ਕੂਕਿਆਂ ਦੀ ਕੁਰਬਾਨੀ :ਤਿਕੋਨਾ ਝੰਡਾ ਝੁਲਾ ਕੇ ਅੰਗਰੇਜ਼ਾਂ ਖਿਲਾਫ ਅਸਹਿਯੋਗ ਦੀ ਨੀਤੀ ਸ਼ੁਰੂ ਕਰਨ ਵਾਲੇ ਯੋਧੇ

TeamGlobalPunjab
4 Min Read

-ਅਵਤਾਰ ਸਿੰਘ

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਸਿੱਖ ਫੌਜਾਂ ਨੂੰ ਹਰਾ ਕੇ ਮਾਰਚ 1849 ਵਿੱਚ ਪੰਜਾਬ ਤੇ ਮੁੰਕਮਲ ਕਬਜ਼ਾ ਕਰ ਲਿਆ। ਆਜ਼ਾਦੀ ਦੇ ਪਹਿਲੇ ਸ਼ਹੀਦ ਭਾਈ ਮਹਿਰਾਜ ਸਿੰਘ ਦੀ 28 ਦਸੰਬਰ 1849 ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਬਾਬਾ ਰਾਮ ਸਿੰਘ ਨਾਮਧਾਰੀ ਨੇ ਸਿੱਖਾਂ ਵਿਚ ਸਦਾਚਾਰ ਦੀ ਆ ਰਹੀ ਗਿਰਾਵਟ, ਇਖਲਾਕ ਨੂੰ ਉੱਚਾ ਚੁੱਕਣ ਅਤੇ ਅੰਗਰੇਜ਼ਾਂ ਦੀ ਰਾਜਸੀ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ।

ਉਨ੍ਹਾਂ 14 ਅਪ੍ਰੈਲ 1857 ਨੂੰ ਵਿਸਾਖੀ ਵਾਲੇ ਦਿਨ ਭੈਣੀ ਸਾਹਿਬ ਵਿਖੇ ਤਿਕੋਨਾ ਝੰਡਾ ਝੁਲਾ ਕੇ ਅੰਗਰੇਜ਼ਾਂ ਖਿਲਾਫ ਅਸਹਿਯੋਗ ਦੀ ਨੀਤੀ ਸ਼ੁਰੂ ਕਰ ਦਿੱਤੀ। ਇਸ ਦਿਨ ਉਨ੍ਹਾਂ ਪੰਜ ਪਿਆਰੇ ਕਾਹਨ ਸਿੰਘ, ਆਤਮਾ ਸਿੰਘ, ਯੋਧ ਸਿੰਘ, ਲਾਭ ਸਿੰਘ ਤੇ ਨੈਣਾ ਸਿੰਘ ਬਣਾ ਕੇ ਕੂਕਾ ਲਹਿਰ (ਨਾਮਧਾਰੀ ਪੰਥ) ਦੀ ਰਚਨਾ ਕੀਤੀ।

ਉਨ੍ਹਾਂ ਕਚਹਿਰੀਆਂ, ਡਾਕਖਾਨੇ, ਰੇਲਾਂ, ਵਿਦੇਸ਼ੀ ਚੀਜ਼ਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ। ਕੂਕਿਆਂ ਨੇ ਆਪਣਾ ਡਾਕ ਸਿਸਟਮ ਵੱਖ ਸ਼ੁਰੂ ਕਰ ਲਿਆ। ਪੰਜ ਪਿਆਰਿਆਂ ਦੇ ਨਾਲ 17 ਹੋਰ ਨਵੇਂ ਜੋੜ ਕੇ ਉਨਾਂ ਨੂੰ 22 ਸੂਬਿਆਂ ਦਾ ਨਾਮ ਦੇ ਦਿੱਤਾ।

- Advertisement -

ਉਨ੍ਹਾਂ ਨੂੰ ਲੋਕਾਂ ‘ਚ ਧਾਰਮਿਕ ਤੇ ਰਾਜਨੀਤਿਕ ਜਾਗ੍ਰਿਤੀ ਪੈਦਾ ਕਰਨ ਦੀ ਜਿੰਮੇਵਾਰੀ ਸੌਂਪੀ, ਬਾਬਾ ਜੀ ਨੇ ਹੌਲੀ ਹੌਲੀ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਇਲਾਵਾ ਰੂਸ, ਨੇਪਾਲ ਆਦਿ ਦੇਸ਼ਾਂ ਨਾਲ ਤਾਲਮੇਲ ਵਧਾਇਆ, ਜਿਨ੍ਹਾਂ ਨੇ ਗਊ, ਗਰੀਬ ਦੀ ਰੱਖਿਆ, ਅਹਿੰਸਾ ਤੇ ਅੰਗਰੇਜ਼ ਸਰਕਾਰ ਦੀ ਗੁਲਾਮੀ ਤੋਂ ਆਜ਼ਾਦੀ ਪ੍ਰਾਪਤ ਕਰਨ ਦੇ ਨਿਸ਼ਾਨਿਆਂ ਦੀ ਸ਼ਲਾਘਾ ਕੀਤੀ।

ਇਸੇ ਤਰ੍ਹਾਂ ਜੰਮੂ ਵਿੱਚ ਸਬੰਧ ਪੈਦਾ ਕਰਕੇ ਉਥੇ ਪੰਜਾਬ ਵਿੱਚੋਂ ਕੂਕੇ (ਨਾਮਧਾਰੀ) ਲਿਜਾ ਕੇ ਸਿਢੋਰਾ ਦੇ ਹੀਰਾ ਸਿੰਘ ਰਾਂਹੀ ‘ਕੂਕਾ ਰੈਜਮੈਂਟ’ ਬਣਾਈ। 2 ਜੂਨ 1863 ਨੂੰ ਬਾਬਾ ਜੀ ਨੇ ਖੋਟਾ ਪਿੰਡ ਵਿੱਚ ਭਾਰੀ ਦੀਵਾਨ ਸਜਾ ਕੇ ਛੇ ਜੋੜਿਆਂ ਦੇ ਆਨੰਦ ਕਾਰਜ ਬਿਨਾਂ ਦਾਜ ਦਹੇਜ ਦੇ ਕਰਵਾਏ ਤੇ ਜਾਤਪਾਤ ਦੇ ਬੰਧਨਾਂ ਨੂੰ ਤੋੜਨ ਲਈ ਇਕ ਤਰਖਾਣ ਲੜਕੀ ਦਾ ਅਰੋੜਿਆਂ ਦੇ ਲੜਕੇ ਨਾਲ ਅਨੰਦਕਾਰਜ ਕੀਤਾ।

ਬ੍ਰਾਹਮਣਾਂ ਨੇ ਆਪਣਾ ਤੋਰੀ ਫੁਲਕਾ ਬੰਦ ਹੁੰਦਾ ਵੇਖ ਕੇ ਫਿਰੋਜ਼ਪੁਰ ਦੇ ਡੀ ਸੀ ਨੂੰ ਵਧ ਚੜ੍ਹ ਕੇ ਸ਼ਕਾਇਤ ਕੀਤੀ ਤੇ ਡੀ ਸੀ ਨੇ ਸ਼ਿਕਾਇਤ ਤਸਦੀਕ ਕਰਕੇ ਬਾਬਾ ਜੀ ਨੂੰ ਪਿੰਡ ਵਿਚ ਨਜ਼ਰਬੰਦ ਕਰ ਦਿੱਤਾ ਤੇ ਪੰਜ ਕੂਕਿਆਂ ਦੇ ਇਕੱਠੇ ਹੋਣ ‘ਤੇ ਰੋਕ ਲਾ ਦਿੱਤੀ।

1863 ਤੱਕ ਕੂਕਿਆਂ ਦੀ ਗਿਣਤੀ ਸੱਠ ਹਜ਼ਾਰ ਤੋਂ ਵੱਧ ਹੋ ਚੁੱਕੀ ਸੀ। ਕੂਕਿਆਂ ਨੇ ਕਈ ਜਿਲਿਆਂ ਵਿੱਚ ਕਬਰਾਂ ਤੇ ਮੜੀਆਂ ਪੁੱਟ ਦਿੱਤੀਆਂ ਜਿਥੇ ਲੋਕ (ਅੱਜ ਵਾਂਗ) ਪੂਜਾ ਕਰਦੇ ਸਨ।

19 ਮਾਰਚ1867 ਵਿੱਚ ਸਰਕਾਰੀ ਆਗਿਆ ਨਾਲ 21 ਸੂਬਿਆਂ ਦੇ ਦੋ ਹਜ਼ਾਰ ਕੂਕਿਆਂ ਨਾਲ ਅਨੰਦਪੁਰ ਗਏ। ਸਰਕਾਰੀ ਪਾਬੰਦੀ ਹਟਣ ‘ਤੇ ਉਹ ਪ੍ਰਚਾਰ ਕਰਦੇ ਰਹੇ। ਕੂਕਿਆਂ ਵਲੋਂ ਗਊ ਹੱਤਿਆ ਨੂੰ ਰੋਕਣ ਲਈ ਅੰਮ੍ਰਿਤਸਰ, ਰਾਏਕੋਟ ਆਦਿ ਦੇ ਬੁੱਚੜਖਾਨਿਆਂ ‘ਤੇ ਹਮਲੇ ਕਰਕੇ ਕਈ ਬੁੱਚੜ ਮਾਰ ਦਿੱਤੇ।

- Advertisement -

15 ਜਨਵਰੀ,1872 ਵਿੱਚ ਕੂਕਿਆਂ ਨੇ ਹਰੀ ਸਿੰਘ ਦੀ ਅਗਵਾਈ ‘ਚ ਮਾਲੇਰਕੋਟਲਾ ਦੀ ਕੋਤਵਾਲੀ ਤੇ ਹਮਲਾ ਕਰਕੇ 8 ਸਿਪਾਹੀ ਤੇ ਇਕ ਠਾਣੇਦਾਰ ਮਾਰ ਦਿੱਤਾ ਤੇ 7 ਕੂਕੇ ਵੀ ਮਾਰੇ ਗਏ, ਫਿਰ ਪਿੰਡ ਰਕੜ, ਪਟਿਆਲਾ ਇਕਠੇ ਹੋਏ ਜਿਥੇ ਸੂਹ ਮਿਲਣ ‘ਤੇ 68 ਕੂਕਿਆਂ ਨੂੰ ਅਮਰ ਸਿੰਘ ਠਾਣੇਦਾਰ ਨੇ ਗ੍ਰਿਫਤਾਰ ਕਰਕੇ ਸ਼ੇਰਪੁਰ ਕਿਲੇ ‘ਚ ਬੰਦ ਕਰ ਦਿੱਤਾ।

17 ਜਨਵਰੀ ਨੂੰ ਸ਼ੇਰਪੁਰ ਤੋਂ ਸਖਤ ਪਹਿਰੇ ਹੇਠ ਕੂਕਿਆਂ ਨੂੰ ਲਿਆ ਕੇ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਦੇ ਡੀ ਸੀ ਲੁਧਿਆਣਾ ਮਿਸਟਰ ਮੈਕਨਬ ਨੇ 49 ਕੂਕਿਆਂ ਨੂੰ ਤੋਪਾਂ ਨਾਲ ਉਡਾ ਦਿੱਤਾ ਤੇ ਦੋ ਔਰਤਾਂ ਮਾਈ ਇੰਦ ਕੌਰ ਤੇ ਖੇਮ ਕੌਰ ਨੂੰ ਪੁਲਿਸ ਹਵਾਲੇ ਕਰ ਦਿੱਤਾ। ਛੋਟੀ ਉਮਰ ਦੇ ਕੂਕੇ ਬਿਸ਼ਨ ਸਿੰਘ ਨੇ ਡੀ ਸੀ ਕਾਵਨ ਦੀ ਦਾੜੀ ਨੂੰ ਹੱਥ ਪਾ ਲਿਆ ਜੋ ਬੜੀ ਮੁਸ਼ਕਲ ਨਾਲ ਛਡਾਈ ਗਈ ਤੇ ਉਸਦੇ ਤਲਵਾਰ ਨਾਲ ਟੋਟੇ ਕਰ ਦਿੱਤੇ ਗਏ। ਬਾਕੀ ਰਹਿੰਦੇ 16 ਨੂੰ ਅਗਲੇ ਦਿਨ ਤੋਪਾਂ ਨਾਲ ਉਡਾਇਆ ਗਿਆ।

ਨਾਮਧਾਰੀ ਲਹਿਰ ਵਿੱਚ ਕੁਲ 84 ਕੂਕੇ ਸ਼ਹੀਦ ਹੋਏ। ਤੋਪਾਂ ਨਾਲ-65 ਉਡਾਏ, ਤਲਵਾਰ ਨਾਲ -1,ਫਾਂਸੀ -9,ਮਲੌਦ ਦੀ ਜੰਗ ਵਿਚ -2 ਤੇ ਕੋਟਲੇ ਦੀ ਜੰਗ ਵਿਚ -7 ਸ਼ਹੀਦ ਹੋਏ। #

Share this Article
Leave a comment