ਸ਼ਾਂਤੀ, ਸਹਿਹੋਂਦ ਅਤੇ ਮੁਕਤੀ ਦਾ ਰਾਹ ਖੋਲ੍ਹਦਾ: ਬੁੱਧ ਦਰਸ਼ਨ

TeamGlobalPunjab
11 Min Read

ਅੱਜ 26 ਮਈ, 2021 ਨੂੰ ਬੁੱਧ ਪੂਰਣਿਮਾ ਹੈ। ਵਿਸ਼ਵ ਨੂੰ ਮੁਕਤੀ ਦਾ ਮਾਰਗ ਅਤੇ ਦੁਖ ਦੇ ਅੰਤ ਦਾ ਰਾਹ ਦਿਖਾਉਣ ਵਾਲੇ ਭਗਵਾਨ ਬੁੱਧ ਦੇ ਜਨਮ ਦਿਹਾੜੇ ਨੂੰ ਬੁੱਧ ਪੂਰਣਿਮਾ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਲਗਭਗ ਸਾਰੇ ਸੰਸਾਰ ਵਿੱਚ ਭਗਵਾਨ ਬੁੱਧ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਚਰਚਾਵਾਂ, ਵਰਕਸ਼ਾਪਾਂ, ਸਿੰਪੋਜ਼ੀਅਮ ਆਦਿ ਆਯੋਜਿਤ ਕੀਤੇ ਜਾਂਦੇ ਹਨ ਅਤੇ ਚਿੰਤਨ-ਮਨਨ-ਮੰਥਨ ਦੇ ਦੁਆਰਾ ਵਿਦਵਾਨ ਲੋਕ ਤਰਕਸ਼ੀਲ ਵਿਸ਼ਲੇਸ਼ਣ ਪੇਸ਼ ਕਰਦੇ ਹੋਏ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਅੱਜ ਵੀ ਪ੍ਰਾਸੰਗਿਕ ਹਨ।

ਸਿਧਾਰਥ ਨੇ ਰਾਜਸੀ ਵੈਭਵ ਨੂੰ ਤਿਆਗ ਕੇ ਗਿਆਨ ਪ੍ਰਾਪਤੀ ਦਾ ਮਾਰਗ ਅਪਣਾਇਆ ਅਤੇ ਬੋਧ- ਗਯਾ ਵਿੱਚ ਬੋਧ- ਬਿਰਖ ਦੇ ਥੱਲੇ ਗਿਆਨ ਪ੍ਰਾਪਤ ਕੀਤਾ ਅਤੇ ਖੁਦ ਨੂੰ ਬੁੱਧ ਅਖਵਾਇਆ। ਬੁੱਧ ਨੇ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਆਪਣੇ ਗਿਆਨ ਨੂੰ ਸੰਸਾਰ ਵਿੱਚ ਦੁਖਾਂ ਤੋਂ ਮੁਕਤ ਹੋਣ ਲਈ ਵੰਡਿਆ। ਬੁੱਧ ਨੇ ਸਭ ਤੋਂ ਪਹਿਲਾਂ ਸਾਰਨਾਥ ਵਿੱਚ ਆਪਣੇ 5 ਸਾਥੀ ਭਿਖਸ਼ੂਆਂ ਨੂੰ ਪਹਿਲਾ ਉਪਦੇਸ਼ ਦਿੱਤਾ ਜਿਸ ਨੂੰ ਕਿ ’ਧਰਮ ਚੱਕ੍ਰ ਪ੍ਰਵਰਤਨ’ ਕਿਹਾ ਜਾਂਦਾ ਹੈ। ਬੁੱਧ ਨੇ ਧੰਮ ਉਪਦੇਸ਼ ਦਿੱਤਾ ਅਤੇ ਇਸ ਨੂੰ ਸਾਰੇ ਸੰਸਾਰ ਵਿੱਚ ਫੈਲਾਉਣ ਦਾ ਨਿਰਦੇਸ਼ ਦਿੱਤਾ। ਅਗਲੇ ਪੜਾਅ ਵਿੱਚ ਸੰਘ ਦੀ ਸਥਾਪਨਾ ਕੀਤੀ ਅਤੇ 60 ਭਿਖਸ਼ੂ ਤਿਆਰ ਕੀਤੇ ਅਤੇ ਉਨ੍ਹਾਂ ਨੂੰ 10 ਦਿਸ਼ਾਵਾਂ ਵਿੱਚ ਧੰਮ ਪ੍ਰਚਾਰ-ਪ੍ਰਸਾਰ ਲਈ ਭੇਜਿਆ।

ਬੁੱਧ ਨੇ ਬੋਧ ਦਰਸ਼ਨ ਦੇ ਮੂਲ ਸਿਧਾਂਤ ਦੇ ਰੂਪ ਵਿੱਚ 4 ਅਟੱਲ ਸਚਾਈਆਂ (ਆਰੀਆ ਸਤਯ) ਦੀ ਸੰਕਲਪਨਾ ਨੂੰ ਸਥਾਪਿਤ ਕੀਤਾ, ਜੋ ਕਿ ਨਿਮਨ ਪ੍ਰਕਾਰ ਹਨ:
1. ਦੁਖ: ਸੰਸਾਰ ਵਿੱਚ ਦੁਖ ਹੈ,
2. ਸਮੁਦਾਇ: ਦੁਖ ਦਾ ਕਾਰਨ ਹੈ। ਦੁਖ ਦਾ ਕਾਰਨ ਤ੍ਰਿਸ਼ਨਾ ਹੈ।
3. ਨਿਰੋਧ: ਦੁਖ ਦੇ ਨਿਵਾਰਣ ਹਨ।
4. ਮਾਰਗ: ਨਿਵਾਰਣ ਦੇ ਲਈ ਅਸ਼ਟਾਂਗ ਮਾਰਗ ਹਨ।

ਬੁੱਧ ਨੇ ਆਪਣੀਆਂ ਸਿੱਖਿਆਵਾਂ ਵਿੱਚ ਕਿਹਾ ਕਿ ਸੰਸਾਰ ਵਿੱਚ ਦੁਖ ਹਨ ਅਤੇ ਮਨੁੱਖ ਜੀਵਨ ਭਰ ਦੁਖਾਂ ਦੀ ਲੜੀ ਵਿੱਚ ਫਸਿਆ ਰਹਿੰਦਾ ਹੈ। ਇਸ ਦਾ ਕਾਰਨ ਬੁੱਧ ਨੇ ਵਿਸ਼ੇ-ਵਿਕਾਰਾਂ ਦੇ ਪ੍ਰਤੀ ਤ੍ਰਿਸ਼ਨਾ ਨੂੰ ਦੱਸਿਆ ਅਤੇ ਇਸੇ ਤ੍ਰਿਸ਼ਨਾ ਦੇ ਕਾਰਨ ਮਨੁੱਖ ਜਨਮ-ਮਰਨ ਦੇ ਬੰਧਨ ਤੋਂ ਮੁਕਤ ਨਹੀਂ ਹੋ ਪਾਉਂਦਾ। ਭਗਵਾਨ ਬੁੱਧ ਨੇ ਨਿਰੋਧ ਦੇ ਮਾਧਿਅਮ ਨਾਲ ਦੁਖ ਨਿਵਾਰਣ ਦੀ ਸਿੱਖਿਆ ਦਿੱਤੀ ਅਤੇ ਦੁਖ ਨਿਵਾਰਣ ਦੇ ਮਾਰਗ ਵਜੋਂ ਅਸ਼ਟਾਂਗਿਕ ਮਾਰਗ ਦਾ ਉਪਾਅ ਦੱਸਿਆ ਅਤੇ ਕਿਹਾ ਕਿ ਇਸ ਮਾਰਗ ਦੀ ਪਾਲਣਾ ਕਰਦੇ ਹੋਏ ਮਨੁੱਖ ਜੀਣ-ਮਰਨ ਦੇ ਬੰਧਨ ਤੋਂ ਮੁਕਤ ਹੋ ਕੇ ਨਿਰਵਾਣ ਪ੍ਰਾਪਤ ਕਰ ਸਕਦਾ ਹੈ। ਇਸ ਅਸ਼ਟਾਂਗਿਕ ਮਾਰਗ ਨੂੰ ਮਧਿਅਮ ਪ੍ਰਤਿਪਦਾ ਕਿਹਾ ਗਿਆ ਹੈ। ਅਸ਼ਟਾਂਗਿਕ ਮਾਰਗ ਇਸ ਪ੍ਰਕਾਰ ਹੈ-
1. ਸਹੀ ਦ੍ਰਿਸ਼ਟੀ: ਚਾਰ ਅਟੱਲ ਸਚਾਈਆਂ (ਆਰੀਆ ਸਤਯ) ਵਿੱਚ ਵਿਸ਼ਵਾਸ ਕਰਨਾ
2. ਸਹੀ ਸੰਕਲਪ: ਮਾਨਸਿਕ ਅਤੇ ਨੈਤਿਕ ਵਿਕਾਸ ਦੀ ਪ੍ਰਤਿੱਗਿਆ ਕਰਨੀ
3. ਸਹੀ ਵਾਕ: ਹਾਨੀਕਾਰਕ ਗੱਲਾਂ ਅਤੇ ਝੂਠ ਨਾ ਬੋਲਣਾ
4. ਸਹੀ ਕ੍ਰਮ: ਹਾਨੀਕਾਰਕ ਕ੍ਰਮ ਨਾ ਕਰਨਾ
5. ਸਹੀ ਜੀਵਿਕਾ: ਕੋਈ ਵੀ ਸਪਸ਼ਟ ਜਾਂ ਅਸਪਸ਼ਟ ਤੌਰ ’ਤੇ ਹਾਨੀਕਾਰਕ ਵਪਾਰ ਨਾ ਕਰਨਾ
6. ਸਹੀ ਪ੍ਰਯਤਨ: ਆਪਣੇ ਆਪ ਸੁਧਰਨ ਦੀ ਕੋਸ਼ਿਸ਼ ਕਰਨਾ
7. ਸਹੀ ਸਮ੍ਰਿਤੀ (ਯਾਦ): ਸਪਸ਼ਟ ਗਿਆਨ ਨਾਲ ਦੇਖਣ ਦੀ ਮਾਨਸਿਕ ਯੋਗਤਾ ਪ੍ਰਾਪਤ ਕਰਨਾ
8. ਸਹੀ ਸਮਾਧੀ: ਨਿਰਵਾਣ ਪ੍ਰਾਪਤ ਕਰਨਾ
ਬੁੱਧ ਨੇ ਇਨ੍ਹਾਂ ਅਸ਼ਟਾਂਗ ਮਾਰਗਾਂ ਦੀ ਪ੍ਰਤਿੱਗਿਆ, ਨੈਤਿਕ ਆਚਰਣ ਅਤੇ ਸਮਾਧੀ ਦੇ ਰੂਪ ਵਿੱਚ ਵਿਆਖਿਆ ਕੀਤੀ।
ਬੁੱਧ ਇੱਕ ਅਜਿਹੇ ਲਾਮਿਸਾਲ ਮਹਾਪੁਰਖ ਹੋਏ, ਜਿਨ੍ਹਾਂ ਨੇ ਸਾਧਨਾ ਦੇ ਸਾਰੇ ਪ੍ਰਯੋਗ ਆਪਣੇ ਸਰੀਰ ਉੱਤੇ ਕੀਤੇ ਅਤੇ ਬੋਧੀਸਤਵ ਪ੍ਰਾਪਤ ਕਰਕੇ ਸਾਰੇ ਸੰਸਾਰ ਵਿੱਚ ਗਿਆਨ ਦਾ ਪ੍ਰਸਾਰ ਕੀਤਾ। ਇਸ ਲਈ ਬੁੱਧ ਧਰਮ ਦੀ ਉਤਪਤੀ ਭਾਰਤ ਵਿੱਚ ਹੋਈ, ਇਹ ਪਣਪਿਆ ਵੀ ਭਾਰਤ ਵਿੱਚ ਪਰ ਇਸ ਦਾ ਪ੍ਰਚਾਰ-ਪ੍ਰਸਾਰ ਪੂਰੇ ਸੰਸਾਰ ਵਿੱਚ ਹੋਇਆ। ਵਿਸ਼ੇਸ਼ ਕਰਕੇ ਭਾਰਤ ਦੇ ਆਸ-ਪਾਸ ਦੇ ਦੇਸ਼ਾਂ ਵਿੱਚ।

- Advertisement -

ਸਾਧਨਾ ਕਰਦੇ-ਕਰਦੇ ਭਗਵਾਨ ਬੁੱਧ ਨੇ ਸਰੀਰ ਅਤੇ ਵੀਣਾ ਦੀ ਬਹੁਤ ਉਚਿਤ ਵਿਆਖਿਆ ਕੀਤੀ ਅਤੇ ਸਾਰੀ ਮਾਨਵਤਾ ਨੂੰ ਸੰਦੇਸ਼ ਦਿੱਤਾ ਕਿ ਵੀਣਾ ਦੀਆਂ ਤਾਰਾਂ ਜੇਕਰ ਬਹੁਤ ਜ਼ਿਆਦਾ ਕਸ ਦਿੱਤੀਆਂ ਜਾਣਗੀਆਂ ਤਾਂ ਤਾਰਾਂ ਟੁੱਟ ਸਕਦੀਆਂ ਹਨ। ਜੇਕਰ ਵੀਣਾ ਦੀਆਂ ਤਾਰਾਂ ਢਿੱਲੀਆਂ ਛੱਡ ਦਿੱਤੀਆਂ ਜਾਣ ਤਾਂ ਵੀਣਾ ਵੱਜੇਗੀ ਨਹੀਂ। ਇਸ ਵਿਆਖਿਆ ਦੇ ਦੁਆਰਾ ਭਗਵਾਨ ਬੁੱਧ ਨੇ ਪੂਰੀ ਮਾਨਵਤਾ ਨੂੰ ਮੱਧ ਮਾਰਗ ਦਾ ਸੰਦੇਸ਼ ਦਿੱਤਾ ਜੋ ਕਿਸੇ ਵੀ ਪ੍ਰਕਾਰ ਦੀ ਅਤਿ ਤੋਂ ਬਚਣ ਦਾ ਸੰਦੇਸ਼ ਦਿੰਦਾ ਹੈ। ਇਹ ਮੱਧ ਮਾਰਗ ਪੂਰੇ ਸੰਸਾਰ ਵਿੱਚ ਤੇਜ਼ੀ ਨਾਲ ਫੈਲਿਆ ਅਤੇ ਲੋਕਾਂ ਨੇ ਇਸ ਨੂੰ ਆਪਣੀ ਜੀਵਨ-ਸ਼ੈਲੀ ਦੇ ਰੂਪ ਵਿੱਚ ਅਪਣਾਇਆ। ਇਸ ਦੀ ਪ੍ਰਾਸੰਗਿਕਤਾ ਅੱਜ ਵੀ ਜਿਉਂ ਦੀ ਤਿਉਂ ਹੈ।

ਤਤਕਾਲੀਨ ਸਮੇਂ ਵਿੱਚ ਭਾਰਤ ਦੇ ਵੱਖ-ਵੱਖ ਰਾਜਵੰਸ਼ਾਂ ਅਤੇ ਰਾਜਿਆਂ ਨੇ ਬੁੱਧ ਧਰਮ ਨੂੰ ਅਪਣਾਇਆ, ਇਸ ਦਾ ਪ੍ਰਸਾਰ ਕੀਤਾ ਅਤੇ ਮੁਕਤੀ ਦਾ ਮਾਰਗ ਖੋਲ੍ਹਿਆ। ਸਮਰਾਟ ਅਸ਼ੋਕ ਨੇ ਕਲਿੰਗ ਯੁੱਧ ਤੋਂ ਬਾਅਦ ਜਦੋਂ ਮਨੁੱਖੀ ਲਾਸ਼ਾਂ ਨੂੰ ਦੇਖਿਆ ਤਾਂ ਉਨ੍ਹਾਂ ਦਾ ਦਿਲ ਪਸੀਜ ਗਿਆ ਅਤੇ ਮਨ ਵਿੱਚ ਸ਼ਾਂਤੀ ਦੀ ਤੜਪ ਪੈਦਾ ਹੋਈ। ਅਸ਼ੋਕ ਨੇ ਬੁੱਧ ਦੀਆਂ ਸਿੱਖਿਆਵਾਂ ਵਿੱਚ ਸ਼ਾਂਤੀ ਦਾ ਮਾਰਗ ਦੇਖਿਆ ਅਤੇ ਬੁੱਧ ਧਰਮ ਨੂੰ ਅਪਣਾਇਆ। ਅਸ਼ੋਕ ਨੇ ਸਾਰਨਾਥ ਵਿੱਚ “ਧਰਮ ਚੱਕ੍ਰ” ਬਣਾਇਆ ਅਤੇ ਐਲਾਨ ਕੀਤਾ ਕਿ ਹੁਣ ਯੁੱਧ ਨਹੀਂ ਸ਼ਾਂਤੀ ਚਾਹੀਦੀ ਹੈ। ਸਾਰਨਾਥ ਅੱਜ ਦੇ ਸਮੇਂ ਵਿੱਚ ਇੱਕ ਪ੍ਰਸਿੱਧ ਬੋਧੀ ਤੀਰਥ ਸਥਾਨ ਹੈ ਅਤੇ ਅਸ਼ੋਕ ਥੰਮ੍ਹ ਭਾਰਤ ਦਾ ਗੌਰਵ ਹੈ। ਸਮਰਾਟ ਅਸ਼ੋਕ ਦੇ ਸਮੇਂ ਬੁੱਧ ਧਰਮ ਏਸ਼ੀਆ ਤੱਕ ਗਿਆ ਅਤੇ ਸਮੁੰਦਰ ਦੇ ਰਸਤੇ ਇੰਡੋਨੇਸ਼ੀਆ, ਜਾਵਾ, ਚੀਨ ਅਤੇ ਜਪਾਨ ਤੱਕ ਇਸ ਦਾ ਪ੍ਰਸਾਰ ਹੋਇਆ।

ਬੁੱਧ ਪੂਰਣਿਮਾ ਦੇ ਵਿਸ਼ੇਸ਼ ਦਿਨ, 20 ਨਵੰਬਰ, 1956 ਨੂੰ ਬਾਬਾ ਸਾਹੇਬ ਡਾ. ਭੀਮਰਾਓ ਅੰਬੇਡਕਰ ਦੁਆਰਾ ਕਾਠਮੰਡੂ ਵਿੱਚ ਇੱਕ ਭਾਸ਼ਣ ਦਿੱਤਾ ਗਿਆ ਸੀ ਜਿਸ ਦੀ ਪ੍ਰਾਸੰਗਿਕਤਾ ਅੱਜ ਵੀ ਹੈ। ਬਾਬਾ ਸਾਹੇਬ ਨੇ ਉਸ ਦਿਨ ਕਿਹਾ ਸੀ,“ਕਾਰਲ ਮਾਰਕਸ ਅਤੇ ਲਾਰਡ ਬੁੱਧ ਦੋਵੇਂ ਹੀ ਗ਼ਰੀਬਾਂ ਨੂੰ ਸ਼ੋਸ਼ਣ ਤੋਂ ਮੁਕਤੀ ਦਿਵਾਉਣਾ ਚਾਹੁੰਦੇ ਸਨ। ਗ਼ਰੀਬ ਸ਼ੋਸ਼ਣ ਤੋਂ ਮੁਕਤ ਹੋਣ, ਇਹ ਦਰਸ਼ਨ ਦੋਹਾਂ ਦੇ ਸਿਧਾਂਤਾਂ ਵਿੱਚ ਸਮਾਇਆ ਹੋਇਆ ਹੈ। ਜਦੋਂ ਅਸੀਂ ਇਨ੍ਹਾਂ ਦੋਹਾਂ ਦੇ ਦਰਸ਼ਨ ਦਾ ਅਧਿਐਨ ਕਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਕਾਰਲ ਮਾਰਕਸ ਕਹਿੰਦੇ ਹਨ ਕਿ ਗ਼ਰੀਬਾਂ ਦਾ ਸ਼ੋਸ਼ਣ ਇਸ ਲਈ ਹੁੰਦਾ ਹੈ ਕਿਉਂਕਿ ਸਮਾਜ ਵਿੱਚ ਇੱਕ ਸ਼ੋਸ਼ਣ ਕਰਨ ਵਾਲਾ ਵਰਗ ਮੌਜੂਦ ਹੈ। ਇਸ ਲਈ ਗ਼ਰੀਬਾਂ ਦਾ ਸ਼ੋਸ਼ਣ ਦੂਰ ਕਰਨ ਲਈ ਇਸ ਸ਼ੋਸ਼ਕ ਵਰਗ ਨੂੰ ਖਤਮ ਕਰਨਾ ਪਵੇਗਾ ਅਤੇ ਇਸ ਦੇ ਲਈ ਉਹ ਹਿੰਸਾ ਨੂੰ ਉਕਸਾਉਣਾ ਵੀ ਆਪਣੇ ਸਿਧਾਂਤਾਂ ਵਿੱਚ ਸ਼ਾਮਲ ਕਰਦੇ ਹਨ। ਇਸ ਦੇ ਉਲਟ ਭਗਵਾਨ ਬੁੱਧ ਸ਼ਾਂਤੀ ਅਤੇ ਅਹਿੰਸਾ, ਦਇਆ ਅਤੇ ਤਰਸ ਉੱਤੇ ਅਧਾਰਿਤ ਇੱਕ ਫਿਲਾਸਫੀ ਪੇਸ਼ ਕਰਦੇ ਹਨ ਅਤੇ ਗ਼ਰੀਬਾਂ ਨੂੰ ਸ਼ੋਸ਼ਣ ਤੋਂ ਮੁਕਤੀ ਦਾ ਮਾਰਗ ਵੀ ਦੱਸਦੇ ਹਨ। ਸ਼ੋਸ਼ਣ ਤੋਂ ਮੁਕਤੀ ਦੇ ਮਾਰਗ ਨੂੰ ਵੀ ਉਹ ਦੁਖ ਦੂਰ ਕਰਨ ਦੇ ਇੱਕ ਉਪਾਅ ਵਜੋਂ ਹੀ ਦੱਸਦੇ ਹਨ। ਕਾਰਲ ਮਾਰਕਸ ਦੇ ਸਿਧਾਂਤਾਂ ’ਤੇ ਅਧਾਰਿਤ ਜੀਵਨ ਦਰਸ਼ਨ ਅਸਲ ਵਿੱਚ ਇੱਕ ਅਵਿਵਹਾਰਕ ਦਰਸ਼ਨ ਹੈ ਜੋ ਮੰਜ਼ਿਲ ਤੱਕ ਨਹੀਂ ਪਹੁੰਚਦਾ ਹੈ। ਇਸ ਲਈ ਉਸ ਉੱਤੇ ਚਲਣ ਦਾ ਕੋਈ ਫਾਇਦਾ ਨਹੀਂ ਹੈ। ਅਗਰ ਕੋਈ ਰਸਤਾ ਜੰਗਲ ਵਿੱਚ ਜਾਂਦਾ ਹੈ, ਅਵਿਵਸਥਾ ਦੀ ਤਰਫ ਵਧਦਾ ਹੈ ਤਾਂ ਉਸ ਰਸਤੇ ਚਲਣ ਦਾ ਵੀ ਕੋਈ ਲਾਭ ਨਹੀਂ ਜਦੋਂ ਕਿ ਇਸ ਦੇ ਉਲਟ ਬੁੱਧ ਦੇ ਸਿਧਾਂਤਾਂ ਅਨੁਸਾਰ ਜੀਵਨ ਦਰਸ਼ਨ ਇੱਕ ਸਥਾਈ ਅਤੇ ਵਿਵਹਾਰਕ ਮਾਰਗ ਹੈ ਜਿਸ ਉੱਤੇ ਚਲ ਕੇ ਮਨੁੱਖ ਆਪਣੀ ਮੁਕਤੀ ਦਾ ਮਾਰਗ ਵੀ ਖੋਜ ਸਕਦਾ ਹੈ ਅਤੇ ਇਸ ਦਰਸ਼ਨ ਨਾਲ ਵਿਸ਼ਵ ਵਿੱਚ ਸ਼ਾਂਤੀ ਅਤੇ ਸਹਿਣਸ਼ੀਲਤਾ ਦੀ ਸਥਾਪਨਾ ਹੋ ਸਕਦੀ ਹੈ। ਹਾਂ, ਇਹ ਜ਼ਰੂਰ ਹੈ ਕਿ ਬੁੱਧ ਦੁਆਰਾ ਦੱਸਿਆ ਗਿਆ ਮਾਰਗ ਧੀਮਾ ਹੈ, ਮੁਸ਼ਕਿਲਾਂ ਨਾਲ ਭਰਿਆ ਹੈ ਅਤੇ ਧੀਰਜ ਦੀ ਵੀ ਪਰੀਖਿਆ ਲੈਂਦਾ ਹੈ ਲੇਕਿਨ ਅੰਤ ਵਿੱਚ ਆਪ ਸੁਰੱਖਿਅਤ ਅਤੇ ਮਜ਼ਬੂਤ ਜ਼ਮੀਨ ਉੱਤੇ ਖੜ੍ਹੇ ਹੋ ਸਕਦੇ ਹੋ ਜਿਸ ਨਾਲ ਤੁਹਾਡੇ ਜੀਵਨ ਵਿੱਚ ਸਥਾਈ ਪਰਿਵਰਤਨ ਆ ਜਾਏਗਾ। ਮੇਰੇ ਵਿਚਾਰ ਵਿੱਚ ਧੀਮਾ ਅਤੇ ਮੁਸ਼ਕਿਲ ਰਾਹ ਸ਼ੌਰਟਕੱਟ ਦੀ ਦੌੜ ਨਾਲੋਂ ਅਧਿਕ ਬਿਹਤਰ ਹੈ। ਸ਼ੌਰਟਕੱਟ ਹਮੇਸ਼ਾ ਖ਼ਤਰਨਾਕ ਹੁੰਦਾ ਹੈ। ਬੁੱਧ ਦੇ ਸਿਧਾਂਤ ਹਿੰਸਾ ਦੀ ਆਗਿਆ ਨਹੀਂ ਦਿੰਦੇ ਹਨ ਜਦੋਂ ਕਿ ਸਾਮਵਾਦ ਵਿੱਚ ਹਿੰਸਾ ਦੀ ਇਜ਼ਾਜਤ ਹੈ। ਹਿੰਸਾ ਦੇ ਵਿਸ਼ੇ ਵਿੱਚ ਜਦੋਂ ਮੈਂ ਆਪਣੇ ਕਮਿਊਨਿਸਟ ਮਿੱਤਰਾਂ ਨੂੰ ਪੁੱਛਦਾ ਹਾਂ ਤਾਂ ਉਹ ਇਸ ਦਾ ਸਿੱਧਾ ਜਵਾਬ ਨਹੀਂ ਦਿੰਦੇ ਹਨ। ਉਹ ਆਪਣੇ ਸਿਧਾਂਤਾਂ ਨੂੰ ਹਿੰਸਾ ਦੁਆਰਾ ਸਥਾਪਿਤ ਕਰਨ ਵਿੱਚ ਸੰਕੋਚ ਨਹੀਂ ਕਰਦੇ ਹਨ, ਜਿਸ ਨੂੰ ਉਹ ਪ੍ਰੋਲਤਾਰੀ ਦੀ ਤਾਨਾਸ਼ਾਹੀ ਕਹਿੰਦੇ ਹਨ। ਇਸ ਸਿਧਾਂਤ ਦੇ ਦੁਆਰਾ ਉਹ ਲੋਕਾਂ ਨੂੰ ਰਾਜਨੀਤਕ ਅਧਿਕਾਰ ਤੋਂ ਵੰਚਿਤ ਰੱਖਦੇ ਹਨ। ਉਨ੍ਹਾਂ ਦੀ ਵਿਧਾਨਪਾਲਿਕਾ ਵਿੱਚ ਕੋਈ ਪ੍ਰਤੀਨਿਧਤਾ ਨਹੀਂ ਹੁੰਦੀ, ਲੋਕਾਂ ਨੂੰ ਵੋਟ ਦਾ ਅਧਿਕਾਰ ਨਹੀਂ ਹੁੰਦਾ। ਰਾਜ ਵਿੱਚ ਜਨਤਾ ਦੂਸਰੀ ਸ਼੍ਰੇਣੀ ਦੀ ਪਰਜਾ ਬਣ ਜਾਂਦੀ ਹੈ। ਉਹ ਸੱਤਾ ਦੀ ਭਾਗੀਦਾਰ ਨਹੀਂ ਹੁੰਦੀ ਬਲਕਿ ਸ਼ਾਸਿਤ ਹੁੰਦੀ ਹੈ। ਜਦੋਂ ਮੈਂ ਕਮਿਊਨਿਸਟ ਮਿੱਤਰਾਂ ਨੂੰ ਪੁੱਛਿਆ ਕਿ ਜਨਤਾ ਨੂੰ ਸ਼ਾਸਿਤ ਕਰਨ ਲਈ ਕੀ ਤਾਨਾਸ਼ਾਹੀ ਉਚਿਤ ਤਰੀਕਾ ਹੈ? ਤਾਂ ਉਹ ਬੋਲੇ ਕਿ ਅਸੀਂ ਤਾਨਾਸ਼ਾਹੀ ਪਸੰਦ ਨਹੀਂ ਕਰਦੇ, ਤਾਂ ਮੈਂ ਫਿਰ ਪੁੱਛਿਆ ਕਿ ਫਿਰ ਤੁਸੀਂ ਇਸ ਦੀ ਇਜ਼ਾਜਤ ਕਿਵੇਂ ਦਿੰਦੇ ਹੋ। ਉਹ ਕਹਿੰਦੇ ਹਨ ਕਿ ਇਹ ਇੱਕ ਅੰਤ੍ਰਿਮ ਵਿਵਸਥਾ ਹੈ। ਅਤੇ ਜਦੋਂ ਮੈਂ ਅੰਤ੍ਰਿਮ ਸਮੇਂ ਦੀ ਅਵਧੀ ਪੁੱਛਦਾ ਹਾਂ ਕਿ ਇਹ ਅਵਧੀ ਕਿੰਨੀ ਹੋਵੇਗੀ- 20 ਸਾਲ, 40 ਸਾਲ ਤਾਂ ਉਹ ਇਸ ਦਾ ਕੋਈ ਸਪਸ਼ਟ ਉੱਤਰ ਨਹੀਂ ਦਿੰਦੇ ਹਨ। ਕਮਿਊਨਿਸਟ ਪਾਰਟੀ ਦੇ ਬੁੱਧੀਮਾਨ ਲੋਕ ਇਹ ਹੀ ਦੁਹਰਾਉਂਦੇ ਰਹਿੰਦੇ ਹਨ ਕਿ ਪ੍ਰੋਲਤਾਰੀ ਦੀ ਤਾਨਾਸ਼ਾਹੀ ਖੁਦ ਹੀ ਸਮਾਪਤ ਹੋ ਜਾਏਗੀ। ਮੈਨੂੰ ਤਾਨਾਸ਼ਾਹੀ ਪਸੰਦ ਨਹੀਂ, ਹਿੰਸਾ ਪਸੰਦ ਨਹੀਂ, ਮੈਂ ਸ਼ਾਂਤੀ, ਅਹਿੰਸਾ ਅਤੇ ਸਹਿਹੋਂਦ ਵਿੱਚ ਵਿਸ਼ਵਾਸ ਕਰਦਾ ਹਾਂ। ਇਸ ਲਈ ਮੈਂ ਭਗਵਾਨ ਬੁੱਧ ’ਤੇ ਅਧਾਰਿਤ ਸਿੱਖਿਆਵਾਂ ਨੂੰ ਅਧਾਰ ਮੰਨ ਕੇ ਬੁੱਧ ਧਰਮ ਦੇ ਜੀਵਨ ਦੇ ਦਰਸ਼ਨ ਬਾਰੇ ਦੱਸ ਰਿਹਾ ਹਾਂ।”
ਭਾਰਤ ਦੀ ਵਰਤਮਾਨ ਸਰਕਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਮੂਲ ਰੂਪ ਵਿੱਚ ਬੁੱਧ ਦੇ ਦਰਸ਼ਨ ਸ਼ਾਂਤੀ, ਅਹਿੰਸਾ ਅਤੇ ਸਹਿਹੋਂਦ ਦੇ ਅਧਾਰ ’ਤੇ ਕੰਮ ਕਰ ਰਹੀ ਹੈ।

ਆਓ ਅਸੀਂ ਸਾਰੇ ਬੁੱਧ ਪੂਰਣਿਮਾ ਦੇ ਪਾਵਨ ਅਵਸਰ ’ਤੇ ਹਿੰਸਾ ਮੁਕਤ, ਭੈਅ-ਮੁਕਤ, ਸ਼ਾਂਤੀ, ਅਹਿੰਸਾ, ਸਹਿਣਸ਼ੀਲਤਾ ਅਤੇ ਸਹਿਹੋਂਦ ’ਤੇ ਅਧਾਰਿਤ ਵਿਸ਼ਵ ਵਿਵਸਥਾ ਬਣਾਉਣ ਦਾ ਸੰਕਲਪ ਲਈਏ ਅਤੇ ਮਾਨਵ ਸੱਭਿਅਤਾ ਦੇ ਲਈ ਦੁਖ ਅਤੇ ਸ਼ੋਸ਼ਣ ਤੋਂ ਮੁਕਤੀ ਦਾ ਰਾਹ ਖੋਲ੍ਹੀਏ।

ਲੇਖਕ: ਅਰਜੁਨ ਰਾਮ ਮੇਘਵਾਲ,
(ਕੇਂਦਰੀ ਸੰਸਦੀ ਮਾਮਲੇ, ਭਾਰੀ ਉਦਯੋਗ ਅਤੇ ਲੋਕ ਉੱਦਮ ਰਾਜ ਮੰਤਰੀ ਅਤੇ ਬੀਕਾਨੇਰ ਤੋਂ ਲੋਕ ਸਭਾ ਸਾਂਸਦ।)

- Advertisement -
Share this Article
Leave a comment