ਰਤਾਂ ‘ਚ ਨਾ ਰੱਖਦੀ।
ਚੀਮਾ ਨੇ ਕਿਹਾ ਕਿ ਕਿਸਾਨਾਂ ਦੀ ਜ਼ਰੂਰਤ ਅਤੇ ਆਰਥਿਕ ਤੰਗੀ ਕਾਰਨ ਪੈਦਾ ਹੋਈਆਂ ਮਜਬੂਰੀਆਂ ਨੂੰ ਧਿਆਨ ‘ਚ ਰੱਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਜਾਰੀ ਹੋਏ ਡਿਮਾਂਡ ਨੋਟਿਸਾਂ ਦੀ ਸਮਾਂ-ਸੀਮਾ ‘ਚ ਹੋਰ ਵਾਧਾ ਕਰੇ ਤਾਂ ਕਿ ਛੋਟੇ, ਗ਼ਰੀਬ ਅਤੇ ਲੋੜਵੰਦ ਕਿਸਾਨਾਂ ਨੂੰ ਵੀ ਟਿਊਬਵੈੱਲ ਕੁਨੈਕਸ਼ਨਾਂ ਦਾ ਲਾਭ ਮਿਲ ਸਕੇ।
ਚੀਮਾ ਨੇ ਕਿਹਾ ਕਿ ਉਹ ਇਹ ਮੁੱਦਾ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਣੀਆਂ ਦੇ ਮੁੱਦੇ ‘ਤੇ ਚੰਡੀਗੜ੍ਹ ‘ਚ ਬੁਲਾਈ ਬੈਠਕ ‘ਚ ਵੀ ਕਿਸਾਨਾਂ ਦਾ ਇਹ ਮਸਲਾ ਉਠਾਉਣਗੇ, ਕਿਉਂਕਿ ਬਤੌਰ ਵਿਧਾਇਕ ਉਨ੍ਹਾਂ (ਚੀਮਾ) ਸਮੇਤ ਆਮ ਆਦਮੀ ਪਾਰਟੀ ਦੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਬਠਿੰਡਾ (ਦਿਹਾਤੀ) ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ, ਸੁਨਾਮ ਤੋਂ ਵਿਧਾਇਕ ਅਮਨ ਅਰੋੜਾ, ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ, ਜਗਰਾਓ ਤੋਂ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ, ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਅਤੇ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਰਾਹੀਂ ਉਨ੍ਹਾਂ ਕੋਲ ਪਹਿਲਾਂ ਜਾਰੀ ਹੋਏ ਡਿਮਾਂਡ ਨੋਟਿਸ ਦਾ ਲਾਭ ਲੈਣ ਤੋਂ ਖੁੰਝੇ ਜ਼ਰੂਰਤਮੰਦ ਕਿਸਾਨਾਂ ਦੀ ਲਗਾਤਾਰ ਮੰਗ ਆ ਰਹੀ ਹੈ, ਕਿ ਇਹ ਮਸਲਾ ਸਰਕਾਰ ਦੇ ਧਿਆਨ ‘ਚ ਲਿਆ ਕੇ ਕਿਸਾਨਾਂ ਨੂੰ ਰਾਹਤ ਦਿਵਾਈ ਜਾਵੇ।