ਵਿਸ਼ਵ ਮਹਿਲਾ ਦਿਵਸ : ਔਰਤ ਲਈ ਬਣੇ ਬਹੁਤੇ ਕਾਨੂੰਨ ਸੰਵਿਧਾਨ ਦੇ ਸ਼ਿੰਗਾਰ ਕਿਉਂ ਹਨ?

TeamGlobalPunjab
9 Min Read

ਅਵਤਾਰ ਸਿੰਘ

ਅੱਠ ਮਾਰਚ ਦਾ ਦਿਨ ਹਰ ਸਾਲ ਔਰਤਾਂ ਨੂੰ ਜਾਗਰਿਤ ਕਰਨ ਲਈ ਵਿਸ਼ਵ ਔਰਤ ਦਿਵਸ ਮਨਾਇਆ ਜਾਂਦਾ ਹੈ। ਸਿਰਫ ਇਕ ਦਿਨ ਔਰਤਾਂ ਦੀ ਬਰਾਬਰਤਾ ਅਤੇ ਹੱਕਾਂ ਦੀਆਂ ਜਾਣਕਾਰੀ ਸਬੰਧੀ ਸੈਮੀਨਾਰ, ਰੈਲੀਆਂ ਤੇ ਗੋਸ਼ਟੀਆਂ ਲਈ ਰਾਖਵਾਂ ਰੱਖਿਆ ਹੈ। ਬੇਸ਼ਕ ਅੱਜ ਦੀਆਂ ਔਰਤਾਂ ਪਹਿਲਾਂ ਨਾਲੋਂ ਕਾਫੀ ਜਾਗਰਿਤ ਹਨ ਪਰ ਉਨਾਂ ਵਿਚ ਆਪਣੇ ਅਧਿਕਾਰਾਂ ਤੇ ਕਾਨੂੰਨਾਂ ਪ੍ਰਤੀ ਜਾਣਕਾਰੀ ਦੀ ਘਾਟ ਹੈ। ਸਮੇਂ ਸਮੇਂ ਦੇ ਹਾਕਮਾਂ ਵਲੋਂ ਹਾਲਾਤ ਨੂੰ ਮੁੱਖ ਰਖਕੇ ਔਰਤਾਂ ਦੇ ਹੱਕਾਂ ਲਈ ਕਈ ਕਾਨੂੰਨ ਬਣਾਏ ਗਏ ਹਨ। ਅਫਸੋਸ ਬਹੁਤੇ ਕਾਨੂੰਨ ਸੰਵਿਧਨ ਦਾ ਸ਼ਿੰਗਾਰ ਬਣੇ ਹਨ। ਬੇਰੋਜ਼ਗਾਰੀ ਕਾਰਣ ਬਹੁਤ ਸਾਰੀਆਂ ਔਰਤਾਂ,ਲੜਕੀਆਂ ਛੋਟੇ ਮੋਟੇ ਪ੍ਰਾਈਵੇਟ ਦਫਤਰਾਂ, ਮਸਾਜ ਪਾਰਲਰਾਂ,ਡਾਂਸ ਗਰੁੱਪਾਂ, ਸਕੂਲਾਂ, ਫੈਕਟਰੀਆ, ਕੰਪਨੀਆਂ, ਵਪਾਰਕ ਆਦਾਰਿਆਂ ਵਿਚ ਘੱਟ ਪੈਸੇ ਤੇ ਕੰਮ ਕਰਨ ਲਈ ਮਜਬੂਰ ਹਨ। ਕਈ ਵਾਰ ਇਨ੍ਹਾਂ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾ ਕੇ ਉਨ੍ਹਾਂ ਦਾ ਸ਼ੋਸਣ ਕੀਤਾ ਜਾਂਦਾ ਹੈ। 90% ਆਪਣੀ ਤੇ ਆਪਣੇ ਪਰਿਵਾਰ ਦੀ ਇੱਜਤ ਖਾਤਰ ਚੁੱਪ ਵਟ ਲੈਂਦੀਆਂ ਹਨ,ਬਾਕੀ 10% ਪਾਇਆ ਰੌਲਾ-ਰੱਪਾ ਸਮਾਜਿਕ ਰੁਤਬੇ ਤੇ ਅਸਰ ਰਸੂਖ ਕਾਰਨ ਕੁਝ ਲੈ ਦੇ ਕੇ ਠੱਪ ਹੋ ਜਾਂਦਾ ਹੈ।

ਸੈਰ ਸਪਾਟਾ ਤੇ ਸਾਡੇ ਲੀਡਰ ਬਲਾਤਕਾਰ ਘਟਨਾਵਾਂ ਨੂੰ ਰੋਕਣ ਲਈ ਔਰਤਾਂ ਤੇ ਖਾਸ ਕਰਕੇ ਵਿਦੇਸ਼ੀ ਸੈਲਾਨੀ ਔਰਤਾਂ ਨੂੰ ਸਲਾਹ ਦਿੰਦੇ ਹਨ ਕਿ ਉਹ ਭੜਕੀਲੇ ਲਿਬਾਸ ਨਾ ਪਾਉਣ। ਜੇ ਇਸ ਤਰ੍ਹਾਂ ਹੋਵੇ ਤਾਂ ਛੇ ਮਹੀਨੇ ਤੇ 80 ਸਾਲ ਦੀ ਉਮਰ ਵਾਲੀਆਂ ਔਰਤਾਂ ਦੇ ਬਲਾਤਕਾਰ ਨਾ ਹੋਣ। ਇਸਦਾ ਕਾਰਨ ਹੈ ਭਾਰਤੀ ਮਰਦ ਦੀ ਔਰਤ ਪ੍ਰਤੀ ਮਾਨਸਕਿਤਾ ਹੈ। ਅਜਿਹੀ ਮਾਨਸਕਿਤਾ ਬਨਾਉਣ ਪਿਛੇ ਸਾਡੇ ਟੀ ਵੀ ਚੈਨਲ, ਫਿਲਮਾਂ, ਅਸ਼ਲੀਲ ਗਾਇਕ ਤੇ ਵਿਦਿਅਕ ਅਦਾਰਿਆਂ ਵਿਚ ਕਰਵਾਏ ਜਾਂਦੇ ਸੁੰਦਰਤਾ ਦੇ ਮੁਕਾਬਲੇ ਤੇ ਮੌਜੂਦਾ ਪ੍ਰਬੰਧ ਹੈ।

2002 ਦੇ ਸਰਵੇਖਣ ਅਨੁਸਾਰ 42% ਔਰਤਾਂ ਨੂੰ ਉਨ੍ਹਾਂ ਦੇ ਪਤੀ ਦੇ ਥਪੜ ਤੇ ਠੁੱਡੇ ਮਾਰਦੇ ਹਨ। 50% ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ।ਹਰ ਰੋਜ ਲੁੱਟਮਾਰ, ਬਲਾਤਕਾਰ ਤੇ ਔਰਤਾਂ ਦੇ ਅਗਵਾ ਹੋਣ ਦੀਆਂ ਘਟਨਾਵਾਂ ਵਾਪਰਦੀਆਂ ਹਨ। ਔਰਤਾਂ ਦੀ ਸਮਾਜਿਕ ਹਾਲਤ ਨੂੰ ਸੁਧਾਰਣ ਲਈ ਪਹਿਲਾਂ ਅੰਗਰੇਜ਼ਾਂ ਨੇ ਕੁਝ ਕਾਨੂੰਨ ਬਣਾਏ ਕਿਉਕਿ ਪਹਿਲੇ ਰਾਜੇ ਮਹਾਰਾਜੇ ਕਈ ਕਈ ਰਾਣੀਆਂ ਉਦਾਸੀਆਂ ਰੱਖਦੇ ਸਨ। ਪਤੀ ਦੇ ਮਰਨ ਤੇ ਪਤਨੀ ਨੂੰ ਜਿਉਂਦੇ ਉਸਦੀ ਚਿੱਖਾ ਵਿੱਚ ਮਰਨ ਲਈ ਮਜਬੂਰ ਕੀਤਾ ਜਾਂਦਾ ਸੀ।

- Advertisement -

ਵਿਧਵਾਵਾਂ ਨੂੰ ਦੂਜਾ ਵਿਆਹ ਕਰਨ ਦੀ ਇਜਾਜਤ ਨਹੀਂ ਸੀ।ਦੁਬਾਰਾ ਵਿਧਵਾ ਵਿਆਹ ਕਰਨ ਦਾ ਐਕਟ 1856, ਸਤੀ ਪ੍ਰਥਾ ਰੋਕਣ ਲਈ ਐਕਟ,ਬਾਲ ਵਿਆਹ ਰੋਕੂ ਐਕਟ 1929 ਆਦਿ ਬਣਾਏ ਗਏ। ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਵਲੋਂ ਬਹੁਤ ਸਾਰੇ ਕਾਨੂੰਨ ਬਣਾਏ ਗਏ ਜਿਨ੍ਹਾਂ ਵਿਚ ਦਹੇਜ ਵਿਰੋਧੀ ਕਾਨੂੰਨ 1961,ਦਹੇਜ ਦੇਣ ਲਈ ਮਜਬੂਰ ਕਰਨ ਦਾ ਕਾਨੂੰਨ 1986, ਦੇਹ ਵਪਾਰ ਵਿਰੁੱਧ ਕਾਨੂੰਨ,ਔਰਤਾਂ ਪ੍ਰਤੀ ਛੇੜਛਾੜ ਕਾਨੂੰਨ, ਮਾਪਿਆਂ ਦੀ ਜਾਇਦਾਦ ਵਿਚੋਂ ਔਰਤਾਂ ਨੂੰ ਹਿੱਸਾ ਦੇਣ ਲਈ ਕਾਨੂੰਨ, ਘਰੇਲੂ ਹਿੰਸਾ ਵਿਰੁੱਧ ਐਕਟ,ਔਰਤਾਂ ਪ੍ਰਤੀ ਅਸ਼ਲੀਲ ਹਰਕਤਾਂ ਖਿਲਾਫ ਕਾਨੂੰਨ, ਵਿਆਹ ਦੇ ਸੱਤ ਸਾਲਾਂ ਦੇ ਅੰਦਰ ਅੰਦਰ ਵਿਆਹੁਤਾ ਦੀ ਮੌਤ ਹੋਣ ਤੇ ਡੀ ਐਸ ਪੀ ਰੈਂਕ ਤੋਂ ਘਟ ਹੋਣ ਤੇ ਪੁਲਿਸ ਕਾਰਵਾਈ ਨਹੀ ਹੋਵੇਗੀ,ਪੰਚਾਇਤ,ਨਗਰਪਾਲਿਕਾ ਤੇ ਹੋਰ ਸੰਸਥਾਵਾਂ ਵਿੱਚ ਔਰਤਾਂ ਨੂੰ 33% ਸੀਟਾਂ ਨੁਮਾਇੰਦਗੀ ਦੇਣ ਬਾਰੇ।ਮਾਦਾ ਭਰੂਣ ਹੱਤਿਆ ਖਿਲਾਫ ਪੀ ਐਨ ਡੀ ਟੀ ਐਕਟ 1994,ਸਰਗੋਸੀ (ਕਿਰਾਏ ਦੀ ਕੁੱਖ) ਐਕਟ,ਵਿਆਹ ਦੀ ਰਜਿਸਟਰੇਸ਼ਨ ਪ੍ਰਤੀ ਸੁਪਰੀਮ ਕੋਰਟ ਦੇ ਹੁਕਮ।ਦੇਸ਼ ਵਿੱਚ ਲੜਕੇ ਦੇ ਵਿਆਹ ਦੀ ਉਮਰ 21 ਸਾਲ ਤੇ ਲੜਕੀ ਦੀ 18 ਸਾਲ,ਪਤਾ ਨਹੀਂ ਕਿਸਦੇ ਦਿਮਾਗ ਦੀ ਕਾਢ ਹੈ।ਆਮ ਹੀ ਬਾਲ ਵਿਆਹ ਕਰਨ ਦੀਆਂ ਖਬਰਾਂ ਮਿਲਦੀਆਂ ਹਨ।

ਦੂਜੇ ਪਾਸੇ ਵੱਡੀ ਗਿਣਤੀ ਵਿੱਚ ਆਸ਼ਾ ਵਰਕਰ, ਮਿਡ ਡੇਅ ਮੀਲ ਵਰਕਰ ਤੇ ਆਂਗਣਵਾੜੀ ਵਿਭਾਗ ਕੰਮ ਕਰ ਰਹੀਆਂ ਔਰਤਾਂ ਨੂੰ ਨਿਗੂਣੇ ਮਾਣ ਭੱਤੇ ਤੇ ਤਨਖਾਹਾਂ ਦਿਤੇ ਜਾ ਰਹੇ ਹਨ,ਜੋ ਆਪਣੀਆਂ ਜਥੇਬੰਦੀਆਂ ਰਾਂਹੀ ਵੱਧ ਰਹੀ ਮਹਿੰਗਾਈ ਦੇ ਹਿਸਾਬ ਨਾਲ ਬਣਦੇ ਹੱਕ ਲੈਣ ਲਈ ਜਥੇਬੰਦਕ ਲੜਾਈ ਲੜ ਰਹੀਆਂ ਹਨ। ਆਜ਼ਾਦੀ ਨੂੰ 70 ਸਾਲ ਹੋ ਚੁੱਕੇ ਹਨ ਤਾਂ ਦੇਸ਼ ਦੇ ਕੁਝ ਰਾਜਾਂ ਵਿੱਚ ਅੱਜ ਵੀ ਔਰਤਾਂ ਨੂੰ ਡਾਇਣਾਂ ਦੇ ਨਾਮ ਹੇਠ ਤਸੀਹੇ ਦਿਤੇ ਜਾਂਦੇ ਹਨ ਜਾਂ ਮਾਰਿਆ ਜਾ ਰਿਹਾ ਹੈ। ਜਦੋਂ ਤੱਕ ਔਰਤ ਆਪ ਚੇਤਨ ਰੂਪ ਵਿੱਚ ਆਪਣੇ ਬਾਰੇ ਨਹੀਂ ਸੋਚਦੀ,ਭਾਂਵੇ ਜਿੰਨੇ ਮਰਜੀ ਔਰਤ ਦਿਵਸ ਮਨਾਏ ਜਾਣ ਓਨਾ ਚਿਰ ਤਕ ਸਿਰਫ ਇਹੋ ਹੋਵੇਗਾ, ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ੳਥੇ ਦਾ ਉਥੇ।

ਅੱਠ ਮਾਰਚ 1857 ਨੂੰ ਪਹਿਲੀ ਵਾਰ ਔਰਤਾਂ ਨੇ ਆਰਥਿਕਤਾ ਦੇ ਮੁੱਦਾ ਲੈ ਕੇ ਨਿਊਯਾਰਕ ਦੀਆਂ ਮਿਲਾਂ ਵਿੱਚ ਕੱਪੜਾ ਬੁਨਣ ਵਾਲੀਆਂ ਔਰਤਾਂ ਨੇ ‘ਖਾਲੀ ਪਤੀਲਾ ਜਲੂਸ’ ਕੱਢਿਆ ਸੀ। 17-8- 1907 ਔਰਤਾਂ ਨੂੰ ਵੋਟ ਦਾ ਹੱਕ ਦੇਣ ਦੀ ਗੱਲ ਸ਼ੁਰੂ ਹੋਈ। ਔਰਤਾਂ ਨੂੰ ਉਨਾਂ ਦੇ ਹੱਕਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਤੇ 1908 ਵਿੱਚ ਹੱਕਾਂ ਦੀ ਮੰਗ ਕਰ ਰਹੀਆਂ ਉਪਰ ਹੋਏ ਤਸ਼ਦਦ ਨਾਲ ਸ਼ਹੀਦ ਹੋਈਆਂ ਔਰਤਾਂ ਦੀ ਯਾਦ ਵਿਚ ਜਰਮਨੀ ਦੀ ਔਰਤ ਕਲਾਰਾ ਜੈਕਟਿਨ ਨੇ ਹਰ ਸਾਲ ‘ਔਰਤ ਦਿਵਸ’ ਮਨਾਉਣ ਦਾ ਪ੍ਰਸਤਾਵ ਰੱਖਿਆ। ਜਿਸਨੂੰ ਸਾਰੇ ਸੰਗਠਨਾਂ ਨੇ ਪ੍ਰਵਾਨ ਕਰ ਲਿਆ। 8 ਮਾਰਚ 1910 ਨੂੰ ਡੈਨਾਮਾਰਕ ਦੇਸ ਵਿੱਚ ਔਰਤਾਂ ਦੀ ਕਾਨਫਰੰਸ ਕੀਤੀ ਗਈ। ਜਿਸ ਵਿਚ ਸ਼ੋਸਲ ਡੈਮੋਕਰੈਟਿਕ ਪਾਰਟੀ ਜਰਮਨੀ ਦੇ ਲੂਈਸ ਜੇਤਿਸ਼ ਨੇ ਹਰ ਸਾਲ ਦਿਵਸ ਮਨਾਉਣ ਦਾ ਸੁਝਾਅ ਦਿੱਤਾ।

ਰੂਸ ਵਿੱਚ 18 ਮਾਰਚ 1911,ਜਰਮਨ ਵਿੱਚ 8 ਮਾਰਚ 1914 ਨੂੰ ਔਰਤ ਦਿਵਸ 8 ਮਾਰਚ ਨੂੰ ਮਨਾਇਆ ਗਿਆ। ਯੂ ਐਨ ਉ ਨੇ 8 ਮਾਰਚ 1975 ‘ਚ ਔਰਤ ਦਿਵਸ ਮਨਾਉਣ ਦਾ ਫੈਸਲਾ ਕੀਤਾ।

ਭਾਰਤ ਵਿਚ ਔਰਤਾਂ ਨੂੰ ਬਣਦਾ ਹੱਕ ਦਿਵਾਉਣ ਲਈ 40 ਤੋਂ ਵੱਧ ਕਾਨੂੰਨ ਪਾਸ ਕੀਤੇ ਗਏ ਪਰ ਔਰਤਾਂ ਦੀ ਹਾਲਤ ਪਹਿਲਾਂ ਨਾਲੋ ਜਿਆਦਾ ਵਿਗੜਦੀ ਜਾ ਰਹੀ ਹੈ। ਦੇਸ਼ ਵਿੱਚ ਰੋਜਾਨਾ 32 ਔਰਤਾਂ ਦਾਜ ਦੀ ਬਲੀ ਤੇ 92 ਜਬਰ ਜਿਨਾਹ ਦੀਆਂ ਸ਼ਿਕਾਰ ਹੁੰਦੀਆ ਹਨ। ਪੰਜਾਬ ‘ਚ ਦੋ ਦਿਨਾਂ ਵਿਚ ਪੰਜ ਜਬਰ ਜਿਨਾਹ ਤੇ ਏਨੇ ਹੀ ਅਗਵਾ ਦੇ ਕੇਸ ਹੁੰਦੇ।12:5% ਕੇਸ ਨਬਾਲਗ ਲੜਕੀਆਂ ਦੇ ਹਨ।

- Advertisement -

ਯੂਨੀਸੇਫ ਦੀ ਰਿਪੋਰਟ ਮੁਤਾਬਿਕ ਸੰਸਾਰ ਵਿੱਚ ਹੋਣ ਵਾਲੇ ਬਾਲ ਵਿਆਹਾਂ ‘ਚੋਂ 40% ਭਾਰਤ ਵਿੱਚ ਹੁੰਦੇ ਹਨ।ਬਾਲ ਵਿਆਹ ਦਾ ਅਸਰ ਪੜਾਈ ਤੇ ਸਿੱਧਾ ਪੈਂਦਾ ਹੈ ਜਦ ਕਿ ਛੋਟੀ ਉਮਰ ਵਿੱਚ ਬਣਨ ਵਾਲੀਆਂ ਮਾਵਾਂ ਦੀ ਮੌਤ ਦੀ ਸੰਭਾਵਨਾ ਪੰਜ ਗੁਣਾ ਵੱਧ ਜਾਂਦੀ ਹੈ ਤੇ ਬੱਚੇ ਕਮਜੋਰ ਪੈਦਾ ਹੁੰਦੇ ਹਨ। ਡਾਲਰਾਂ ਦੇ ਲਾਲਚ ਵਿਚ ਬਾਹਰਲੇ ਦੇਸਾਂ ਦੇ ਬੁੱਢਿਆਂ ਨਾਲ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਹਨ।ਉਨਾਂ ਦੇ ਭਵਿੱਖ ਨੂੰ ਵੇਖ ਕੇ ਨਹੀਂ ਬਲਕਿ ਬਾਹਰ ਜਾਣ ਤੇ ਜਾਇਦਾਦ ਦੇ ਲਾਲਚਾਂ ਵਿੱਚ ਕੀਤੇ ਜਾਂਦੇ ਹਨ।ਇਕ ਗੀਤ ‘ਚ ਲੜਕੀ ਆਪਣੇ ਬਾਪ ਨੂੰ ਕਹਿੰਦੀ ਹੈ,’ਕੀ ਅੱਗ ਮੈਂ ਮੁਰਬਿਆਂ ਨੂੰ ਲਾਉਣੀ, ਬਾਪੂ ਮੁੰਡਾ ਤੇਰੇ ਹਾਣ ਦਾ। ‘ਮਰਦ ਦੀ ਗੁਲਾਮੀ ਦੇ ਜੂਲੇ ਨੂੰ ਲਾਹ ਕੇ ਅੱਜ ਦੀਆਂ ਔਰਤਾਂ ਮਰਦ ਦੇ ਬਰਾਬਰ ਹੁੰਦੀਆਂ ਹੋਈਆਂ ਉਨ੍ਹਾਂ ਨੂੰ ਪਿਛਾੜ ਕੇ ਹਰ ਖੇਤਰ ਵਿਚ ਅੱਗੇ ਵਧ ਰਹੀਆਂ ਹਨ।

ਸਕੂਲਾਂ, ਕਾਲਜਾਂ, ਨੌਕਰੀਆਂ, ਸਿਆਸਤ,ਖੇਡਾਂ ਵਿਚ ਅੱਗੇ ਜਾ ਰਹੀਆਂ ਹਨ।ਸਮਾਜ ਵਿੱਚ ਔਰਤ ਨੂੰ ਜੋ ਸਥਾਨ ਮਿਲਣਾ ਚਾਹੀਦਾ ਹੈ ਉਹ ਨਹੀ ਮਿਲਿਆ ਕਿਉਂਕਿ ਇਤਹਾਸਕਾਰਾਂ, ਧਰਮਾਂ ਤੇ ਰਾਜਿਆਂ ਨੇ ਔਰਤ ਨਾਲ ਇਨਸਾਫ ਨਹੀ ਕੀਤਾ। ਉਨ੍ਹਾਂ ਨੇ ਪਤੀ ਨੂੰ ਪ੍ਰਮੇਸ਼ਵਰ, ਔਰਤ ਨੂੰ ਪੈਰ ਦੀ ਜੁੱਤੀ ਦਾ ਦਰਜਾ ਦਿੱਤਾ। ਸੰਨਿਆਸੀ, ਜੋਗੀਆਂ ਤੇ ਵੈਰਾਗੀਆਂ ਨੇ ਔਰਤ ਨੂੰ ਮਾਇਆ, ਨਾਗਣੀ ਛੱਲਣੀ ਕਹਿ ਕੇ ਦੁਰਕਾਰਿਆ। ਰਾਜਿਆਂ ਨੇ ਕਈ ਕਈ ਰਾਣੀਆਂ ਤੇ ਦਾਸੀਆਂ ਰਖੀਆਂ। ਸਵਾਮੀ ਤੁਲਸੀ ਦਾਸ ਦੇ ਸ਼ਬਦਾਂ ‘ਚ “ਢੋਲ, ਗਵਾਰ, ਸ਼ੂਦਰ, ਪਸ਼ੂ, ਨਾਰੀ-ਸਭ ਤਾੜਨ ਦੇ ਅਧਿਕਾਰੀ। “ਬਾਈਬਲ “ਜਾਹ ਰਹਿੰਦੀ ਦੁਨੀਆ ਤਕ ਬੱਚੇ ਜੰਮਣ ਦੀ ਪੀੜ ਜਰ ਤੇ ਮਰਦ ਦੀ ਅਧੀਨਗੀ ਵੀ ਸਹਿ।” ਯਹੂਦੀ “ਲੱਖ ਸ਼ੁਕਰ ਹੈ ਤੂੰ ਸਾਨੂੰ ਔਰਤ ਦੀ ਜੂਨੇ ਨਹੀਂ ਪਾਇਆ।” ਇਸਲਾਮ ਵਿਚ 4-4 ਪਤਨੀਆਂ ਰੱਖਣੀਆਂ ਤੇ ਉਨ੍ਹਾਂ ਨੂੰ ਬੁਰਕੇ ਦੇ ਅੰਦਰ ਰੱਖਿਆ ਜਾਂਦਾ।

“ਕਿਸਾਕਾਰ ਵਾਰਿਸ ਸ਼ਾਹ “ਰੰਨ, ਤਲਵਾਰ, ਫਕੀਰ, ਘੋੜਾ-ਚਾਰੋ ਥੋਕ ਨਾ ਕਿਸੇ ਦੇ ਯਾਰ ਮੀਆਂ।”, ਕਾਦਰਯਾਰ “ਮੱਖੀ,ਮੱਛੀ,ਇਸਤਰੀ-ਤਿੰਨੇ ਜਾਤ ਕੁਜਾਤ”, ਪੀਲੂ “ਭੱਠ ਰੰਨਾਂ ਦੀ ਦੋਸਤੀ-ਖੁਰੀ ਜਿਨ੍ਹਾਂ ਦੀ ਮਤ।”, ਔਰਤ ਨੂੰ ਮਾਣ ਦਿੰਦਿਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ, “ਸੋ ਕਿਉਂ ਮੰਦਾ ਆਖੀਏ–।” ਭਰੂਣ ਹੱਤਿਆ ਨੂੰ ਰੋਕਣ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਸਿੱਖਾਂ ਦੇ ਨਾਮ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਪਰ ਇਸਦਾ ਅਸਰ ਵੇਖਣ ਨੂੰ ਨਹੀਂ ਮਿਲਿਆ।
ਦੇਸ ਦੇ 161 ਜਿਲਿਆਂ ਵਿਚ “ਬੇਟੀ ਬਚਾਓ,ਬੇਟੀ ਪੜਾਓ” ਮੁਹਿੰਮ ਅਧੀਨ ਹੋਏ ਲਿੰਗ ਅਨੁਪਾਤ ਦੇ ਸੁਧਾਰ ਕਾਰਨ ਜਿਲਾ ਤਰਨ ਤਾਰਨ ਦੇਸ ਦੇ ਪਹਿਲੇ 10 ਜਿਲਿਆਂ ਵਿਚ ਆਉਣ ‘ਤੇ ਪ੍ਰਧਾਨ ਮੰਤਰੀ ਵਲੋਂ ਡਿਪਟੀ ਕਮਿਸ਼ਨਰ ਨੂੰ ਵੀ ਸਨਮਾਨਿਤ ਕੀਤਾ ਜਾ ਗਿਆ ਸੀ।

Share this Article
Leave a comment