[alg_back_button]
ਤਰਨਤਾਰਨ : ਇੱਥੋਂ ਦੇ ਪੱਟੀ ਥਾਣੇ ਵਿੱਚ ਇੱਕ ਅਜਿਹਾ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਨੇ ਉਨ੍ਹਾਂ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ ਜਿਹੜੇ ਅਕਸਰ ਇਹ ਕਹਿ ਕੇ ਸਿਸਟਮ ਨੂੰ ਕੋਸਦੇ ਦਿਖਾਈ ਦਿੰਦੇ ਹਨ ਕਿ ਕਨੂੰਨ ਤਾਂ ਮਾੜਿਆਂ ਲਈ ਹੈ ਤਕੜੇ ਅਤੇ ਰਸੂਖਦਾਰ ਲੋਕਾਂ ਨੂੰ ਕਨੂੰਨ ਕੁਝ ਨਹੀਂ ਕਹਿੰਦਾ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੱਟੀ ਪੁਲਿਸ ਵੱਲੋਂ ਦਰਜ ਕੀਤੀ ਗਈ ਉਸ ਐਫਆਈਆਰ ਦੀ ਜਿਸ ਵਿੱਚ ਉੱਥੋਂ ਦੀ ਇੱਕ ਪੀਸੀਐਸ ਅਧਿਕਾਰੀ ‘ਤੇ ਐਸਡੀਐਮ ਅਨੂਪ੍ਰੀਤ ਕੌਰ ਸਣੇ 6 ਹੋਰ ਵਿਅਕਤੀਆਂ ਖਿਲਾਫ ਇਹ ਦੋਸ਼ ਲਾਏ ਗਏ ਹਨ ਕਿ ਉਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਅੰਮ੍ਰਿਤਸਰ ਬਠਿੰਡਾ ਰਾਸਟਰੀ ਰਾਜ ਮਾਰਗ ਦੀ ਉਸਾਰੀ ਮੌਕੇ ਜਿਹੜੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਹਨ ਉਨ੍ਹਾਂ ਵਿੱਚੋਂ ਇੱਕ ਕਰੋੜ 63 ਲੱਖ, 67 ਹਜ਼ਾਰ 975 ਰੁਪਏ ਦਾ ਗਬਨ ਕਰ ਲਿਆ ਹੈ। ਪੁਲਿਸ ਨੇ ਇਸ ਸਬੰਧ ਵਿੱਚ ਗਬਨ ਧੋਖਾਧੜ੍ਹੀ ਤੇ ਕਈ ਹੋਰ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਮਾਮਲੇ ਦੀ ਜਾਂਚ ਤਾਂ ਸ਼ੁਰੂ ਕਰ ਦਿੱਤੀ ਹੈ ਪਰ ਮੁਲਜ਼ਮ ਅਜੇ ਫਰਾਰ ਦੱਸੇ ਜਾਂਦੇ ਹਨ।
ਮਿਲੀ ਜਾਣਕਾਰੀ ਅਨੁਸਾਰ ਇਸ ਸਬੰਧ ਵਿੱਚ ਪੁਲਿਸ ਨੂੰ ਅਨੂਪ੍ਰੀਤ ਕੌਰ ਅਤੇ ਪੰਜ ਹੋਰਾਂ ਵਿਰੁੱਧ ਗਬਨ ਦੇ ਦੋਸ਼ ਲਾ ਕੇ ਸ਼ਿਕਾਇਤ ਦਿੱਤੀ ਸੀ। ਜਿਸ ‘ਤੇ ਐਸਐਸਪੀ ਧਰੁਵ ਦਹੀਆ ਦੇ ਹੁਕਮਾਂ ਤੋਂ ਬਾਅਦ ਥਾਣਾ ਸਿਟੀ ਪੱਟੀ ਵਿਖੇ ਬੀਤੀ ਕੱਲ੍ਹ ਧਾਰਾ 419, 420, 409, 120 ਬੀ ਤਹਿਤ 6 ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ।
[alg_back_button]