ਬਠਿੰਡਾ : ਪੰਜਾਬ ਦੇ ਨਾਮੀ ਅਤੇ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਦਾ ਨਾਮ ਤਾਂ ਸਾਰਿਆਂ ਨੇ ਹੀ ਸੁਣਿਆ ਹੋਵੇਗਾ ਤੇ ਇਹ ਨਾਮ ਅੱਜ ਕੱਲ੍ਹ ਪੰਜਾਬ ਦੇ ਲੋਕਾਂ ਵਿੱਚ ਕਾਫੀ ਜਾਣਿਆ ਪਹਿਚਾਣਿਆਂ ਵੀ ਹੈ। ਸ਼ਾਇਦ ਇਹੋ ਕਾਰਨ ਹੈ ਕਿ ਜਦੋਂ ਕਦੇ ਵੀ ਸਿਧਾਣਾ ਨਾਮ ਸੁਣਾਈ ਦਿੰਦਾ ਹੈ ਤਾਂ ਅੱਖਾਂ ਸਾਹਮਣੇ ਲੱਖਾ ਸਿਧਾਣਾ ਦੀ ਤਸਵੀਰ ਘੁਮ ਜਾਂਦੀ ਹੈ। ਪਰ ਹੁਣ ਲੱਖਾ ਸਿਧਾਣਾ ਬਾਰੇ ਤਾਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਸਮਾਜ ਦੀ ਮੁੱਖ ਧਾਰਾ ਵਿੱਚ ਪਰਤ ਆਇਆ ਹੈ, ਪਰ ਇਸੇ ਕੜੀ ਵਿੱਚ ਸੂਬੇ ਅੰਦਰ ਇੱਕ ਹੋਰ ਸਿਧਾਣਾ ਦਾ ਨਾਮ ਉੱਭਰ ਕੇ ਸਾਹਮਣੇ ਆਇਆ ਹੈ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਨਾਮ ਵੀ ਇੱਕ ਗੈਂਗਸਟਰ ਦਾ ਹੈ। ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਵੱਡੀ ਕਾਮਯਾਬੀ ਹਾਸਲ ਹੋਈ ਦੱਸਿਆ ਜਾ ਰਿਹਾ ਹੈ। ਪੁਲਿਸ ਅਨੁਸਾਰ ਗੁਰਲਾਲ ਸਿੰਘ ਉਰਫ਼ ਲਾਲੀ ਸਿਧਾਣਾ ਨਾਮ ਦੇ ਇਸ ਗੈਂਗਸਟਰ ਦੀ ਪੁਲਿਸ ਨੂੰ ਪਿਛਲੇ ਢਾਈ ਸਾਲਾਂ ਤੋਂ ਭਾਲ ਸੀ ਜੋ ਕਿ ਪਿਛਲੇ ਢਾਈ ਸਾਲਾਂ ਤੋਂ ਹੀ ਭਗੌੜਾ ਸੀ, ਜਿਸ ਨੂੰ ਆਖਰਕਾਰ ਬਠਿੰਡਾ ਪੁਲਿਸ ਨੇ ਕਾਬੂ ਕਰ ਹੀ ਲਿਆ। ਪੁਲਿਸ ਨੇ ਇਸ ਭਗੋੜੇ ਗੈਂਗਸਟਰ ਤੋਂ ਭਾਰੀ ਮਾਤਰਾ ‘ਚ ਹਥਿਆਰ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਗੁਰਲਾਲ ਬੀ ਕੈਟਾਗਿਰੀ ਦਾ ਗੈਂਗਸਟਰ ਹੈ। ਜਿਸ ਕੋਲੋਂ ਇੱਕ 9 ਐਮ ਐਮ ਦਾ ਰਿਵਾਲਵਰ, ਉਸ ਦੇ ਜਿੰਦਾ ਕਾਰਤੂਸ, ਇੱਕ 32 ਬੋਰ ਦਾ ਰਿਵਾਲਵਰ ਤੇ ਉਸ ਦੇ ਜਿੰਦਾ ਕਾਰਤੂਸ, ਇੱਕ 12 ਬੋਰ , ਅਤੇ 355 ਬੋਰ ਦੇ ਰਿਵਾਲਵਰ ਤੋਂ ਇਲਾਵਾ ਹੋਰ ਬਹੁਤ ਸਾਰਾ ਅਜਿਹਾ ਸਮਾਨ ਬਰਾਮਦ ਹੋਇਆ ਹੈ ਜਿਸ ਨੂੰ ਪੁਲਿਸ ਆਪਣੀ ਵੱਡੀ ਪ੍ਰਾਪਤੀ ਦੱਸ ਰਹੀ ਹੈ। ਐਸਐਸਪੀ ਅਨੁਸਾਰ ਲਾਲੀ ‘ਤੇ ਕੁੱਲ 7 ਪਰਚੇ ਦਰਜ ਹਨ ਤੇ ਇਸ ਦੀ ਉਮਰ 41 ਸਾਲ ਹੈ। ਜਿਲ੍ਹਾ ਪੁਲਿਸ ਮੁਖੀ ਨਾਨਕ ਸਿੰਘ ਨੇ ਦੱਸਿਆ ਕਿ ਲਾਲੀ ਸਿਧਾਣਾ ਨੂੰ ਧੂੜਕੋਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜਿੱਥੇ ਉਸ ਦੇ ਸਹੁਰੇ ਹਨ।