ਵਿਸ਼ਵ ਨਸ਼ਾ ਵਿਰੋਧੀ ਦਿਵਸ – ਨਸ਼ਾ ਹੈ ਵਿਨਾਸ਼ ਦੀ ਜੜ੍ਹ

TeamGlobalPunjab
5 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ;

ਇਸ ਕੋਈ ਅਤਿਕਥਨੀ ਨਹੀਂ ਹੈ ਕਿ ਨਸ਼ਾ ਵਿਨਾਸ਼ ਦੀ ਜੜ੍ਹ ਹੈ। ਇਹ ਕਿਸੇ ਵੀ ਮੁਲਕ ਦੀ ਨਾਗਰਿਕਾਂ ਦੀ ਸ਼ਰੀਰਕ ਤੇ ਮਾਨਸਿਕ ਸਿਹਤ ਦੇ ਨਾਲ ਨਾਲ ਉਸ ਮੁਲਕ ਦੀ ਆਰਥਿਕਤਾ ਅਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਵੱਡੀ ਢਾਹ ਲਗਾਉਂਦਾ ਹੈ। ਨਸ਼ੀਲੇ ਪਦਾਰਥਾਂ ਦੀ ਵਰਤੋਂ ਤੇ smmugling ਦਾ ਕਾਲਾ ਕਾਰੋਬਾਰ ਖ਼ਤਮ ਕਰਨ ਲਈ ਹਰੇਕ ਦੇਸ਼ ਵੱਲੋਂ ਤੇ ਕੌਮਾਂਤਰੀ ਸੰਸਥਾ ਸੰਯੁਕਤ ਰਾਸ਼ਟਰ ਸੰਘ ਵੱਲੋਂ ਵੱਡੇ ਯਤਨ ਕੀਤੇ ਜਾ ਰਹੇ ਹਨ ਪਰ ਕੌੜਾ ਸੱਚ ਇਹ ਹੈ ਕਿ ਨਸ਼ੀਲੇ ਪਦਾਰਥਾਂ ਦੀ ਖ਼ਰੀਦੋ-ਫ਼ਰੋਖ਼ਤ ਅਤੇ ਵਰਤੋਂ ਵਿੱਚ ਕੋਈ ਸੰਤੁਸ਼ਟੀਜਨਕ ਕਮੀ ਨਹੀਂ ਆ ਰਹੀ ਹੈ ਤੇ ਪੰਜਾਬ ਜਿਹੇ ਖ਼ੁਸ਼ਹਾਲ ਸੂਬੇ ਦੇ ਮੱਥੇ ‘ਤੇ ਵੀ ਨਸ਼ਿਆਂ ਦੀ ਧਰਤੀ ਹੋਣ ਦਾ ਕਲੰਕ ਲੱਗ ਚੁੱਕਾ ਹੈ। ਨਸ਼ੀਲੇ ਪਦਾਰਥਾਂ ਦੀ ਖ਼ਰੀਦੋ-ਫ਼ਰੋਖ਼ਤ ਨੂੰ ਮਿਲਣ ਵਾਲੀ ਪੁਲਸੀਆ ਅਤੇ ਸਿਆਸੀ ਸਰਪ੍ਰਸਤੀ ਦੀਆਂ ਗੱਲਾਂ ਤਾਂ ਮੀਡੀਆ ਵਿੱਚ ਬਹੁਤ ੳੁੱਠਦੀਆਂ ਹਨ ਪਰ ਕੰਧ ‘ਤੇ ਲਿਖੀ ਹਕੀਕਤ ਇਹ ਹੈ ਕਿ ਇਸ ਗਠਜੋੜ ਦੇ ਟੁੱਟਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ ਹਨ।

ਸੰਨ 1987 ਵਿੱਚ 17 ਜੂਨ ਤੋਂ 26 ਜੂਨ ਤੱਕ ਵੀਆਨਾ ਵਿਖੇ ਨਸ਼ਿਆਂ ਅਤੇ ਨਸ਼ੀਲੇ ਪਦਾਰਥਾਂ ਦੀ ਅਲਾਮਤ ਸਬੰਧੀ ਇੱਕ ਵਿਸ਼ਵ ਪੱਧਰੀ ਕਾਨਫਰੰਸ ਕੀਤੀ ਗਈ ਸੀ ਤੇ ਇਸ ਕਾਨਫਰੰਸ ਦੇ ਆਖ਼ਰੀ ਦਿਨ ਭਾਵ 26 ਜੂਨ ਨੂੰ ‘ਨਸ਼ਿਆਂ ਦੀ ਅਲਾਮਤ ਅਤੇ ਨਸ਼ੀਲੇ ਪਦਾਰਥ ਦੇ ਗ਼ੈਰ-ਕਾਨੂੰਨੀ ਵਪਾਰ ਸਬੰਧੀ ਐਲਾਨਨਾਮੇ ’ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਤੇ ਕਾਨਫਰੰਸ ਵਿੱਚ ਵੱਖ ਵੱਖ ਮੁਲਕਾਂ ਦੇ ਪ੍ਰਤੀਨਿਧੀਆਂ ਨੇ ਇਹ ਸੁਝਾਅ ਦਿੱਤਾ ਸੀ ਕਿ ਨਸ਼ੀਲੇ ਪਦਾਰਥਾਂ ਦੀ ਗ਼ੈਰਕਾਨੂੰਨੀ ਵਰਤੋਂ ਤੇ ਵਪਾਰ ਖ਼ਿਲਾਫ਼ ਸਾਲ ਵਿੱਚ ਘੱਟੋ ਘੱਟ ਇੱਕ ਦਿਨ ਜ਼ਰੂਰ ਮਨਾਇਆ ਜਾਵੇ ਤੇ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿੱਚ 7 ਦਸੰਬਰ, 1987 ਨੂੰ ਇੱਕ ਮਤਾ ਪਾਸ ਕਰਕੇ ਉਕਤ ਦਿਵਸ ਮਨਾਉਣ ਸਬੰਧੀ ਕਾਰਵਾਈ ਅਰੰਭ ਕਰ ਦਿੱਤੀ ਗਈ ਸੀ ਤੇ ਅਖੀਰ ਸੰਨ 1989 ਵਿੱਚ ਪਹਿਲਾ ‘ ਨਸ਼ਿਆਂ ਦੀ ਅਲਾਮਤ ਅਤੇ ਨਸ਼ੀਲੇ ਪਦਾਰਥਾਂ ਦਾ ਗ਼ੈਰ ਕਾਨੂੰਨੀ ਵਪਾਰ ਵਿਰੋਧੀ ਦਿਵਸ ’ ਮਨਾ ਲਿਆ ਗਿਆ ਸੀ। ਇਸ ਦਿਨ ਨੂੰ ਚੁਣਨ ਦਾ ਮੂਲ ਕਾਰਨ ਇਹ ਸੀ ਕਿ ਸੰਨ 1839 ਵਿੱਚ ਚੀਨ ਵਿਖੇ ਹੋਏ ‘ ਅਫ਼ੀਮ ਯੁੱਧ’ ਤੋਂ ਪਹਿਲਾਂ ਲਿਨ ਜ਼ੈਕਸੂ ਨੇ ਗੁਆਨਡੋਂਗ ਦੇ ਹਿਊਮੇਨ ਇਲਾਕੇ ਵਿੱਚ ਅਫ਼ੀਮ ਦੇ ਗ਼ੈਰ-ਕਾਨੂੰਨੀ ਵਪਾਰ ਨੂੰ ਨੇਸਤਨਾਬੂਦ ਕਰਨ ਲਈ ਜੰਗੀ ਪੱਧਰ ਦੀ ਕਾਰਵਾਈ ਅਰੰਭ ਕੀਤੀ ਸੀ ਜੋ ਕਿ 25 ਜੂਨ, 1839 ਨੂੰ ਖ਼ਤਮ ਹੋਈ ਸੀ।

ਸੰਯੁਕਤ ਰਾਸ਼ਟਰ ਨੇ ਸੰਨ 2007 ਵਿੱਚ ਦੱਸਿਆ ਸੀ ਕਿ ਉਸ ਵੇਲੇ ਦੁਨੀਆ ਵਿੱਚ 322 ਮਿਲੀਅਨ ਅਮਰੀਕੀ ਡਾਲਰ ਦੀ ਕੀਮਤ ਦੇ ਬਰਾਬਰ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਦੁਨੀਆ ਵਿੱਚ ਚੱਲ ਰਿਹਾ ਸੀ ਤੇ ਸੰਨ 2008 ਵਿੱਚ ਵਿਸ਼ਵ ਪੱਧਰ ‘ਤੇ ਕੇਵਲ ਹੈਰੋਇਨ ਦਾ ਵਪਾਰ ਹੀ 450 ਟਨ ਸੀ। ਭਾਰਤ ਦੀ ਸਰਹੱਦ ਪਾਕਿਸਤਾਨ ਨਾਲ ਅਤੇ ਪਾਕਿਸਤਾਨ ਦੀ ਸਰਹੱਦ ਅਫ਼ਗਾਨਿਸਤਾਨ ਨਾਲ ਲੱਗੀ ਹੋਣ ਕਰਕੇ ਇਸ ਰੂਟ ਤੋਂ ਕਾਫੀ ਨਸ਼ੀਲੇ ਪਦਾਰਥ ਭਾਰਤ ਤੱਕ ਪੁੱਜਦੇ ਹਨ ਤੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿੱਚ ਮੁਨਾਫ਼ਾ ਕਰੋੜਾਂ ਜਾਂ ਅਰਬਾਂ ਰੁਪਿਆਂ ਵਿੱਚ ਹੋਣ ਕਰਕੇ ਇੱਥੇ ਕਈ ਵੱਡੇ ਖਿਡਾਰੀ ਸ਼ਰਾਫ਼ਤ ਦਾ ਲਬਾਦਾ ਪਹਿਨ ਕੇ ਇਹ ਕਾਰੋਬਾਰ ਧੜੱਲੇ ਨਾਲ ਕਰਦੇ ਹਨ। ਹੈਰਾਨੀ ਦੀ ਗੱਲ ਹੈ ਕਿ ਸੰਨ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਗੁਜਰਾਤ ਵਿੱਚ 5243 ਕਰੋੜ ਰੁਪਏ,ਦਿੱਲੀ ਵਿੱਚ 3746 ਕਰੋੜ,ਪੰਜਾਬ ਵਿੱਚ 2185 ਕਰੋੜ, ਮਨੀਪੁਰ ‘ਚ 319 ਕਰੋੜ ਰੁਪਏ ਅਤੇ ੳਤਰ ਪ੍ਰਦੇਸ਼ ਵਿੱਚ 283 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਫੜੇ ਗਏ ਸਨ। ਪੰਜਾਬ ਵਿੱਚ ਸੰਨ 2019 ਵਿੱਚ 1 ਜਨਵਰੀ ਨੂੰ 2700 ਕਰੋੜ ਰੁਪਏ ਦੇ ਮੁੱਲ ਦੇ ਅਤੇ 31 ਜਨਵਰੀ,2020 ਨੂੰ ਦੋ ਹਜ਼ਾਰ ਕਰੋੜ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ ਫੜੇ ਗਏ ਸਨ ਜੋ ਕਿ ਇਹ ਬਿਆਨ ਕਰਨ ਲਈ ਕਾਫੀ ਹਨ ਕਿ ਨਸ਼ੀਲੇ ਪਦਾਰਥਾਂ ਦਾ ਕਾਲਾ ਕਾਰੋਬਾਰ ਕਿੰਨੇ ਵੱਡੇ ਪੱਧਰ ‘ਤੇ ਇਸ ਸੂਬੇ ‘ਚ ਚੱਲ ਰਿਹਾ ਹੈ। ਹੋਰ ਤਾਂ ਹੋਰ ‘ਉੜਤਾ ਪੰਜਾਬ ’ ਸਿਰਲੇਖ ਹੇਠ ਫ਼ਿਲਮ ਬਣਾ ਕੇ ਬਾਲੀਵੁੱਡ ਨੇ ਪੰਜਾਬ ਅੰਦਰ ਪਸਰੇ ਨਸ਼ਿਆਂ ਦੇ ਮਕੜਜਾਲ ਦਾ ਪਾਜ ਉਘੇੜਿਆ ਸੀ।

- Advertisement -

ਅੱਜ ਦੇ ਦਿਨ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਗ਼ੈਰ-ਕਾਨੂੰਨੀ ਵਪਾਰ ਦੀਆਂ ਗੱਲਾਂ ਕਰਕੇ ਜਾਂ ਸੈਮੀਨਾਰ ਤੇ ਕਾਨਫਰੰਸਾਂ ਕਰਕੇ ਸਾਰ ਲੈਣ ਨਾਲ ਕੁਝ ਨਹੀਂ ਬਣਨਾ ਹੈ। ਨਸ਼ਿਆਂ ਖ਼ਿਲਾਫ਼ ਲੋਕ ਲਹਿਰ ਦੀ ਭਾਰੀ ਲੋੜ ਹੈ ਤੇ ਇਸ ਲਹਿਰ ਨੂੰ ਸ਼ੁਰੂ ਕਰਨ ਤੇ ਇਸਦੀ ਯੋਗ ਅਗਵਾਈ ਕਰਕੇ ਇਸਨੂੰ ਸਫ਼ਲ ਬਣਾਉਣ ਲਈ ਲੋੜੀਂਦਾ ਕੋਈ ਹਿੰਮਤੀ ਆਗੂ ਮਿਲਣਾ ਅਜੇ ਬਾਕੀ ਹੈ। ਉਂਜ ਸੂਬਾ ਸਰਕਾਰ ਵੱਲੋਂ ‘ਓਟ’ ਸਿਰਲੇਖ ਹੇਠ 31 ਦਸੰਬਰ,2019 ਤੱਕ 194 ਨਸ਼ਾ-ਛੁਡਾਊ ਕੇਂਦਰ ਸਥਾਪਿਤ ਕੀਤੇ ਗਏ ਸਨ ਜਿਨ੍ਹਾ ਵਿੱਚੋਂ 107 ਨਿਜੀ ਕੇਂਦਰ ਸਨ ਜਿਨ੍ਹਾ ਵਿੱਚ ਉਸ ਵੇਲੇ 2.5 ਲੱਖ ਅਤੇ ਸਰਕਾਰੀ ਕੇਂਦਰ ਵਿੱਚ 1.5 ਲੱਖ ਮਰੀਜ਼ ਇਲਾਜ ਹਿੱਤ ਦਾਖ਼ਲ ਕੀਤੇ ਗਏ ਸਨ। ਅਸਲ ਵਿੱਚ ਨਸ਼ਿਆਂ ਅਤੇ ਨਸ਼ੀਲੇ ਪਦਾਰਥਾਂ ਨੂੰ ਖ਼ਤਮ ਕਰਨ ਲਈ ਇੱਕਤਰਫ਼ਾ ਨਹੀਂ ਸਗੋਂ ਚੌਤਰਫ਼ਾ ਹੰਭਲੇ ਤੇ ਹਮਲੇ ਦੀ ਲੋੜ ਹੈ ਜਿਸ ਵਿੱਚ ਸਿਆਸੀ ਆਗੂ,ਧਾਰਮਿਕ ਆਗੂ, ਮੀਡੀਆ, ਪੁਲੀਸ ਅਤੇ ਆਮ ਲੋਕ ਸ਼ਾਮਿਲ ਹੋਣੇ ਚਾਹੀਦੇ ਹਨ। ਜੇਕਰ ਇੰਜ ਹੋ ਜਾਵੇ ਤਾਂ ਕੋਈ ਸ਼ੱਕ ਨਹੀਂ ਇਸ ਸੂਬੇ ਤੋਂ ਕੀ ਇਸ ਦੁਨੀਆਂ ਤੋਂ ਗ਼ੈਰਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਤੇ ਵਪਾਰ ਦਾ ਖ਼ਾਤਮਾ ਚੰਦ ਪਲਾਂ ਵਿੱਚ ਹੋ ਜਾਵੇਗਾ।

Share this Article
Leave a comment