ਲੁਧਿਆਣਾ: ਸੂਬੇ ‘ਚ ਪ੍ਰਬੰਧਕੀ ਅਧਿਕਾਰੀਆਂ ਦਾ ਕੋਰੋਨਾ ਵਾਇਰਸ ਦੀ ਲਪੇਟ ‘ਚ ਆਉਣਾ ਲਗਾਤਾਰ ਜਾਰੀ ਹੈ। ਨਗਰ ਨਿਗਮ ਦੇ ਜ਼ੋਨ ਡੀ ਦੇ ਜ਼ੋਨਲ ਕਮਿਸ਼ਨਰ ਕੁਲਪ੍ਰੀਤ ਸਿੰਘ ਵੀ ਕੋਰੋਨਾ ਦੀ ਲਪੇਟ ਵਿੱਚ ਆ ਗਏ ਹਨ। ਸਿਵਿਲ ਸਰਜਨ ਡਾ.ਰਾਜੇਸ਼ ਬੱਗਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਡਾ.ਬੱਗਾ ਨੇ ਦੱਸਿਆ ਕਿ ਕੁਲਪ੍ਰੀਤ ਸਿੰਘ ਦਾ ਸੈਂਪਲ ਕੱਲ ਜਾਂਚ ਲਈ ਭੇਜਿਆ ਗਿਆ ਸੀ, ਜੋਕਿ ਅੱਜ ਪਾਜ਼ਿਟਿਵ ਪਾਇਆ ਗਿਆ ਹੈ। ਏਡੀਸੀ ਜਨਰਲ ਅਮਰਜੀਤ ਸਿੰਘ ਬੈਂਸ ਦੇ ਪਾਜ਼ਿਟਿਵ ਆਉਣ ਤੋਂ ਬਾਅਦ ਕੁਲਪ੍ਰੀਤ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਸੀ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਐਸਡੀਐਮ ਪਾਇਲ ਮਾਣਕਵਾਲ ਸਿੰਘ ਚਾਹਲ ਵੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ ਸਨ। ਉਨ੍ਹਾਂ ਨੇ ਬੁੱਧਵਾਰ ਨੂੰ ਆਪਣਾ ਸੈਂਪਲ ਜਾਂਚ ਲਈ ਦਿੱਤਾ ਸੀ। ਇਸ ਤੋਂ ਇਲਾਵਾ ਕੋਰੋਨਾ ਸੰਕਰਮਿਤ ਦੋ ਮਰੀਜ਼ਾਂ ਦੀ ਮੌਤ ਵੀ ਹੋ ਗਈ। ਇਨ੍ਹਾਂ ‘ਚੋਂ ਇੱਕ ਲੁਧਿਆਣਾ ਅਤੇ ਇੱਕ ਸੰਗਰੂਰ ਤੋਂ ਸਨ। ਸਿਵਲ ਸਰਜਨ ਡਾ.ਰਾਜੇਸ਼ ਬੱਗਾ ਨੇ ਦੱਸਿਆ ਕਿ ਪ੍ਰਤਾਪ ਚੌਕ ਵਾਸੀ 75 ਸਾਲਾ ਬਜ਼ੁਰਗ ਨੇ ਸੀਐਮਸੀਐਚ ਵਿੱਚ ਦਮ ਤੋੜਿਆ। ਮ੍ਰਿਤਕ ਨੂੰ ਕੈਂਸਰ, ਸ਼ੂਗਰ ਅਤੇ ਦਿਲ ਦੀ ਬੀਮਾਰੀ ਵੀ ਸੀ। ਇਸ ਤੋਂ ਇਲਾਵਾ ਸੰਗਰੂਰ ਵਾਸੀ 59 ਸਾਲਾ ਵਿਅਕਤੀ ਨੇ ਓਸਵਾਲ ਹਸਪਤਾਲ ਵਿੱਚ ਦਮ ਤੋੜਿਆ।