ਫਿਰ ਬੇਨਤੀਜਾ ਰਹੀ ਮੀਟਿੰਗ, ਸਰਕਾਰ ਨੇ ਕਿਹਾ ਪ੍ਰਸਤਾਵ ‘ਤੇ ਮੁੜ ਗੌਰ ਕਰਨ ਕਿਸਾਨ

TeamGlobalPunjab
2 Min Read

ਨਵੀਂ ਦਿੱਲੀ: ਕਿਸਾਨਾਂ ਦੀ ਕੇਂਦਰ ਸਰਕਾਰ ਨਾਲ 11ਵੇਂ ਗੇੜ ਦੀ ਮੀਟਿੰਗ ਵੀ ਬੇਨਤੀਜਾ ਰਹੀ ਹੈ। ਸਰਕਾਰ ਜਿਥੇ ਆਪਣੇ ਦਿੱਤੇ ਪ੍ਰਸਤਾਵ ‘ਤੇ ਅੜੀ ਰਹੀ ਉਥੇ ਹੀ ਕਿਸਾਨ ਵੀ ਆਪਣੇ ਸਟੈਂਡ ’ਤੇ ਕਾਇਮ ਰਹੇ। ਕੇਂਦਰ ਨੇ ਕਿਸਾਨਾਂ ਨੂੰ ਸਾਫ਼ ਕਰ ਦਿੱਤਾ ਕਿ ਉਹ ਉਨ੍ਹਾਂ ਨੂੰ ਸਾਰੇ ਸੰਭਾਵੀ ਬਦਲ ਦੇ ਚੁੱਕੇ ਹਨ ਤੇ ਸਰਕਾਰ ਇਸ ਤੋਂ ਅੱਗੇ ਨਹੀਂ ਆ ਸਕਦੀ।

ਇਸ ਤੋਂ ਇਲਾਵਾ ਕੇਂਦਰੀ ਮੰਤਰੀਆਂ ਨੇ ਕਿਹਾ ਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਮੁਅੱਤਲ ਕਰਨ ਤੇ ਸਾਂਝੀ ਸੰਸਦੀ ਕਮੇਟੀ ਬਣਾਉਣ ਦੀ ਸਰਕਾਰ ਵੱਲੋਂ ਦਿੱਤੀ ਗਈ ਤਜਵੀਜ਼ ’ਤੇ ਮੁੜ ਵਿਚਾਰ ਕਰਨ। ਉਨ੍ਹਾਂ ਨੇ ਸਪਸ਼ਟ ਤੌਰ ’ਤੇ ਗੱਲਬਾਤ ਤੋੜਣ ਦੀ ਗੱਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ  ਗੱਲਬਾਤ ਬੰਦ ਹੈ ਅਤੇ ਜੇ ਕਿਸਾਨਾਂ ਨੂੰ ਸਰਕਾਰ ਦੀ ਇਹੀ ਤਜ਼ਵੀਜ਼ ਮਨਜ਼ੂਰ ਹੋਵੇ ਤਾਂ ਉਹ ਸਰਕਾਰ ਨੂੰ ਸੱਦਾ ਭੇਜ ਦੇਣ।

ਤੋਮਰ ਨੇ ਇੱਥੋਂ ਤਕ ਕਿਹਾ ਕਿ ਹੁਣ ਵਿਗਿਆਨ ਭਵਨ ਵੀ 26 ਜਨਵਰੀ ਦੇ ਮੱਦੇਨਜ਼ਰ ਬੰਦ ਕੀਤਾ ਗਿਆ ਹੈ ਅਤੇ ਹੁਣ ਇੱਥੇ ਕੋਈ ਮੀਟਿੰਗ ਨਹੀਂ ਹੋਵੇਗੀ। ਇਸ ਮਗਰੋਂ ਮੀਟਿੰਗ ਤੋਂ ਬਾਹਰ ਆਏ ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦਾ ਅਪਮਾਨ ਕੀਤਾ ਹੈ ਅਤੇ ਗੱਲਬਾਤ ਵੀ ਸਰਕਾਰ ਨੇ ਹੀ ਤੋੜੀ ਹੈ। ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਨੇ ਆਪਣਾ ਧਿਆਨ ਮੀਟਿੰਗਾਂ ਤੋਂ ਹਟਾ ਦਿੱਤਾ ਹੈ ਅਤੇ ਸਾਰਾ ਧਿਆਨ 26 ਜਨਵਰੀ ਦੇ ਟਰੈਕਟਰ ਮਾਰਚ ਵੱਲ ਲਾਵਾਂਗੇ।

ਕਿਸਾਨਾਂ ਨੇ ਕਿਹਾ ਕਿ ਇਕ ਗੱਲ ਤਾਂ ਸਪਸ਼ਟ ਹੈ ਕਿ ਕਾਨੂੰਨ ਵਾਪਸ ਹੋਣਗੇ ਤਾਂ ਹੀ ਘਰ ਵਾਪਸੀ ਹੋਵੇਗੀ। ਉਨ੍ਹਾਂ ਕਿਹਾ ਕਿ 26 ਜਨਵਰੀ ਦੀ ਪਰੇਡ ਬਾਰੇ ਦਿੱਲੀ ਪੁਲਿਸ ਨਾਲ ਗੱਲਬਾਤ ਜਾਰੀ ਹੈ ਪਰ ਜੇ ਪੁਲਿਸ ਇਜਾਜ਼ਤ ਨਹੀਂ ਦਿੰਦੀ ਤਾਂ ਵੀ ਸ਼ਾਂਤੀਪੂਰਨ ਟਰੈਕਟਰ ਮਾਰਚ ਕੀਤਾ ਜਾਵੇਗਾ।

- Advertisement -

Share this Article
Leave a comment