ਨਿਊਜ਼ ਡੈਸਕ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ BRICS ਸ਼ਿਖਰ ਸੰਮੇਲਨ 2026 ਵਿੱਚ ਹਿੱਸਾ ਲੈਣ ਲਈ ਨਵੀਂ ਦਿੱਲੀ ਪਹੁੰਚ ਗਏ ਹਨ। ਉਨ੍ਹਾਂ ਦਾ ਜਹਾਜ਼ ਦਿੱਲੀ ਦੇ ਪਾਲਮ ਏਅਰਬੇਸ ’ਤੇ ਲੈਂਡ ਹੋਇਆ। ਜਿਨਪਿੰਗ ਦੀ ਭਾਰਤ ਯਾਤਰਾ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਦੇ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ।
2019 ਤੋਂ ਬਾਅਦ ਪਹਿਲੀ ਭਾਰਤ ਯਾਤਰਾ
ਸ਼ੀ ਜਿਨਪਿੰਗ ਇਸ ਤੋਂ ਪਹਿਲਾਂ ਸਾਲ 2019 ਵਿੱਚ ਭਾਰਤ ਆਏ ਸਨ। ਉਸ ਸਮੇਂ ਚੇਨਈ ਨੇੜੇ ਮਾਮੱਲਾਪੁਰਮ ਵਿੱਚ ਭਾਰਤ ਅਤੇ ਚੀਨ ਦੇ ਆਗੂਆਂ ਵਿਚਾਲੇ ਗੈਰ-ਰਸਮੀ ਸ਼ਿਖਰ ਵਾਰਤਾ ਹੋਈ ਸੀ। ਹੁਣ ਕਰੀਬ ਸੱਤ ਸਾਲ ਬਾਅਦ ਉਨ੍ਹਾਂ ਦੀ ਭਾਰਤ ਯਾਤਰਾ ਹੋ ਰਹੀ ਹੈ।
ਇਸ ਦੌਰਾਨ ਭਾਰਤ ਵਿੱਚ ਚੀਨ ਦੇ ਰਾਜਦੂਤ ਸ਼ੂ ਫ਼ੇਹੋਂਗ ਨੇ ਸ਼ੁੱਕਰਵਾਰ ਦੇਰ ਰਾਤ ‘ਐਕਸ’ ’ਤੇ ਜਾਣਕਾਰੀ ਦਿੱਤੀ ਕਿ ਚੀਨ ਅਤੇ ਭਾਰਤ, ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਦੋਪੱਖੀ ਮੁਲਾਕਾਤ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਹਨ।
6 ਸਾਲ ਬਾਅਦ ਸਿੱਧੀ ਉਡਾਣ ਬਹਾਲ
ਜਿਨਪਿੰਗ ਦੇ ਭਾਰਤ ਪਹੁੰਚਣ ਤੋਂ ਠੀਕ ਪਹਿਲਾਂ ਚੀਨ ਦੀ ‘ਚਾਈਨਾ ਸਦਰਨ ਏਅਰਲਾਈਨਜ਼’ ਨੇ ਵੀ ਭਾਰਤ ਅਤੇ ਚੀਨ ਵਿਚਾਲੇ ਸਿੱਧੀ ਉਡਾਣ ਸੇਵਾ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਏਅਰਲਾਈਨ ਮੁਤਾਬਕ 21 ਸਤੰਬਰ ਤੋਂ ਗੁਆਂਗਝੋਉ ਅਤੇ ਨਵੀਂ ਦਿੱਲੀ ਵਿਚਾਲੇ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਹੋਣਗੀਆਂ। ਇਹ ਸੇਵਾ ਕਰੀਬ ਛੇ ਸਾਲ ਬਾਅਦ ਬਹਾਲ ਕੀਤੀ ਜਾ ਰਹੀ ਹੈ।
ਏਅਰਲਾਈਨ ਨੇ ਦੱਸਿਆ ਕਿ ਇਸ ਸੇਵਾ ਦੇ ਮੁੜ ਸ਼ੁਰੂ ਹੋਣ ਤੋਂ ਬਾਅਦ ਦੱਖਣੀ ਏਸ਼ੀਆ ਵਿੱਚ ਉਸ ਦੀਆਂ ਹਫ਼ਤਾਵਾਰੀ ਉਡਾਣਾਂ ਦੀ ਗਿਣਤੀ 100 ਤੋਂ ਵੱਧ ਹੋ ਜਾਵੇਗੀ। ਕੰਪਨੀ ਦੱਖਣੀ ਏਸ਼ੀਆ ਦੇ ਅੱਠ ਰੂਟਾਂ ’ਤੇ ਆਉਣ-ਜਾਣ ਵਾਲੀਆਂ ਉਡਾਣਾਂ ਚਲਾਏਗੀ।
ਕੋਰੋਨਾ ਤੋਂ ਬਾਅਦ ਬੰਦ ਹੋਈ ਸੀ ਸੇਵਾ
ਭਾਰਤ ਅਤੇ ਚੀਨ ਵਿਚਾਲੇ ਸਿੱਧੀ ਯਾਤਰੀ ਉਡਾਣ ਸੇਵਾ ਸਾਲ 2020 ਵਿੱਚ ਕੋਰੋਨਾ ਮਹਾਮਾਰੀ ਤੋਂ ਬਾਅਦ ਬੰਦ ਹੋ ਗਈ ਸੀ। ਇਸ ਤੋਂ ਬਾਅਦ ਪੂਰਬੀ ਲੱਦਾਖ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੱਕ ਚੱਲੇ ਫੌਜੀ ਤਣਾਅ ਕਾਰਨ ਵੀ ਇਹ ਉਡਾਣ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਨਹੀਂ ਹੋ ਸਕੀਆਂ ਸਨ।

