ਨਵਜੋਤ ਸਿੱਧੂ ਨੇ ਮੁੱਖ ਮੰਤਰੀ ਤੋਂ ਪੁੱਛੇ ਸਵਾਲ

Rajneet Kaur
3 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ

ਕ੍ਰਿਕੇਟਰ ਤੋਂ ਰਾਜਨੀਤੀ ’ਚ ਆਏ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਜੇਲ੍ਹ ਮੰਤਰੀ ਉੱਪਰ ਸਵਾਲ ਚੁੱਕੇ ਹਨ। ਨਵਜੋਤ ਸਿੱਧੂ ਨੇ ਅੱਜ ਦੁਪਹਿਰ ਮੌਕੇ ਮੂਸੇਵਾਲਾ ਪਿੰਡ ਜਾ ਕੇ ਪਹਿਲਾਂ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ। ਉਸ ਤੋਂ ਬਾਅਦ ਮੀਡੀਆ ਨਾਲ ਗੱਲ-ਬਾਤ ਕਰਦਿਆਂ ਸਿੱਧੂ ਨੇ ਪੰਜਾਬ ਸਰਕਾਰ ਨੂੰ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕਟਹਿਰੇ ’ਚ ਖੜਾ ਕੀਤਾ। ਉਨ੍ਹਾਂ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਸਰਕਾਰ ਵੱਲੋਂ ਉਸਦੀ ਸੁਰੱਖਿਆ ਘਟਾਉਣ ਦੇ ਮਾਮਲੇ ਉੱਪਰ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਸਕਿਊਰਟੀ ਘਟਾਉਣ ਬਾਰੇ ਮੀਡੀਆ ’ਚ ਦਿੱਤੀ ਜਾਣਕਾਰੀ ਨੇ ਸਿੱਧੂ ਮੂਸੇਵਾਲਾ ਦੇ ਕਤਲ ਲਈ ਸਥਿਤੀ ਪੈਦਾ ਕਰ ਦਿੱਤੀ। ਨਵਜੋਤ ਸਿੱਧੂ ਨੇ ਸਰਕਾਰ ਵੱਲੋਂ ਆਪਣੀ ਸੁਰੱਖਿਆ ਛੱਤਰੀ ਘਟਾਉਣ ਦੇ ਮਾਮਲੇ ਵਿੱਚ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਤਰਾਂ ਸਰਕਾਰ ਵਿਰੋਧੀਆਂ ਦੀ ਅਵਾਜ਼ ਨੂੰ ਦਬਾ ਨਹੀਂ ਸਕਦੀ।

ਨਵਜੋਤ ਸਿੱਧੂ ਨੇ ਜੇਲ੍ਹਾਂ ਅੰਦਰ ਸੁਰੱਖਿਆ ਦਾ ਮਾਮਲਾ ਵੀ ਉਠਾਇਆ। ਸਿੱਧੂ ਦਾ ਕਹਿਣਾ ਹੈ ਕਿ ਜੇਲ੍ਹ ਅੰਦਰ ਕਿਸੇ ਗੈਂਗਸਟਰ ਦੀ ਮੀਡੀਆ ਨਾਲ ਇੰਟਰਵਿਯੂ ਕਿਵੇਂ ਹੋ ਸਕਦੀ ਹੈ। ਕੇਵਲ ਇਨ੍ਹਾਂ ਹੀ ਨਹੀਂ ਸਗੋਂ ਉਨ੍ਹਾਂ ਨੇ ਇਹ ਮਾਮਲਾ ਵੀ ਉਠਾਇਆ ਕਿ ਜੇਲ੍ਹਾਂ ਅੰਦਰ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਨਾਕਸ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਜੇਕਰ ਜੇਲ੍ਹ ਅੰਦਰ ਦੋ ਰੁਪਏ ਦੀ ਜਰਦੇ ਦੀ ਪੁੜੀ ਦੋ ਹਜ਼ਾਰ ਰੁਪਏ ਵਿੱਚ ਮਿਲ ਸਕਦੀ ਹੈ ਤਾਂ ਇਸ ਨਾਕਸ ਪ੍ਰਬੰਧ ਲਈ ਜੇਲ੍ਹ ਮੰਤਰੀ ਨੂੰ ਜਵਾਬ ਤਾਂ ਦੇਣਾ ਹੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੁਰ ਅਮਨ ਅਤੇ ਭਾਈਚਾਰਕ ਸਾਂਝ ਵਾਲੇ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।

ਦੂਜੇ ਪਾਸੇ ਹਾਕਮਧਿਰ ਆਮ ਆਦਮੀ ਪਾਰਟੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਨੂੰ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਸਰਕਾਰ ਨੂੰ ਬਦਨਾਮ ਕਰਨ ਵਾਲੇ ਬਿਆਨ ਨਹੀਂ ਦੇਣੇ ਚਾਹੀਦੇ। ਆਪ ਦਾ ਦਾਅਵਾ ਹੈ ਕਿ ਪੰਜਾਬ ਅੰਦਰ ਕਾਂਗਰਸ ਵੇਲੇ ਆਪਸ ਵਿੱਚ ਨੇਤਾ ਲੜਦੇ ਰਹੇ ਅਤੇ ਪੰਜਾਬ ਦੀ ਸਥਿਤੀ ਖਰਾਬ ਹੁੰਦੀ ਰਹੀ। ਹੁਣ ਆਮ ਆਦਮੀ ਪਾਰਟੀ ਨੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਿਹਤਰ ਤਰੀਕੇ ਨਾਲ ਸੰਭਾਲਿਆ ਹੈ ਅਤੇ ਪੰਜਾਬ ਦੀ ਮਾੜੀ ਹਾਲਤ ਲਈ ਪਿਛਲੀਆਂ ਸਰਕਾਰਾਂ ਜ਼ਿੰਮੇਨਾਰ ਹਨ। ਬੇਸ਼ੱਕ ਵਿਰੋਧੀ ਧਿਰਾਂ ਇੱਕ-ਦੂਜੇ ਉੱਪਰ ਦੂਸ਼ਣਬਾਜ਼ੀ ਕਰਦੀਆਂ ਹਨ ਪਰ ਪੰਜਾਬੀ ਸਵਾਲ ਤਾਂ ਪੁੱਛਣਗੇ ਕਿ ਇਸ ਰਾਜਨੀਤੀ ਵਿੱਚ ਪੰਜਾਬ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਹੈ।

- Advertisement -

Share this Article
Leave a comment