ਨਵੀਂ ਦਿੱਲੀ : ਘਰੇਲੂ ਹਿੰਸਾ ਦੇ ਮਾਮਲੇ ਵਿਚ ਪੰਜਾਬ ਦੇ ਨਾਮੀ ਪੰਜਾਬੀ ਰੈਪਰ ਹਨੀ ਸਿੰਘ ਵਿਰੁੱਧ ਉਸ ਦੀ ਪਤਨੀ ਵੱਲੋਂ ਕੇਸ ਕੀਤਾ ਹੋਇਆ ਹੈ। ਹਨੀ ਸਿੰਘ ਦੇ ਵਕੀਲ ਨੇ ਉਨ੍ਹਾਂ ਦੀ ਨਿਜੀ ਪੇਸ਼ੀ ਤੋਂ ਛੋਟ ਮੰਗੀ ਹੈ। ਵਕੀਲ ਦਾ ਕਹਿਣਾ ਹੈ ਕਿ ਹਨੀ ਸਿੰਘ ਬਿਮਾਰ ਹੈ। ਉਸ ਨੇ ਦਿੱਲੀ ਅਦਾਲਤ ਨੂੰ ਭਰੋਸਾ ਦਿਵਾਇਆ ਕਿ ਉਹ ਅਗਲੀ ਸੁਣਵਾਈ ਦੀ ਤਰੀਕ ਨੂੰ ਪੇਸ਼ ਹੋਏਗਾ।
ਉਥੇ ਹੀ ਦਿੱਲੀ ਅਦਾਲਤ ਨੇ ਹਨੀ ਸਿੰਘ ਦੀ ਮੈਡੀਕਲ ਰਿਪੋਰਟ ਅਤੇ ਇਨਕਮ ਟੈਕਸ ਰਿਟਰਨ ਮੰਗੀ ਹੈ ਅਤੇ ਕਿਹਾ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। ਹਨੀ ਸਿੰਘ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਛੇਤੀ ਤੋਂ ਛੇਤੀ ਮੈਡੀਕਲ ਰਿਕਾਰਡ ਅਤੇ ਇਨਕਮ ਟੈਕਸ ਰਿਟਰਨ ਦਾਖਲ ਕਰਨਗੇ।
ਪਤਨੀ ਸ਼ਾਲਿਨੀ ਤਲਵਾਰ ਨੇ ਹਨੀ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਕਈ ਗੰਭੀਰ ਦੋਸ਼ ਲਗਾਉਂਦੇ ਹੋਏ ਦਿੱਲੀ ਦੀ ਅਦਾਲਤ ਤੱਕ ਪਹੁੰਚ ਕੀਤੀ ਹੈ। ਪਤਨੀ ਸ਼ਾਲਿਨੀ ਤਲਵਾਰ ਨੇ ਘਰੇਲੂ ਹਿੰਸਾ ਦਾ ਕੇਸ ਦਾਇਰ ਕੀਤਾ ਹੈ ਅਤੇ ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਕਾਨੂੰਨ ਦੇ ਤਹਿਤ 10 ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ ਹੈ। ਪਤਨੀ ਸ਼ਾਲਿਨੀ ਦੀ ਪਟੀਸ਼ਨ ‘ਤੇ ਅਦਾਲਤ ਨੇ ਹਨੀ ਸਿੰਘ ਸਮੇਤ ਹੋਰਨਾਂ ਦੋਸ਼ੀਆਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ।