ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ‘ਚ 5-6 ਮਹੀਨੇ ਬਾਕੀ ਹਨ। ਇਸ ਦੌਰਾਨ ਸਿਆਸੀ ਧਿਰਾਂ ਨੇ ਚੋਣ ਮੈਦਾਨ ਭਖਾਇਆ ਹੋਇਆ ਹੈ। ਆਮ ਆਦਮੀ ਪਾਰਟੀ ‘ਚ ਮੁੱਖ ਮੰਤਰੀ ਉਮੀਦਵਾਰ ਨੂੰ ਲੈ ਕੇ ਕੁਝ ਦਿਨਾਂ ਤੋਂ ਹਿੱਲਜੁਲ ਦੀ ਚਰਚਾ ਤੇਜ਼ ਹੋਈ ਹੈ।ਚਰਚਾ ਹੈ ਕਿ ਪੰਜਾਬ ਪ੍ਰਧਾਨ ਭਗਵੰਤ ਮਾਨ, ਮੁੱਖ ਮੰਤਰੀ ਉਮੀਦਵਾਰ ਦੇ ਅਹੁਦੇ ਲਈ ਡਟੇ ਹੋਏ ਹਨ। ਭਗਵੰਤ ਮਾਨ ਵੀ ਦਬਾਅ ਬਣਾ ਰਹੇ ਹਨ ਕਿ ਉਨ੍ਹਾਂ ਨੂੰ ਹੀ ਮੁੱਖ ਮੰਤਰੀ ਦੇ ਅਹੁਦੇ ਲਈ ਚਿਹਰਾ ਬਣਾਇਆ ਜਾਵੇ।
ਅਜਿਹੇ ਵਿੱਚ ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ‘ਆਮ ਆਦਮੀ ਪਾਰਟੀ’ ਵਿੱਚ ਕਦੇ ਕਿਸੇ ਅਹੁਦੇ ਦੀ ਇੱਛਾ ਨਾ ਰੱਖਿਓ। ਬੇਸ਼ੱਕ ਕੇਜਰੀਵਾਲ ਨੇ ਇਹ ਗੱਲ਼ ਸਾਰੇ ਵਰਕਰਾਂ ਤੇ ਲੀਡਰਾਂ ਨੂੰ ਮੁਖਾਤਬ ਹੋ ਕੇ ਕਹੀ ਹੈ ਪਰ ਪੰਜਾਬ ਵਿੱਚ ਇਸ ਨੂੰ ਭਗਵੰਤ ਮਾਨ ਨਾਲ ਜੋੜਿਆ ਜਾ ਰਿਹਾ ਹੈ।
ਦੱਸ ਦਈਏ ਕਿ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਆਪ ਦਾ ਮੁੱਖ ਮੰਤਰੀ ਚਿਹਰਾ ਪੰਜਾਬ ਤੋਂ ਹੀ ਹੋਵੇਗਾ ਤੇ ਉਹ ਸਿੱਖ ਹੋਵੇਗਾ। ਇਸ ਪਿੱਛੋਂ ਸਭ ਦੀਆਂ ਨਜ਼ਰਾਂ ਭਗਵੰਤ ਮਾਨ ਵੱਲ ਸਨ ਪਰ ਪਿੱਛੇ ਜਿਹੇ ਅਜਿਹੀਆਂ ਗੱਲਾਂ ਵੀ ਨਿਕਲ ਕੇ ਸਾਹਮਣੇ ਆਈਆਂ ਸਨ ਕਿ ਪਾਰਟੀ ਕੁਝ ਸਿੱਖ ਹਸਤੀਆਂ ਨਾਲ ਸੰਪਰਕ ਕਰ ਰਹੀ ਹੈ। ਜਿਸ ਪਿੱਛੋਂ ਭਗਵੰਤ ਮਾਨ ਵੀ ਅਹੁਦੇ ਲਈ ਸਰਗਰਮ ਹੋ ਗਏ।