ਨਵੀਂ ਦਿੱਲੀ:ਕਾਮੇਡੀਅਨ ਵੀਰ ਦਾਸ ਆਪਣੇ ਭਾਰਤ ਵਿਰੋਧੀ ਬਿਆਨ ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਏ ਹਨ। ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਰ ਦਾਸ ਨੇ ਹਾਲ ਹੀ ਵਿੱਚ ਆਪਣੇ ਯੂਟਿਊਬ ਚੈਨਲ ਉੱਤੇ ਵਾਸ਼ਿੰਗਟਨ ਡੀਸੀ ਵਿੱਚ ਜੌਹਨ ਐਫ ਕੈਨੇਡੀ ਸੈਂਟਰ ਫਾਰ ਪਰਫਾਰਮਿੰਗ ਆਰਟਸ ਵਿੱਚ ਆਪਣੇ ਪ੍ਰਦਰਸ਼ਨ ਦੀ ਇੱਕ ਵੀਡੀਓ ਪੋਸਟ ਕੀਤੀ ਹੈ। ਵੀਰ ਨੇ ਛੇ ਮਿੰਟ ਦੀ ਇਸ ਵੀਡੀਓ ਵਿੱਚ ਅਮਰੀਕਾ ਦੇ ਲੋਕਾਂ ਸਾਹਮਣੇ ਭਾਰਤ ਦੇ ਲੋਕਾਂ ਦੇ ਦੋਹਰੇ ਕਿਰਦਾਰ ਦਾ ਜ਼ਿਕਰ ਕੀਤਾ ਹੈ। ਜਿਸ ਤੋਂ ਬਾਅਦ ਮੁੰਬਈ ‘ਚ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਗਿਆ।
ਵੀਰ ‘ਤੇ ਭਾਰਤ ਵਿਰੁੱਧ ਅਪਮਾਨਜਨਕ ਬਿਆਨ ਦੇਣ ਦੇ ਦੋਸ਼ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਬੰਬੇ ਹਾਈਕੋਰਟ ਦੇ ਐਡਵੋਕੇਟ ਆਸ਼ੂਤੋਸ਼ ਦੂਬੇ ਨੇ ਮੁੰਬਈ ਪੁਲਿਸ ਵਿੱਚ ਐਫਆਈਆਰ ਦਰਜ ਕਰਵਾਈ ਹੈ। ਆਸ਼ੂਤੋਸ਼ ਭਾਜਪਾ ਮਹਾਰਾਸ਼ਟਰ ਪਾਲਘਰ ਜ਼ਿਲ੍ਹੇ ਦੇ ਕਾਨੂੰਨੀ ਸਲਾਹਕਾਰ ਹਨ। ਹਾਲਾਂਕਿ, ਵੀਰ ਨੇ ਆਪਣੋ ਮੋਨੋਲੋਗ ‘ਤੇ ਸਫਾਈ ਦਿੰਦੇ ਹੋਏ ਕਿਹਾ ਕਿ, ‘I Come From Two Indias’ ਦਾ ਮਕਸਦ ਬਿਲਕੁਲ ਵੀ ਭਾਰਤ ਦਾ ਅਪਮਾਨ ਕਰਨਾ ਨਹੀਂ ਸੀ। ਉਸ ਨੇ ਆਪਣੇ ਪ੍ਰੋਗਰਾਮ ਵਿੱਚ ‘ਦੋ ਇੰਡੀਆ’ (Two Indias) ਵਿੱਚ ਪ੍ਰਦੂਸ਼ਣ, AQI, ਕੋਵਿਡ-19, ਸਮੂਹਿਕ ਬਲਾਤਕਾਰ, ਪਟਾਕਿਆਂ, ਕਿਸਾਨ ਅੰਦੋਲਨ ਵਰਗੇ ਮੁੱਦਿਆਂ ਦਾ ਜ਼ਿਕਰ ਕੀਤਾ। ਇਸ ਦੌਰਾਨ ਉਸ ਨੇ ਕਿਹਾ ਕਿ ‘ਮੈਂ ਉਸ ਭਾਰਤ ਤੋਂ ਆਉਂਦਾ ਹਾਂ, ਜਿਥੇ ਅਸੀਂ ਦਿਨ ਵਿੱਚ ਔਰਤਾਂ ਦੀ ਪੂਜਾ ਕਰਦੇ ਹਾਂ ਅਤੇ ਰਾਤ ਨੂੰ ਸਮੂਹਿਕ ਬਲਾਤਕਾਰ ਕਰਦੇ ਹਾਂ।
ਦੇਸ਼ ਦਾ ਅਪਮਾਨ ਕਰਨ ਵਾਲੇ ਸ਼ਬਦਾਂ ਕਾਰਨ ਵੀਰ ਦਾਸ ਨੂੰ ਹੁਣ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਉਸ ਨੂੰ ‘ਗੱਦਾਰ’ ਵੀ ਕਹਿ ਰਹੇ ਹਨ।ਭਾਜਪਾ ਕਾਰਕੁਨ ਪ੍ਰੀਤੀ ਗਾਂਧੀ ਨੇ ਵੀ ਵੀਡੀਓ ਸ਼ੇਅਰ ਕਰਕੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਉਸ ਨੇ ਲਿਖਿਆ ਹੈ ਕਿ ਦੇਸ਼ ਬਾਰੇ ਇਹ ਬਿਆਨ ਘਿਣਾਉਣਾ ਅਤੇ ਬਕਵਾਸ ਹੈ।
You come from an India, @VirDas, where you make a living by insulting your own nation!!
You come from an India, that allows your disgusting, derogative nonsense to pass off as freedom of speech!!
You come from an India, that has tolerated your slander for way to long!!#Shame pic.twitter.com/YGRfDqQknj
— Priti Gandhi – प्रीति गांधी (@MrsGandhi) November 16, 2021
ਵੀਰ ਦਾਸ ਦੇ ਮੋਨੋਲੋਗ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਐਡਵੋਕੇਟ ਆਸ਼ੂਤੋਸ਼ ਦੂਬੇ ਨੇ ਮੁੰਬਈ ‘ਚ ਐਫਆਈਆਰ ਦਰਜ ਕਰਵਾਈ ਹੈ ਅਤੇ ਟਵਿੱਟਰ ‘ਤੇ ਲਿਖਿਆ, ‘ਵੀਰ ਦਾਸ ਨੇ ਅਮਰੀਕਾ ‘ਚ ਭਾਰਤ ਦਾ ਅਕਸ ਖਰਾਬ ਕੀਤਾ ਹੈ। ਦੇਸ਼ ਦੇ ਕੋਨੇ ਕੋਨੇ ਤੋਂ ਵੀਰ ਦਾਸ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।’
ਮਾਮਲਾ ਵਧਦਾ ਦੇਖ ਵੀਰ ਦਾਸ ਨੇ ਵੀ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਸਪੱਸ਼ਟੀਕਰਨ ਦਿੱਤਾ ਹੈ। ਉਸਨੇ ਕਿਹਾ ਕਿ ‘ਮੇਰਾ ਇਰਾਦਾ ਦੇਸ਼ ਦਾ ਅਪਮਾਨ ਕਰਨ ਦਾ ਨਹੀਂ ਸੀ, ਬਲਕਿ ਯਾਦ ਦਿਵਾਉਣ ਦਾ ਸੀ ਕਿ ਆਪਣੇ ਤਮਾਮ ਮੁੱਦਿਆਂ ਦੇ ਬਾਵਜੂਦ ਸਾਡਾ ਦੇਸ਼ ਮਹਾਨ ਹੈ। ਇੱਕ ਹੀ ਵਿਸ਼ੇ ‘ਤੇ ਦੋ ਵੱਖ ਵੱਖ ਵਿਚਾਰ ਰੱਖਣ ਵਾਲੇ ਲੋਕਾਂ ਬਾਰੇ ਵੀਡੀਓ ਵਿੱਚ ਗੱਲਬਾਤ ਹੋ ਰਹੀ ਹੈ ਅਤੇ ਇਹ ਕਿਸੇ ਤਰ੍ਹਾਂ ਦਾ ਰਾਜ਼ ਨਹੀਂ ਹੈ, ਜਿਸ ਨੂੰ ਲੋਕ ਨਾ ਜਾਣਦੇ ਹੋਣ। ਭਾਰਤ ਨੂੰ ਲੋਕ ਇੱਕ ਉਮੀਦ ਨਾਲ ਵੇਖਦੇ ਹਨ, ਨਫਰਤ ਨਾਲ ਨਹੀਂ। ਲੋਕ ਭਾਰਤ ਲਈ ਤਾੜੀਆਂ ਵਜਾਉਂਦੇ ਹਨ, ਇੱਜਤ ਦਿੰਦੇ ਹਨ ਅਤੇ ਮੈਨੂੰ ਆਪਣੇ ਦੇਸ਼ ‘ਤੇ ਮਾਣ ਹੈ। ਮੈਂ ਇਸ ਮਾਣ ਨਾਲ ਜਿਊਂਦਾ ਹਾਂ।’