ਵਿਧਾਇਕ ਬਾਜਵਾ ਦੇ ਪੁੱਤਰ ਨੇ ਸਰਕਾਰੀ ਨੌਕਰੀ ਲੈਣ ਤੋਂ ਕੀਤਾ ਇਨਕਾਰ : ਹਰੀਸ਼ ਰਾਵਤ

TeamGlobalPunjab
3 Min Read

ਨਵੀਂ ਦਿੱਲੀ (ਦਵਿੰਦਰ ਸਿੰਘ) : ਤਰਸ ਦੇ ਆਧਾਰ ‘ਤੇ ਦੋ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਗਲੇ ਦੀ ਹੱਡੀ ਬਣ ਚੁੱਕਾ ਹੈ। ਇਸ ਮਸਲੇ ਨਾਲ ਕੁਝ ਕਾਂਗਰਸੀ ਆਗੂਆਂ ਦਾ ਸੁੱਤਾ ਪਿਆ ਜਮੀਰ ਜਾਗ ਪਿਆ ਹੈ। ਹੁਣ ਤਾਂ ਕਈ ਕਾਂਗਰਸੀ ਵਿਧਾਇਕ ਖੁੱਲ ਕੇ ਕੈਪਟਨ ਅਮਰਿੰਦਰ ਸਿੰਘ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ। ਉਧਰ ਕਾਂਗਰਸ ਹਾਈਕਮਾਂਡ ਵੱਲੋਂ ਵੀ ਮੁੱਖ ਮੰਤਰੀ ਨੂੰ ਘੁੱਟੀ ਪਿਲਾਈ ਗਈ ਹੈ ਕਿ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕੀਤੇ ਜਾਣ।

 

ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਅੱਜ ਇਹ ਕਹਿ ਕਿ ਵਿਰੋਧੀਆਂ ਦੀ ਬੋਲਤੀ ਬੰਦ ਕਰ ਦਿੱਤੀ ਕਿ ਪੰਜਾਬ ਦੇ ਕਾਦੀਆਂ ਤੋਂ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਦੇ ਬੇਟੇ ਅਰਜੁਨ ਬਾਜਵਾ ਨੇ ਸਰਕਾਰੀ ਨੌਕਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਅੱਜ ਦਿੱਲੀ ਵਿਖ਼ੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਵਤ ਨੇ ਕਿਹਾ ਕਿ ਅਜੇ ਦੂਜੇ ਵਿਧਾਇਕ ਰਾਕੇਸ਼ ਪਾਂਡੇ ਦੇ ਬੇਟੇ ਭੀਸ਼ਮ ਪਾਂਡੇ ਬਾਰੇ ਸਥਿਤੀ ਸਪਸ਼ਟ ਨਹੀਂ ਹੈ ਪਰ ਇਹ ਪੱਕਾ ਹੈ ਕਿ ਬਾਜਵਾ ਨੇ ਪਾਰਟੀ ਅਤੇ ਸਰਕਾਰ ਦਾ ਧੰਨਵਾਦ ਕਰਦੇ ਹੋਏ ਪੁਲਿਸ ਵਿੱਚ ਮਿਲੀ ਨੌਕਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

- Advertisement -

ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੇਅਦਬੀ ਅਤੇ ਨਸ਼ੇ ਦੇ ਮੁੱਦੇ ਦਾ ਹੱਲ ਕੱਢਿਆ ਜਾਵੇਗਾ । ਉਨ੍ਹਾਂ ਕਿਹਾ ਕਿ ਸਿੱਧੂ ਦੀ ਬਿਆਨਬਾਜ਼ੀ ਦਾ ਨੋਟਿਸ ਲਿਆ ਗਿਆ ਹੈ । ਇਸਦੇ ਨਾਲ ਹੀ ਉਨ੍ਹਾਂ ਕਿਹਾ ਕੀ ਕੈਪਟਨ ਨੂੰ ਵਾਅਦੇ ਪੂਰੇ ਕਰਨ ਦੇ ਲਈ ਹਾਈਕਮਾਨ ਨੇ ਡੈੱਡਲਾਈਨ ਦਿੱਤੀ ਹੈ ।

 

 

ਜ਼ਿਕਰਯੋਗ ਹੈ ਕਿ ਪੰਜਾਬ ਕੈਬਨਿਟ ਵੱਲੋਂ ਫ਼ਤਹਿਜੰਗ ਸਿੰਘ ਬਾਜਵਾ ਦੇ ਬੇਟੇ ਅਰਜੁਨ ਬਾਜਵਾ ਨੂੰ ਪੁਲਿਸ ਵਿੱਚ ਇੰਸਪੈਕਟਰ ਅਤੇ ਰਾਕੇਸ਼ ਪਾਂਡੇ ਦੇ ਬੇਟੇ ਭੀਸ਼ਮ ਪਾਂਡੇ ਨੂੰ ਨਾਇਬ ਤਹਿਸੀਲਦਾਰ ਵਜੋਂ ਨਿਯੁਕਤ ਕਰਨ ਨੂੰ ਪ੍ਰਵਾਨਗੀ ਦਿੱਤੀ ਸੀ ਜਿਸ ਮਗਰੋਂ ਨਾ ਕੇਵਲ ਵਿਰੋਧੀ ਧਿਰਾਂ ਨੇ ਇਸ ਫ਼ੈਸਲੇ ’ਤੇ ਸਵਾਲ ਚੁੱਕੇ ਸਨ ਸਗੋਂ ਪਾਰਟੀ ਦੇ ਅੰਦਰੋਂ ਵੀ ਇਸ ਫ਼ੈਸਲੇ ਦੇ ਖਿਲਾਫ਼ ਸੁਰਾਂ ਉੱਠੀਆਂ ਸਨ।

ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਇਹ ਫ਼ੈਸਲਾ ਪਰਿਵਾਰਾਂ ਦੀ ਕੁਰਬਾਨੀ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ ਅਤੇ ਇਹ ਵਾਪਿਸ ਨਹੀਂ ਹੋਵੇਗਾ। ਇਸੇ ਗੱਲ ਦੇ ਸਮਰਥਨ ਵਿੱਚ ਕੁਝ ਮੰਤਰੀ, ਸੰਸਦ ਮੈਂਬਰ ਅਤੇ ਵਿਧਾਇਕ ਵੀ ਨਿੱਤਰੇ ਸਨ।

- Advertisement -

ਇਸ ਫ਼ੈਸਲੇ ਦੀ ਵਿਰੋਧਤਾ ਕਰਨ ਵਾਲਿਆਂ ਦੀ ਸੂਚੀ ਵਿੱਚ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖ਼ੜ, ਪ੍ਰਦੇਸ਼ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਵਿਧਾਇਕ ਪਰਗਟ ਸਿੰਘ, ਵਿਧਾਇਕ ਅੰਗਦ ਸਿੰਘ ਸੈਣੀ , ਵਿਧਾਇਕ ਕੁਲਜੀਤ ਸਿੰਘ ਨਾਗਰਾ , ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਇਕ ਹਰਜੋਤ ਕਮਲ ਸਿਘ ਸਣੇ ਕਈ ਆਗੂ ਸ਼ਾਮਲ ਹਨ।

Share this Article
Leave a comment