ਖੇਡਾਂ ’ਚ ਮਹਿਲਾਵਾਂ ਦੀ ਸ਼ਮੂਲੀਅਤ – ਭਾਰਤ ਨੂੰ ਖੇਡ-ਮਹਾਸ਼ਕਤੀ ਬਣਾਉਣ ਦੀ ਕੁੰਜੀ

TeamGlobalPunjab
7 Min Read

–ਕਿਰੇਨ ਰਿਜਿਜੂ*

ਦੇਸ਼ ਦੇ ਨੌਜਵਾਨਾਂ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਮੰਤਰ – ‘ਖੇਲੇਗਾ ਇੰਡੀਆ ਤੋ ਖਿਲੇਗਾ ਇੰਡੀਆ’ – ਦੇਸ਼ ਵਿੱਚ ਪਿਛਲੇ ਕੁਝ ਵਰ੍ਹਿਆਂ ’ਚ ਖੇਡ ਪ੍ਰਤੀ ਸਮਝ ਵਿੱਚ ਤਬਦੀਲੀ ਲਿਆਉਣ ਦਾ ਮੁੱਖ ਕਾਰਨ ਰਿਹਾ ਹੈ। ਖੇਡਾਂ ਨੂੰ ਇੱਕ ਸਮੇਂ ਜ਼ਿਆਦਾਤਰ ਲੋਕ ਪੜ੍ਹਾਈ ਤੋਂ ਵੱਖ ਸਿਰਫ਼ ਮਨੋਰੰਜਨ ਦੀ ਇੱਕ ਗਤੀਵਿਧੀ ਮੰਨਦੇ ਸਨ ਪਰ ਹੁਣ ਇਹ ਕੇਂਦਰ ’ਚ ਆ ਗਿਆ ਹੈ। ਯੁਵਾ ਮਾਮਲੇ ਤੇ ਖੇਡ ਮੰਤਰਾਲੇ ਵੱਲੋਂ ਅਪਣਾਈਆਂ ਗਈਆਂ ਯੋਜਨਾਵਾਂ – ਭਾਵੇਂ ਉਹ ‘ਖੇਲੋ ਇੰਡੀਆ’ ਹੋਵੇ, ਟਾਰਗੈੱਟ ਓਲੰਪਿਕ ਪੋਡੀਅਮ ਸਕੀਮ ਹੋਵੇ ਜਾਂ ‘ਫ਼ਿੱਟ ਇੰਡੀਆ’ ਮੂਵਮੈਂਟ ਹੋਵੇ , ਨੇ ਖੇਡਾਂ ਵਿੱਚ ਗੰਭੀਰਤਾਪੂਰਬਕ ਆਪਣਾ ਕਰੀਅਰ ਬਣਾਉਣ ਲਈ ਨੌਜਵਾਨਾਂ ਦੀ ਮਾਨਸਿਕਤਾ ਨੂੰ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ ਅਤੇ ਹੁਣ ਇਸ ਦਿਸ਼ਾ ਵਿੱਚ ਵਧਣ ਵਾਲਿਆਂ ਦੀ ਗਿਣਤੀ ਦਿਨੋ–ਦਿਨ ਵਧ ਰਹੀ ਹੈ। ਖ਼ਾਸ ਤੌਰ ’ਤੇ ਬਾਲਿਕਾ ਅਥਲੀਟਾਂ ਲਈ ਸਮਾਨ–ਅਹਿਸਾਸ ਤੇ ਸਮਾਵੇਸ਼ – ਪਰਿਵਰਤਨਕਾਰੀ ਤੇ ਅਹਿਮ ਸਿੱਧ ਹੋਇਆ ਹੈ। ਹੁਣ ਜਦੋਂ ਅਸੀਂ ਰਾਸ਼ਟਰੀ ‘ਬਾਲਿਕਾ ਦਿਵਸ’ ਮਨਾ ਰਹੇ ਹਾਂ, ਤਾਂ ਇਹ ਦੇਖਣਾ ਜ਼ਰੂਰੀ ਹੈ ਕਿ ਸਾਡੀ ਸਰਕਾਰ ਨੇ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਦੇ ਟੀਚੇ ਨੂੰ ਲੈ ਕੇ ਕੀ ਕਾਰਜ ਨੀਤੀ ਅਪਣਾਈ ਹੈ, ਜਿਸ ਦੇ ਨਤੀਜੇ ਵਜੋਂ ਬੱਚੀਆਂ ਤੇ ਮਹਿਲਾਵਾਂ ਨਾਲ ਸਬੰਧਿਤ ਮਾਮਲਿਆਂ, ਖ਼ਾਸ ਤੌਰ ’ਤੇ ਖੇਡਾਂ ਵਿੱਚ ਕਿਹੋ-ਜਿਹੀ ਤਬਦੀਲੀ ਆਈ ਹੈ।

ਪਿਛਲੇ ਕਈ ਵਰ੍ਹਿਆਂ ਤੋਂ ਭਾਰਤੀ ਖੇਡ ਮੰਚ ਉੱਤੇ ਸਾਡੀਆਂ ਮਹਿਲਾ ਅਥਲੀਟਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਸਭ ਤੋਂ ਅਹਿਮ ਇਹ ਹੈ ਕਿ ਉਨ੍ਹਾਂ ਵਿਸ਼ਵ ਨੂੰ ਦਿਖਾ ਦਿੱਤਾ ਹੈ ਕਿ ‘ਭਾਰਤ ਦੀ ਮਹਿਲਾ’ ਚੁਣੌਤੀਆਂ ਦਾ ਸਾਹਮਣਾ ਕਰਨ ਤੇ ਵਿਸ਼ਵ ਭਰ ਵਿੱਚ ਨਾਮਣਾ ਖੱਟਣ ਲਈ ਤਿਆਰ ਹੈ। ਖਿਡਾਰਨਾਂ ਦੇ ਇਨ੍ਹਾਂ ਸ਼ਾਨਾਦਰ ਪ੍ਰਦਰਸ਼ਨਾਂ ਤੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਵੱਲੋਂ ਪਿੱਛੇ ਜਿਹੇ ਕੀਤੇ ਸੁਧਾਰਾਂ ਦੇ ਨਤੀਜੇ ਵਜੋਂ ਖੇਡਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਤੇ ਉਨ੍ਹਾਂ ਦੀ ਸ਼ਮੂਲੀਅਤ ਪ੍ਰਤੀ ਜਾਗਰੂਕਤਾ ਪੈਦਾ ਹੋਈ ਹੈ। ਇਸ ਨਾਲ ਲੜਕੀਆਂ ਦੀ ਇੱਕ ਪੂਰੀ ਪੀੜ੍ਹੀ ਨੂੰ ਖੇਡਾਂ ਵਿੱਚ ਸਰਗਰਮ ਤੌਰ ਉੱਤੇ ਭਾਗ ਲੈਣ ਦੀ ਪ੍ਰੇਰਣਾ ਮਿਲੀ ਹੈ। ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਆਉਣ ਵਾਲੀਆਂ ਟੋਕੀਓ ਓਲੰਪਿਕਸ ਲਈ ਯੋਗ ਐਲਾਨੇ ਭਾਰਤੀ ਅਥਲੀਟਸ ਵਿੱਚੋਂ 43 ਫ਼ੀਸਦੀ ਮਹਿਲਾ ਅਥਲੀਟ ਹਨ।

ਭਾਰਤ ਨੂੰ ਖੇਡਾਂ ਦੇ ਮਾਮਲੇ ’ਚ ‘ਮਹਾ–ਸ਼ਕਤੀ’ ਦਾ ਦਰਜਾ ਦਿਵਾਉਣ ਲਈ ਅਹਿਮ ਹੈ ਕਿ ਬਿਲਕੁਲ ਸ਼ੁਰੂਆਤੀ ਪੱਧਰ ਤੋਂ ਹੀ ਬੱਚਿਆਂ ਦੀਆਂ ਖੇਡਾਂ ਵਿੱਚ ਭਾਗੀਦਾਰੀ ਵਧਾਈ ਜਾਵੇ। ਇੱਕ ਵਿਸਤ੍ਰਿਤ ਭਾਗੀਦਾਰੀ ਅਧਾਰ ਬਣਾ ਕੇ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਵੱਡੀ ਗਿਣਤੀ ’ਚ ਬੱਚੇ ਖੇਡ ਨੂੰ ਆਪਣੇ ਕਰੀਅਰ ਵਜੋਂ ਅਪਨਾਉਣ। ਇਹ ਅਹਿਮ ਹੈ ਕਿ ਇਸ ਭਾਗੀਦਾਰੀ ਅਧਾਰ ਦਾ 50 ਫ਼ੀਸਦੀ ਹਿੱਸਾ ਲੜਕੀਆਂ ਦੇ ਨਾਮ ਹੋਵੇ ਅਤੇ ਕਿਸੇ ਵੀ ਕੀਮਤ ਉੱਤੇ ਉਨ੍ਹਾਂ ਨੂੰ ਪਿੱਛੇ ਨਾ ਛੱਡਿਆ ਜਾਵੇ। ‘ਖੇਲੋ ਇੰਡੀਆ’ ਯੋਜਨਾ ਦੇ ਤਹਿਤ ਉਨ੍ਹਾਂ ਅੜਿੱਕਿਆਂ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਹੈ ਜੋ ਖੇਡਾਂ ਵਿੱਚ ਭਾਗ ਲੈਣ ਵਾਲੀਆਂ ਬੱਚੀਆਂ ਤੇ ਮਹਿਲਾਵਾਂ ਦੇ ਸਾਹਮਣੇ ਪੇਸ਼ ਆਉਂਦੀ ਹੈ ਅਤੇ ਇਹ ਅੜਿੱਕੇ ਦੂਰ ਕਰਨ ਦੀ ਪ੍ਰਣਾਲੀ ਬਣਾਉਣ ਤੇ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਾਲ 2018 ਤੋਂ 2020 ਦੌਰਾਨ ‘ਖੇਲੋ ਇੰਡੀਆ’ ਪ੍ਰੋਗਰਾਮਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਿੱਚ 161 ਫ਼ੀਸਦੀ ਵਾਧਾ ਹੋਇਆ ਹੈ। ‘ਖੇਲੋ ਇੰਡੀਆ’ ਯੋਜਨਾ ਅਧੀਨ 2018 ’ਚ ਜਿੱਥੇ 657 ਮਹਿਲਾ ਅਥਲੀਟਾਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਨੂੰ ਸਮਰਥਨ ਉਪਲਬਧ ਕਰਵਾਇਆ ਗਿਆ, ਉੱਥੇ ਹੁਣ ਇਹ ਗਿਣਤੀ ਵਧ ਕੇ 1471 (223 ਫ਼ੀਸਦੀ ਵਾਧਾ) ਹੋ ਗਈ ਹੈ। ਟਾਰਗੈੱਟ ਓਲੰਪਿਕ ਪੋਡੀਅਮ ਸਕੀਮ (ਟੀਓਪੀਐੱਸ) ਅਧੀਨ ਅਸੀਂ ਉੱਚ ਮੁਕਾਬਲੇ ਵਾਲੀਆਂ ਖੇਡਾਂ ਵਿੱਚ ਆਪਣੇ ਉਨ੍ਹਾਂ ਅਥਲੀਟਾਂ ਨੂੰ ਕੌਮਾਂਤਰੀ ਸਿਖਲਾਈ, ਵਿਸ਼ਵ–ਪੱਧਰੀ ਸਰੀਰਕ ਤੇ ਮਾਨਸਿਕ ਅਨੁਕੂਲਨ, ਵਿਗਿਆਨਕ ਖੋਜ, ਰੋਜ਼ਮੱਰਾ ਦੀ ਨਿਗਰਾਨੀ ਤੇ ਕਾਊਂਸਲਿੰਗ ਅਤੇ ਵਾਜਬ ਵਿੱਤੀ ਸਹਾਇਤਾ ਉਪਲਬਧ ਕਰਵਾਉਂਦੇ ਹਨ, ਜੋ ਓਲੰਪਿਕ ਸੋਨ ਤਮਗ਼ਾ ਜਿੱਤਣ ਦੀ ਸਮਰੱਥਾ ਰੱਖਦੇ ਹਨ। ਸਤੰਬਰ 2018 ’ਚ ਟੀਓਪੀਐੱਸ ਯੋਜਨਾ ਅਧੀਨ 86 ਮਹਿਲਾ ਅਥਲੀਟਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਇਹ ਦੱਸਣ ਵਿੱਚ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਅੱਜ ਇਹ ਗਿਣਤੀ ਵਧ ਕੇ 190 (220 ਫ਼ੀਸਦੀ ਵਾਧਾ) ਹੋ ਗਈ ਹੈ।

- Advertisement -

ਖੇਡਾਂ ਵਿੱਚ ਮਹਿਲਾਵਾਂ ਨੂੰ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨ ਵਾਸਤੇ ਸਾਨੂੰ ਵੱਡੇ ਪੱਧਰ ਉਤੇ ਸਮਾਜਿਕ ਦ੍ਰਿਸ਼ਟੀਕੋਣ ਵਿੱਚ ਤਬਦੀਲੀ ਲਿਆਉਣੀ ਜ਼ਰੂਰੀ ਹੈ। ਲੜਕੀਆਂ ਨੂੰ ਘਰਾਂ ਤੋਂ ਬਾਹਰ ਲਿਆਉਣਾ, ਉਨ੍ਹਾਂ ਨੂੰ ਸੁਰੱਖਿਅਤ ਮਾਹੌਲ ਦੇਣਾ ਅਤੇ ਸਰੀਰਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇਣਾ ਤੇ ਇਸ ਲਈ ਉੱਚਪੱਧਰੀ ਕੋਚਿੰਗ ਅਤੇ ਬੁਨਿਆਦੀ ਢਾਂਚਾ ਉਪਲਬਧ ਕਰਵਾਉਣਾ, ਇਹ ਸਰਕਾਰ ਤੇ ਸਮਾਜ ਦੋਵਾਂ ਦੀ ਸਮੂਹਕ ਕੋਸ਼ਿਸ਼ ਨਾਲ ਹੀ ਸੰਭਵ ਹੈ। ਮੈਨੂੰ ਇਹ ਵੇਖ ਕੇ ਪ੍ਰਸੰਨਤਾ ਹੁੰਦੀ ਹੈ ਕਿ ਬਹੁਤ ਸਾਰੀਆਂ ਮਹਿਲਾ ਚੈਂਪੀਅਨ ਅਥਲੀਟਾਂ ਨੇ ਆਪਣੀ ਖੇਡ ਵਿੱਚ ਉੱਚਤਮ ਕੁਸ਼ਲਤਾ ਹਾਸਲ ਕਰਨ ਤੋਂ ਬਾਅਦ ਆਪਣੀਆਂ ਅਕਾਦਮੀਆਂ ਸਥਾਪਤ ਕਰਨ ’ਚ ਮੋਹਰੀ ਭੂਮਿਕਾ ਨਿਭਾਈ ਹੈ। ਅਜਿਹੀਆਂ ਬਹੁਤ ਸਾਰੀਆਂ ਪਹਿਲਾਂ ਨੂੰ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਨੇ ਰਾਸ਼ਟਰੀ ਖੇਡ ਵਿਕਾਸ ਫ਼ੰਡ ਅਧੀਨ ਸਹਾਇਤਾ ਤੇ ਸਹਿਯੋਗ ਉਪਲਬਧ ਕਰਵਾਇਆ ਹੈ। ਊਸ਼ਾ ਸਕੂਲ ਆਵ੍ ਅਥਲੈਟਿਕਸ, ਮੈਰੀਕੌਮ ਬਾਕਸਿੰਗ ਫਾਊਂਡੇਸ਼ਨ, ਅਸ਼ਵਨੀ ਸਪੋਰਟਸ ਫਾਊਂਡੇਸ਼ਨ, ਸਰਿਤਾ ਬਾਕਸਿੰਗ ਅਕੈਡਮੀ, ਕਰਣ ਮੱਲੇਸ਼ਵਰੀ ਫਾਊਂਡੇਸ਼ਨ, ਅੰਜੂ ਬੌਬੀ ਜਾਰਜ ਸਪੋਰਟਸ ਫਾਊਂਡੇਸ਼ਨ ਆਦਿ ਸਭ ਪਹਿਲਾਂ ਇਸ ਦੀਆਂ ਉਦਾਹਰਣਾਂ ਹਨ। ਅਸੀਂ ਲਗਾਤਾਰ ਇਨ੍ਹਾਂ ਪਹਿਲਾਂ ਨਾਲ ਨੇੜਿਓਂ ਜੁੜੇ ਹਾਂ ਤੇ ਮਹਿਲਾ ਅਥਲੀਟਾਂ ਨੂੰ ਆਪਣੀ ਮੁਹਾਰਤ ਤੇ ਤਜਰਬੇ ਨਾਲ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨਾਲ ਜੁੜ ਕੇ ਵਿਕਾਸ ਲਈ ਕੰਮ ਕਰਨ ਨੂੰ ਉਤਸ਼ਾਹਿਤ ਕਰਦੇ ਹਨ।

ਮੇਰਾ ਸਦਾ ਹੀ ਇਹ ਦ੍ਰਿੜ੍ਹ ਵਿਚਾਰ ਰਿਹਾ ਹੈ ਕਿ ਖੇਡ ਸਮਾਜਿਕ ਆਰਥਿਕ ਵਿਕਾਸ ਦਾ ਇੱਕ ਪ੍ਰਭਾਵਸ਼ਾਲੀ ਹਥਿਆਰ ਹਨ। ਯੁਵਾ ਮਾਮਲੇ ਤੇ ਖੇਡ ਮੰਤਰਾਲਾ ਲਿੰਗਕ ਸਮਾਨਤਾ ਨੂੰ ਬਹੁਤ ਅਹਿਮ ਮੰਨਦਾ ਹੈ ਅਤੇ ਇਸ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਖੇਡਾਂ ਵਿੱਚ ਸ਼ਿਰਕਤ ਕਰਨ ਨਾਲ ਲੜਕੀਆਂ ਤੇ ਮਹਿਲਾਵਾਂ ਦੇ ਨਾ ਸਿਰਫ਼ ਸਰੀਰਕ ਸਿਹਤ ਵਿੱਚ ਸੁਧਾਰ ਤੇ ਉਨ੍ਹਾਂ ਦਾ ਚਰਿੱਤਰ ਨਿਰਮਾਣ ਹੋਵੇਗਾ, ਬਲਕਿ ਉਹ ਸਮਾਜ ਵਿੱਚ ਸੁਧਾਰ ਲਿਆਉਣ ਅਤੇ ਇਨਸਾਨੀਅਤ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਣਗੀਆਂ। ਭਾਰਤ ਦੇ ਵਿਕਾਸ ਸਬੰਧੀ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਅਧੀਨ ਸਾਡਾ ਮੰਤਰਾਲਾ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨਾਲ ਰਣਨੀਤਕ ਸਹਿਯੋਗ ਕਰਨ ਦੀ ਦਿਸ਼ਾ ਵਿੱਚ ਵੀ ਅੱਗੇ ਵਧ ਰਿਹਾ ਹੈ।

ਹਰ ਸਾਲ 24 ਜਨਵਰੀ ਨੂੰ ਮਨਾਇਆ ਜਾਣ ਵਾਲਾ ਰਾਸ਼ਟਰੀ ਬਾਲਿਕਾ ਦਿਵਸ ਸਾਡੇ ਰਾਸ਼ਟਰੀ ਲੋਕਾਚਾਰ ਲਈ ਬਹੁਤ ਪ੍ਰਾਸੰਗਿਕ ਹੈ। ਆਓ ਅਸੀਂ ਸਾਰੇ ਮਿਲ ਕੇ ਇਹ ਹਲਫ਼ ਲਈਏ ਕਿ ਅਸੀਂ ਇਹ ਯਕੀਨੀ ਬਣਾਉਣ ਦਾ ਯਤਨ ਕਰਾਂਗੇ ਕਿ ਸਾਡੀਆਂ ਲੜਕੀਆਂ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਅਤੇ ਇੰਨਾ ਵਧੀਆ ਪ੍ਰਦਰਸ਼ਨ ਕਰਨ ਕਿ ਅਸੀਂ ਇੱਕ ਦੇਸ਼ ਦੇ ਤੌਰ ਉੱਤੇ ਓਲੰਪਿਕ ਦੇ ਉਦੇਸ਼ਾਂ – ‘ਸਿਟੀਅਸ, ਅਲਟੀਅਸ, ਫੋਰਟੀਅਸ’ ਭਾਵ ‘ਤੇਜ਼, ਉੱਚ, ਵੱਧ ਮਜ਼ਬੂਤ’ ਦੇ ਵੱਧ ਤੋਂ ਵੱਧ ਨੇੜੇ ਪਹੁੰਚ ਸਕੀਏ।

*ਲੇਖਕ ਕੇਂਦਰੀ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ)

Share this Article
Leave a comment