ਕੋਰੋਨਾ ਦਾ ਕਹਿਰ : ਅਮਰੀਕਾ ਵਿੱਚ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਮਰੀਜ਼ ਦੀ ਮੌਤ, 6 ਹਫਤੇ ਦੇ ਬੱਚੇ ਨੇ ਗਵਾਈ ਜਾਨ

TeamGlobalPunjab
3 Min Read

ਵਾਸ਼ਿੰਗਟਨ : ਦੁਨੀਆ ਦੀ ਮਹਾਂਸ਼ਕਤੀ ਮੰਨੇ ਜਾਂਦੇ ਅਮਰੀਕਾ ਵਿੱਚ ਕੋਰੋਨਾਵਾਇਰਸ (ਕੋਵਿਡ-19) ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇੱਕ ਰਿਪੋਰਟ ਅਨੁਸਾਰ ਬੀਤੇ ਬੁੱਧਵਾਰ ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ 6 ਹਫਤੇ ਦੀ ਬੱਚੇ ਦੀ ਮੌਤ ਹੋ ਗਈ ਹੈ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਉੱਪਰ ਜ਼ਿਆਦਾ ਪ੍ਰਭਾਵੀ ਹੁੰਦਾ ਹੈ।

ਇਸ ਦੀ ਜਾਣਕਾਰੀ ਕਨੈਟੀਕਟ ਦੇ ਰਾਜਪਾਲ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਅਮਰੀਕਾ ਵਿੱਚ ਕੋਰੋਨਾ ਨਾਲ ਇਹ ਸਭ ਤੋਂ ਘੱਟ ਉਮਰ ਦੇ ਮਰੀਜ਼ ਦੀ ਮੌਤ ਦਾ ਪਹਿਲਾਂ ਮਾਮਲਾ ਹੈ। ਰਾਜਪਾਲ ਨੇਡ ਲੈਮੋਂਟ ਨੇ ਬੁੱਧਵਾਰ ਨੂੰ ਇੱਕ ਟਵੀਟ ਰਾਹੀਂ ਦੱਸਿਆ ਸੀ ਕਿ ਉਕਤ ਨਵਜੰਮੇ ਬੱਚੇ ਨੂੰ ਪਿਛਲੇ ਹੀ ਹਫਤੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ। ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਉਕਤ ਨਵਜੰਮੇ ਬੱਚੇ ਦੀ ਜਾਂਚ ਰਿਪੋਰਟ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਬੱਚਾ ਕੋਰੋਨਾ ਵਾਇਰਸ ਨਾਲ ਸੰਕਰਮਿਤ ਸੀ।

ਇਸ ਤੋਂ ਪਹਿਲਾਂ ਇਲੀਨੋਇਸ ਡਿਪਾਰਟਮੈਂਟ ਆਫ ਪਬਲਿਕ ਹੈਲਥ ਦੇ ਡਾਇਰੈਕਟਰ ਡਾ. ਨਗੋਜੀ ਏਜਾਇਕ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਸ਼ਿਕਾਗੋ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਇੱਕ ਬੱਚੇ ਦੀ ਮੌਤ ਹੋ ਗਈ ਹੈ ਜਿਸ ਦੀ ਉਮਰ ਇਕ ਸਾਲ ਦੱਸੀ ਗਈ ਸੀ। ਪਰ ਬੀਤੇ ਬੁੱਧਵਾਰ ਨੂੰ ਕੋਰੋਨਾ ਨਾਲ ਜਿਸ ਨਵਜੰਮੇ ਬੱਚੇ ਦੀ ਮੌਤ ਹੋਈ ਹੈ ਉਹ ਮਹਿਜ਼ 6 ਹਫਤਿਆਂ ਦਾ ਸੀ। ਜੌਹਨ ਹਾਪਕਿੰਸ ਕੇਂਦਰ ਦੇ ਮੁਤਾਬਕ ਕੋਵਿਡ-19 ਦੇ ਕਾਰਨ ਅਮਰੀਕਾ ਵਿੱਚ 4,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲਗਭਗ 1,90,000 ਲੋਕ ਵਾਇਰਸ ਦੀ ਲਪੇਟ ਵਿੱਚ ਹਨ। ਜਦਕਿ ਪਿਛਲੇ 24 ਘੰਟੇ ਵਿੱਚ ਦੇਸ਼ ਵਿੱਚ 869 ਲੋਕਾਂ ਦੀ ਜਾਨ ਗਈ ਹੈ। ਦੁਨੀਆ ਵਿੱਚ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਾਮਲੇ ਅਮਰੀਕਾ ਵਿੱਚ ਹਨ।

ਇਸ ਤੋਂ ਇਲਾਵਾ ਬ੍ਰਿਟੇਨ ਵਿੱਚ ਕੋਰੋਨਾਵਾਇਰਸ ਨਾਲ 13 ਸਾਲ ਦੇ ਇੱਕ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੇ ਬੁੱਧਵਾਰ ਭਾਰਤ ਦੇ ਰਾਜ ਉੱਤਰ ਪ੍ਰਦੇਸ਼ ਵਿੱਚ ਵੀ ਇੱਕ 25 ਸਾਲਾ ਨੌਜਵਾਨ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਸੀ ਜੋ ਕਿ ਭਾਰਤ ਵਿੱਚ ਕੋਰੋਨਾ ਨਾਲ ਹੋਣ ਵਾਲੀ ਸਭ ਤੋਂ ਘੱਟ ਉਮਰ ਵਿੱਚ ਮੌਤ ਦਾ ਪਹਿਲਾਂ ਮਾਮਲਾ ਹੈ। ਦੱਸ ਦਈਏ ਕਿ ਵਿਸ਼ਵ ਪੱਧਰ ‘ਤੇ ਕੋਰੋਨਾਵਾਇਰਸ ਨਾਲ ਹੁਣ ਤੱਕ 45 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 9 ਲੱਖ ਤੋਂ ਵੱਧ ਲੋਕ ਇਸ ਵਾਇਰਸ ਦੀ ਲਪੇਟ ਵਿੱਚ ਹਨ।

- Advertisement -

 

Share this Article
Leave a comment