ਨਵੀਂ ਦਿੱਲੀ: ਨਿੱਜੀ ਖੇਤਰ ਦੇ ਯੈੱਸ ਬੈਂਕ ਨੇ 2,892 ਕਰੋੜ ਰੁਪਏ ਦੇ ਬਕਾਇਆ ਕਰਜ਼ੇ ਦੀ ਅਦਾਇਗੀ ਨਾ ਕਰਨ ਕਰ ਕੇ ਅਨਿਲ ਅੰਬਾਨੀ ਗਰੁੱਪ ਦੇ ਉਪਨਗਰ ਸਾਂਤਾਕਰੂਜ਼ ਦੇ ਮੁੱਖ ਦਫਤਰ ਦਾ ਕਬਜ਼ਾ ਲੈ ਲਿਆ ਹੈ। ਯੈੱਸ ਬੈਂਕ ਵਲੋਂ ਬੁੱਧਵਾਰ ਨੂੰ ਦਿੱਤੇ ਗਏ ਨੋਟਿਸ ਅਨੁਸਾਰ ਬੈਂਕ ਨੇ ਰਿਲਾਇੰਸ ਇੰਫਰਾਸਟਰਕਚਰ ਵਲੋਂ ਬਕਾਏ ਦਾ ਭੁਗਤਾਨ ਨਾਂ ਕਰਨ ਦੇ ਚਲਦੇ ਦੱਖਣੀ ਮੁੰਬਈ ਦੇ ਦੋ ਫਲੈਟਾਂ ਦਾ ਕਬਜ਼ਾਂ ਵੀ ਆਪਣੇ ਹੱਥ ਵਿੱਚ ਲੈ ਲਿਆ ਹੈ।
ਅਨਿਲ ਧੀਰੂਭਾਈ ਅੰਬਾਨੀ ਸਮੂਹ ਦੀ ਲਗਭਗ ਸਾਰੀ ਕੰਪਨੀਆਂ ਸਾਂਤਾਕਰੂਜ ਦਫ਼ਤਰ ਰਿਲਾਇੰਸ ਸੈਂਟਰ ਤੋਂ ਹੀ ਚਲਦੀਆਂ ਹਨ। ਹਾਲਾਂਕਿ, ਪਿਛਲੇ ਕੁੱਝ ਸਾਲ ਦੌਰਾਨ ਸਮੂਹ ਦੀਆਂ ਕੰਪਨੀਆਂ ਦੀ ਵਿੱਤੀ ਹਾਲਤ ਕਾਫ਼ੀ ਖ਼ਰਾਬ ਹੋ ਗਈ ਹੈ, ਜਦਕਿ ਕੁੱਝ ਕੰਪਨੀਆਂ ਨੂੰ ਆਪਣੀ ਹਿੱਸੇਦਾਰੀ ਵੇਚਣੀ ਪਈ ਹੈ।
ਯੈੱਸ ਬੈਂਕ ਨੇ ਕਿਹਾ ਕਿ ਉਸ ਨੇ 6 ਮਈ ਨੂੰ ਰਿਲਾਇੰਸ ਇੰਫਰਾਸਟਰਕਚਰ ਨੂੰ 2,892.44 ਕਰੋੜ ਰੁਪਏ ਦਾ ਬਕਾਇਆ ਚੁਕਾਉਣ ਦਾ ਨੋਟਿਸ ਦਿੱਤਾ ਸੀ। 60 ਦਿਨਾਂ ਦੇ ਨੋਟਿਸ ਦੇ ਬਾਵਜੂਦ ਸਮੂਹ ਬਕਾਇਆ ਨਹੀਂ ਭਰ ਸਕਿਆ। ਜਿਸ ਤੋਂ ਬਾਅਦ 22 ਜੁਲਾਈ ਨੂੰ ਉਸ ਨੇ ਤਿੰਨੇ ਜ਼ਾਇਦਾਦਾਂ ਦਾ ਕਬਜ਼ਾ ਲੈ ਲਿਆ। ਬੈਂਕ ਨੇ ਆਮ ਜਨਤਾ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਜ਼ਾਇਦਾਦਾਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਲੈਣਦੇਣ ਨਾਂ ਕੀਤਾ ਜਾਵੇ।